ਮੋਗਾ, (ਗੋਪੀ ਰਾਊਕੇ)- ਆਮ ਆਦਮੀ ਪਾਰਟੀ ਜ਼ਿਲਾ ਮੋਗਾ ਦੇ ਅਹੁਦੇਦਾਰਾਂ ਨੇ ਪ੍ਰਧਾਨ ਨਸੀਬ ਬਾਵਾ ਐਡਵੋਕੇਟ ਰਾਹੀਂ ਡਿਪਟੀ ਕਮਿਸ਼ਨਰ ਮੋਗਾ ਨੂੰ ਇਕ ਮੰਗ-ਪੱਤਰ ਦਿੱਤਾ ਕਿ ਨੈਸ਼ਨਲ ਹਾਈਵੇ-95 ਮਈ 2012 ਵਿਚ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਜੋ ਕਿ ਸਤੰਬਰ, 2014 ਤੱਕ ਮੁਕੰਮਲ ਹੋਣਾ ਸੀ ਪਰ ਸਰਕਾਰੇ ਦੁਆਰੇ ਪਹੁੰਚ ਹੋਣ ਕਾਰਨ ਕੰਪਨੀ ਨੇ ਇਸ ਸਡ਼ਕ ’ਤੇ ਬਹੁਤ ਮਾਡ਼ਾ ਮਟੀਰੀਅਲ ਤਾਂ ਲਾਇਆ ਹੀ ਪਰ ਅੱਜ ਤੱਕ ਕੰਮ ਵੀ ਮੁਕੰਮਲ ਨਹੀਂ ਕੀਤਾ, ਜਿਸ ਕਰ ਕੇ ਇਸ ਹਾਈਵੇ ਦੀਆਂ ਸਰਵਿਸ ਰੋਡਜ਼ ਖਰਾਬ ਹੋ ਚੁੱਕੀਆਂ ਹਨ, ਜਿਥੋਂ ਵ੍ਹੀਕਲ ਤਾਂ ਕੀ ਲੋਕ ਪੈਦਲ ਵੀ ਨਹੀਂ ਲੰਘ ਸਕਦੇ। ਇਹ ਰੋਡ ਕਿਲਰ ਰੋਡ ਬਣ ਕੇ ਰਹਿ ਗਈ ਹੈ ਅਤੇ ਪਿਛਲੇ 6 ਸਾਲਾਂ ਦੌਰਾਨ ਕਰੀਬ 800 ਲੋਕ ਹਾਦਸਿਆਂ ਦਾ ਸ਼ਿਕਾਰ ਹੋ ਗਏ ਹਨ ਅਤੇ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ ਅਤੇ ਬਹੁਗਿਣਤੀ ਵਿਚ ਲੋਕ ਜ਼ਖਮੀ ਹੋ ਗਏ ਹਨ। ਲੱਖਾਂ ਦੀ ਗਿਣਤੀ ਵਿਚ ਦਰੱਖਤ ਪੁੱਟੇ ਜਾ ਚੁੱਕੇ ਹਨ ਤੇ ਮੁਡ਼ ਬੂਟੇ ਲਾਏ ਨਹੀਂ ਗਏ। ਰੋਡ ’ਤੇ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਬੱਸਾਂ ਅਤੇ ਟਰੱਕਾਂ ਲਈ ਸਟੈਂਡ ਤੇ ਲੋਕਾਂ ਦੀ ਸਹੂਲਤ ਲਈ ਪਖਾਨੇ ਨਹੀਂ ਬਣਾਏ ਗਏ। ਸਡ਼ਕਾਂ ’ਤੇ ਲੋਕਾਂ ਦੀ ਸਹੂਲਤ ਲਈ ਸਾਈਨ ਬੋਰਡ ਨਹੀਂ ਲਾਏ ਗਏ। ਐਡਵੋਕੇਟ ਬਾਵਾ ਨੇ ਮੰਗ-ਪੱਤਰ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਜੂਨ 2017 ਵਿਚ ਸਥਾਈ ਲੋਕ ਅਦਾਲਤ ਵਿਚ ਐੱਸ. ਐੱਲ. ਕੰਪਨੀ ਦੇ ਚੇਅਰਮੈਨ ਸੁਭਾਸ਼ ਚੰਦਰਾ ਨੂੰ ਕੰਮ ਵਿਚ ਤੇਜ਼ੀ ਲਿਆਉਣ ਅਤੇ ਤੈਅ ਸਮੇਂ ’ਤੇ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀ ਸੀ ਅਤੇ ਕੰਪਨੀ ਦੇ ਚੇਅਰਮੈਨ ਨੇ ਕੰਮ ਦੀ ਧੀਮੀ ਗਤੀ ਨੂੰ ਵੇਖਦਿਆਂ ਮੁਆਫੀ ਵੀ ਮੰਗੀ ਸੀ। ਇਹ ਕੰਮ 31 ਦਸੰਬਰ ਤੱਕ ਮੁਕੰਮਲ ਕਰਨ ਲਈ ਕੰਪਨੀ ਨੂੰ ਹਦਾਇਤ ਕੀਤੀ ਸੀ ਪਰ ਇਸ ਕੰਪਨੀ ਨੇ ਅੱਜ ਤੱਕ ਇਹ ਕੰਮ ਮੁਕੰਮਲ ਨਹੀਂ ਕੀਤਾ ਹੈ। ਆਮ ਆਦਮੀ ਪਾਰਟੀ ਨੇ ਇਹ ਮੰਗ ਕੀਤੀ ਹੈ ਕਿ ਮਾਡ਼ਾ ਮਟੀਰੀਅਲ ਵਰਤਣ ਤੇ ਕੰਮ ਵਿਚ ਦੇਰੀ ਦੀ ਜਾਂਚ ਕੀਤੀ ਜਾਵੇ ਅਤੇ ਕੰਪਨੀ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵਦੀਪ ਸਿੰਘ ਸੰਘਾ ਹਲਕਾ ਇੰਚਾਰਜ, ਨਰੇਸ਼ ਚਾਹਲ, ਅਮਨ ਰੱਖਡ਼ਾ, ਮੈਡਮ ਊਸ਼ਾ, ਅਨਿਲ ਸ਼ਰਮਾ, ਜ਼ਿਲਾ ਯੂਥ ਪ੍ਰਧਾਨ ਗੈਰੀ ਆਦਿ ਹਾਜ਼ਰ ਸਨ।
ਫਾਈਨਾਂਸ ਕੰਪਨੀ ’ਚ ਵਿਆਜ ਦੇਣ ਦਾ ਝਾਂਸਾ ਦੇ ਕੇ ਠੱਗੇ 1 ਲੱਖ
NEXT STORY