ਭਵਾਨੀਗੜ੍ਹ (ਕਾਂਸਲ) : ਨਦਾਮਪੁਰ ਤੋਂ ਕਾਦਰਾਬਾਦ ਨੂੰ ਜਾਂਦੀ ਸੜਕ 'ਤੇ ਰਸਤੇ ਵਿਚ ਪੈਂਦੇ ਬਿਨਾਂ ਰੇਲਿੰਗ ਅਤੇ ਤੰਗ ਪੁਲ ਵਾਲੇ ਨਿਕਾਸੀ ਨਾਲੇ ਨੇੜੇ ਸੜਕ ਦੇ ਅਧੁਰੇ ਪਏ ਨਿਰਮਾਣ ਕਾਰਜਾਂ ਕਾਰਨ 2 ਦਿਨਾਂ ਵਿਚ 2 ਮੋਟਰਸਾਇਕਲਾਂ ਦੇ ਨਾਲੇ ਵਿਚ ਡਿੱਗਣ ਕਾਰਨ ਵਾਪਰੇ ਹਾਦਸੇ ਵਿਚ ਦੋਵਾਂ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਾਮਚਾਰ ਪ੍ਰਾਪਤ ਹੋਇਆ ਹੈ।
ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੈਕ ਪੋਸਟ ਕਾਲਾਝਾੜ ਦੇ ਇੰਚਾਰਜ ਸਬ-ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਗੁਰਸੇਵਕ ਸਿੰਘ ਵਾਸੀ ਪਿੰਡ ਬੌੜਾਂ ਕਲਾਂ ਬੀਤੀ ਦੇਰ ਸ਼ਾਮ ਜਦੋਂ ਆਪਣੇ ਮੋਟਰਸਾਇਕਲ ਰਾਹੀਂ ਮੇਲੇ ਤੋਂ ਵਾਪਸ ਪਰਤ ਰਿਹਾ ਸੀ ਤਾਂ ਨਦਾਮਪੁਰ ਅਤੇ ਕਾਦਰਾਬਾਦ ਦੇ ਵਿਚਕਾਰ ਸੜਕ 'ਤੇ ਸਥਿਤ ਇਕ ਬਿਨਾਂ ਰੇਲਿੰਗ ਅਤੇ ਤੰਗ ਪੁਲ ਵਾਲੇ ਨਿਕਾਸੀ ਨਾਲੇ 'ਤੇ ਉਸ ਦਾ ਮੋਟਰਸਾਇਕਲ ਬੇਕਾਬੂ ਹੋ ਕੇ ਨਾਲੇ ਵਿਚ ਜਾ ਡਿੱਗਿਆ। ਮੌਕੇ ਤੋਂ ਲੰਘ ਰਹੇ ਰਾਹਗੀਰਾਂ ਨੇ ਇਸ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਪਰ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਉਸ ਨੇ ਦਮ ਤੋੜ ਦਿੱਤਾ। ਇਸੇ ਤਰ੍ਹਾਂ ਇਕ ਦਿਨ ਪਹਿਲਾਂ ਇਕ ਹੋਰ ਨੌਜਵਾਨ ਮੋਟਰਸਾਇਕਲ ਚਾਲਕ ਸੋਹਣ ਲਾਲ ਵਾਸੀ ਪਿੰਡ ਲਲੋਛੀ ਦੀ ਵੀ ਇਥੇ ਤੰਗ ਸੜਕ ਅਤੇ ਸੜਕ ਦੇ ਅਧੁਰੇ ਪਏ ਨਿਰਮਾਣ ਕਾਰਜਾਂ ਕਾਰਨ ਮੋਟਰਸਾਇਕਲ ਸਮੇਤ ਨਾਲੇ ਵਿਚ ਡਿੱਗਣ ਕਾਰਨ ਮੌਤ ਹੋ ਗਈ ਸੀ। ਇਨ੍ਹਾਂ ਘਟਨਾਵਾਂ ਨੂੰ ਲੈ ਕੇ ਪੂਰੇ ਇਲਾਕੇ ਵਿਚ ਜਿਥੇ ਸੋਗ ਦੀ ਲਹਿਰ ਪਾਈ ਗਈ, ਉਥੇ ਹੀ ਆਮ ਲੋਕਾਂ ਵਿਚ ਸਰਕਾਰ ਅਤੇ ਪ੍ਰਸਾਸ਼ਨ ਪ੍ਰਤੀ ਗੁਸੇ ਦੀ ਲਹਿਰ ਵੀ ਪਾਈ ਗਈ।
