ਖੰਨਾ,(ਸੁਨੀਲ)— ਪੁਲਸ ਜ਼ਿਲਾ ਖੰਨਾ ਦੇ ਐੱਸ. ਐੱਸ. ਪੀ. ਧਰੁਵ ਦਹੀਆ ਦੇ ਨਿਰਦੇਸ਼ਾਂ 'ਤੇ ਦੀਵਾਲੀ ਮੌਕੇ ਜੂਆ ਖੇਡਣ ਵਾਲਿਆਂ ਖਿਲਾਫ ਸ਼ਿਕੰਜਾ ਕੱਸਦੇ ਹੋਏ ਪੁਲਸ ਨੇ ਤਿੰਨ ਥਾਵਾਂ 'ਤੇ ਰੇਡ ਕਰ ਕੇ 16 ਜੁਆਰੀਆਂ ਨੂੰ ਗ਼੍ਰਿਫਤਾਰ ਕੀਤਾ। ਪੁਲਸ ਨੇ 1,49,300 ਰੁਪਏ ਬਰਾਮਦ ਕਰ ਕੇ ਕਥਿਤ ਦੋਸ਼ੀਆਂ ਖਿਲਾਫ ਜੀ-ਐਕਟ ਦੀ ਧਾਰਾ 13-3-67 ਦੇ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਟੀ ਐੱਸ. ਐੱਚ. ਓ. ਇੰਸਪੈਕਟਰ ਰਜਨੀਸ਼ ਸੂਦ ਨੇ ਦੱਸਿਆ ਕਿ ਐੱਸ. ਐੱਸ. ਪੀ. ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਵੱਖ-ਵੱਖ ਥਾਵਾਂ 'ਤੇ ਰੇਡ ਕਰ ਕੇ ਵੱਡੀ ਮਾਤਰਾ 'ਚ ਨਕਦੀ ਬਰਾਮਦ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ
ਪੁਲਸ ਪਾਰਟੀ ਨੇ ਇਕ ਮੁਖ਼ਬਰ ਦੀ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਪਹਿਲੀ ਰੇਡ ਦੇ ਦੌਰਾਨ ਜੋ ਕਿ ਪ੍ਰੇਮ ਨਗਰ ਦੀ ਗਲੀ ਨੰ. 2 ਵਿਚ ਕੀਤੀ ਗਈ, ਵਿਚ ਜੂਆ ਖੇਡਣ ਦੇ ਇਲਜ਼ਾਮ 'ਚ ਅਸ਼ੋਕ ਕੁਮਾਰ, ਜਤਿੰਦਰ ਕੁਮਾਰ, ਪਰਵੀਨ ਕੁਮਾਰ, ਵਿਨੋਦ ਕੁਮਾਰ ਅਤੇ ਸਤਪਾਲ ਨਿਵਾਸੀ ਖੰਨਾ ਨੂੰ ਕਥਿਤ ਦੋਸ਼ੀ ਅਸ਼ੋਕ ਕੁਮਾਰ ਘਰ 'ਚ ਜੂਆ ਖੇਡਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਇਨ੍ਹਾਂ ਦੇ ਕੋਲੋਂ ਪੁਲਸ ਨੂੰ ਤਾਸ਼ ਦੇ ਪੱਤਿਆਂ ਦੇ ਨਾਲ-ਨਾਲ ਨਕਦੀ ਦੇ ਰੂਪ ਵਿਚ 84,000 ਰੁਪਏ ਬਰਾਮਦ ਹੋਏ।
ਇਸ ਦੌਰਾਨ ਦੂਜੀ ਰੇਡ 'ਚ ਪੁਲਸ ਨੇ ਅੱਠ ਵਿਅਕਤੀਆਂ ਨੂੰ ਮੁਖ਼ਬਰ ਦੀ ਸੂਚਨਾ ਦੇ ