ਜਲਾਲਾਬਾਦ, (ਸੇਤੀਆ)– ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਸੂਬੇ ਅੰਦਰ ਭਾਵੇਂ ਹਰ ਦਾਅ ਸੋਚ ਸਮਝ ਕੇ ਖੇਡ ਰਿਹਾ ਹੈ ਪਰ ਸਿਆਸੀ ਚੋਣ ਮੁਕਾਬਲਿਆਂ ਵਿਚ ਪੱਛਡ਼ ਰਹੇ ਸ਼੍ਰੋਮਣੀ ਅਕਾਲੀ ਦਲ ਲਈ ਇਸ ਵਾਰ ਹਰ ਰਾਹ ਮੁਸ਼ਕਿਲ ਜਾਪ ਰਹੀ ਹੈ, ਜਿਸ ਦੀ ਤਾਜ਼ਾ ਮਿਸਾਲ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਵੀ ਲਾਈ ਜਾ ਸਕਦੀ ਹੈ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਚੋਣ ਮੈਦਾਨ ਵਿਚ ਉਤਰਨ ਦੀ ਪੂਰੀ ਸੰਭਾਵਨਾ ਹੈ। ਸ਼ਾਇਦ ਇਕ ਦੋ ਦਿਨਾਂ ਤੱਕ ਟਿਕਟਾਂ ਦਾ ਐਲਾਨ ਵੀ ਹੋ ਜਾਵੇਗਾ। ਪਰ ਇਸ ਤੋਂ ਪਹਿਲਾਂ ਚੋਣ ਮੈਦਾਨ ਵਿਚ ਜੇਕਰ ਮੁਕਾਬਲਾ ਸ਼ੇਰ ਸਿੰਘ ਘੁਬਾਇਆ ਨਾਲ ਹੁੰਦਾ ਹੈ ਤਾਂ ਆਪਣੇ ਪਿੱਛੇ ਬਿਰਾਦਰੀ ਦਾ ਵੋਟ ਬੈਂਕ ਲੈ ਕੇ ਚੱਲਣ ਵਾਲੇ ਸ਼ੇਰ ਸਿੰਘ ਘੁਬਾਇਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਿਚਕਾਰ ਮੁਕਾਬਲਾ ਕਾਫੀ ਦਿਲਚਸਪ ਹੋਵੇਗਾ।
ਇਥੇ ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਵੀ ਇਸ ਵਾਰ ਇਕ ਇਕ ਸੀਟ ’ਤੇ ਮੰਥਨ ਕਰ ਰਹੀ ਹੈ ਅਤੇ ਲੋਕਾਂ ਵਿਚ ਇਸ ਗੱਲ ਦੀ ਚਰਚਾ ਵੀ ਹੈ ਕਿ ਕਿਧਰੇ ਟਿਕਟਾਂ ਵਿਚ ਹੋ ਰਹੀ ਦੇਰੀ ਫ੍ਰੈਂਡਲੀ ਮੈਚ ਦੀ ਤਿਆਰੀ ਤਾਂ ਨਹੀਂ ਪਰ ਇਹ ਤਾਂ ਕਾਂਗਰਸ ਪਾਰਟੀ ਵਲੋਂ ਐਲਾਨ ਕੀਤੀ ਜਾਣ ਵਾਲੀ ਟਿਕਟ ਤੋਂ ਹੀ ਲੱਗ ਜਾਵੇਗਾ ਕਿ ਆਖਿਰਕਾਰ ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਗਡ਼੍ਹ ਮੰਨੀ ਜਾਣ ਵਾਲੀ ਫਿਰੋਜ਼ਪੁਰ ਦੀ ਸੀਟ ’ਤੇ ਅਕਾਲੀ ਦਲ ’ਚ ਹੀ ਗਏ ਸ਼ੇਰ ਨੂੰ ਉਤਾਰਦੀ ਹੈ ਜਾਂ ਫਿਰ ਕਾਂਗਰਸ ਪਾਰਟੀ ਕਿਸੇ ਹੋਰ ਨੂੰ ਮੌਕਾ ਦੇਵੇਗੀ। ਉਧਰ ਸ਼੍ਰੋਮਣੀ ਅਕਾਲੀ ਦਲ ਹਰ ਹਾਲਤ ਵਿਚ ਇਸ ਸੀਟ ਨੂੰ ਜਿੱਤਣਾ ਚਾਹੁੰਦਾ ਹੈ ਅਤੇ ਰਾਜਨੀਤੀ ਵਿਚ ਸਭ ਕੁੱਝ ਜਾਇਜ਼ ਹੁੰਦਾ ਹੈ। ਜੇਕਰ ਸੁਖਬੀਰ ਸਿੰਘ ਬਾਦਲ ਚੋਣ ਮੈਦਾਨ ਵਿਚ ਉਤਰਦੇ ਹਨ ਤਾਂ ਕਿਧਰੇ ਨਾ ਕਿਧਰੇ ਰਾਏ ਸਿੱਖ ਬਿਰਾਦਰੀ ਵੀ ਸੋਚਣ ਲਈ ਮਜਬੂਰ ਹੋ ਜਾਵੇਗੀ। ਪਰ ਇਹ ਗੱਲ ਵੀ ਤੈਅ ਹੈ ਕਿ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ ਵਿਧਾਇਕ ਹਨ ਜਦਕਿ ਬਾਰਡਰ ਪੱਟੀ ਦੇ ਲੋਕ ਹੋਰ ਵੀ ਵਿਧਾਨ ਸਭਾ ਹਲਕਿਆਂ ਵਿਚ ਆਉਂਦੇ ਹਨ। ਇਸ ਤੋਂ ਇਲਾਵਾ ਜਲਾਲਾਬਾਦ ਵਿਧਾਨ ਸਭਾ ਹਲਕਾ ਦੀ ਵਾਗਡੋਰ ਬਤੌਰ ਇੰਚਾਰਜ ਸ਼ਿਅਦ ਵਲੋਂ ਸਤਿੰਦਰਜੀਤ ਸਿੰਘ ਮੰਟਾ ਨੂੰ ਸੌਂਪੀ ਹੋਈ ਹੈ ਪਰ ਮੌਜੂਦਾ ਹਾਲਾਤ ਵਿਚ ਕੁੱਝ ਟਕਸਾਲੀ ਅਕਾਲੀ ਸਮਰਥਕ ਸਤਿੰਦਰਜੀਤ ਸਿੰਘ ਮੰਟਾ ਤੋਂ ਨਾਰਾਜ਼ ਹਨ ਅਤੇ ਉਨ੍ਹਾਂ ਨੇ ਮੀਡੀਆ ਰਾਹੀਂ ਆਪਣੀ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਹੈ। ਇਸੇ ਤਰ੍ਹਾਂ ਕਈ ਹੋਰ ਪਾਰਟੀ ਵਰਕਰ ਹਨ, ਜੋ ਸਤਿੰਦਰਜੀਤ ਸਿੰਘ ਮੰਟਾ ਤੋਂ ਅੰਦਰਖਾਤੇ ਨਾਰਾਜ਼ ਹਨ ਪਰ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੇ ਹਨ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਵਲੋਂ 2009 ਵਿਚ ਜ਼ਿਮਨੀ ਚੋਣ ਕਰੀਬ 82500 ਵੋਟਾਂ ਨਾਲ ਜਿੱਤੀ ਗਈ ਸੀ ਅਤੇ ਇਸ ਤੋਂ ਬਾਅਦ 2012 ਵਿਚ ਇਹ ਲੀਡ 50000 ਰਹਿ ਗਈ ਅਤੇ ਇਸ ਤੋ ਬਾਅਦ ਹੁਣ ਦੋ ਸਾਲ ਪਹਿਲਾਂ 2017 ਦੀਆਂ ਚੋਣਾਂ ਵਿਚ ਇਹ ਲੀਡ ਹੋਰ ਵੀ ਘਟ ਕੇ 18500 ਰਹਿ ਗਈ। ਅਜਿਹੇ ਹਾਲਾਤ ਵਿਚ ਸੁਖਬੀਰ ਸਿੰਘ ਬਾਦਲ ਲਈ ਲੋਕ ਸਭਾ ਦੀ ਰਾਹ ਸੌਖੀ ਨਹੀਂ ਹੋਵੇਗੀ ਪਰ ਜੇਕਰ ਆਮ ਕਾਂਗਰਸੀ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਸ਼ੇਰ ਸਿੰਘ ਘੁਬਾਇਆ ਆਪਣੀ ਬਿਰਾਦਰੀ ਦੇ ਨਾਲ-ਨਾਲ ਦੂਜੀਆਂ ਬਿਰਾਦਰੀਆਂ ਦਾ ਵੀ ਸਮਰਥਨ ਲੈ ਕੇ ਚੱਲਦੇ ਹਨ ਕਿਉਂਕਿ ਕਈ ਵਿਧਾਨ ਸਭਾ ਹਲਕਿਆਂ ਅੰਦਰ ਕਾਂਗਰਸ ਦੇ ਆਗੂ ਪਾਰਟੀ ਜਿੱਤ ਲਈ ਖਡ਼੍ਹੇ ਹਨ। ਅਜਿਹੀ ਹਾਲਤ ਵਿਚ ਬਾਦਲ ਪਰਿਵਾਰ ਲਈ ਪਹਿਲੀ ਚੁਣੌਤੀ ਤਾਂ ਫਿਰੋਜ਼ਪੁਰ ਲੋਕ ਸਭਾ ਸੀਟ ਨੂੰ ਜਿੱਤਣ ਦੀ ਹੋਵੇਗੀ ਅਤੇ ਦੂਜੇ ਪਾਸੇ ਜੇਕਰ ਸ਼ਿਅਦ ਸੀਟ ਜਿੱਤ ਵੀ ਲੈਂਦੀ ਹੈ ਤਾਂ ਦੂਜੀ ਵੱਡੀ ਚੁਣੌਤੀ ਜਲਾਲਾਬਾਦ ਵਿਧਾਨ ਸਭਾ ਦੇ ਵਾਰਿਸ ਦੀ ਹੋਵੇਗੀ ਕਿਉਂਕਿ ਅਕਾਲੀ ਦਲ ਕੋਲ ਅਜੇ ਪ੍ਰਭਾਵਸ਼ਾਲੀ ਚਿਹਰਾ ਨਹੀ ਹੈ, ਜੋ ਜਲਾਲਾਬਾਦ ਦੀ ਵਾਗਡੋਰ ਨੂੰ ਸੰਭਾਲ ਸਕੇ।
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਠੁਕਰਾਲ ਨੇ ਦਿੱਤਾ ਅਸਤੀਫਾ
NEXT STORY