ਮ੍ਰਿਤਕ ਗੁਰਸੇਵਕ ਸਿੰਘ ਦੇ ਮਾਮਾ ਗੁਰਵਿੰਦਰ ਸਿੰਘ ਮੱਟਰਾਂ ਸਮੇਤ ਇਲਾਕੇ ਦੇ ਹੋਰ ਲੋਕਾਂ ਨੇ ਸਰਕਾਰ ਅਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਸੜਕ ਦੇ ਅਧੁਰੇ ਪਏ ਨਿਰਮਾਣ ਕਾਰਜਾਂ ਨੂੰ ਤੁਰੰਤ ਨੇਪਰੇ ਚੜਾਇਆ ਜਾਵੇ ਅਤੇ ਇਸ ਨਿਕਾਸੀ ਨਾਲੇ ਦੇ ਬਿਨਾਂ ਰੇਲਿੰਗ ਵਾਲੇ ਤੰਗ ਪੁਲ ਨੂੰ ਜਲਦ ਠੀਕ ਕਰਵਾਕੇ ਪੁਲ ਨੂੰ ਚੋੜਾ ਕਰਨ ਦੇ ਨਾਲ-ਨਾਲ ਇਸ ਦੀਆਂ ਦੋਵੇ ਸਾਇਡਾਂ ਉਪਰ ਰੇਲਿੰਗ ਲਗਾਈ ਜਾਵੇ। ਇਸ ਸੰਬੰਧੀ ਪੁਲਸ ਚੈਕ ਪੋਸਟ ਕਾਲਾਝਾੜ ਦੇ ਇੰਚਾਰਜ ਨਿਰਮਲ ਸਿੰਘ ਨੇ ਕਿਹਾ ਕਿ ਉਨ੍ਹਾਂ ਨਮਾਦਿਆਂ ਦੇ ਮੇਲੇ ਨੂੰ ਮੁੱਖ ਰਖਦੇ ਹੋਏ ਇਸ ਪੁਲ ਦੀਆਂ ਦੋਵੇ ਸਾਇਡਾਂ 'ਤੇ ਪਿੰਡ ਵਾਸੀਆਂ ਦੀ ਮਦਦ ਨਾਲ ਮਿੱਟੀ ਦੇ ਥੈਲੇ ਭਰ ਕੇ ਰਖਵਾਏ ਗਏ ਸਨ ਤਾਂ ਜੋ ਇਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਪੁਲ ਦਾ ਪਤਾ ਲੱਗ ਸਕੇ। ਇਸ ਸੰਬੰਧੀ ਪੀ.ਡਬਲਯੂ.ਡੀ. ਵਿਭਾਗ ਦੇ ਐਸ.ਡੀ.ਓ. ਅਜੇ ਕੁਮਾਰ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਨਿਧਾਰਤ ਮਿਤੀ ਅਨੁਸਾਰ ਉਕਤ ਸੜਕ ਦੇ ਨਿਰਮਾਣ ਕਾਰਜਾਂ ਨੂੰ ਮਿਤੀ 9 ਮਈ 2019 ਤੱਕ ਪੂਰਾ ਕਰਨਾ ਸੀ ਪਰ ਫੰਡਾਂ ਦੀ ਘਾਟ ਕਾਰਨ ਇਹ ਕੰਮ ਰੁਕਿਆ ਹੋਇਆ ਹੈ।
ਫਿਰੋਜ਼ਪੁਰ ਦੀ ਕੇਂਦਰੀ ਜੇਲ 'ਚ ਬੰਦ ਕੈਦੀਆਂ ਤੋਂ ਮਿਲੇ 3 ਮੋਬਾਈਲ ਫੋਨ ਤੇ ਸਿਮਾਂ
NEXT STORY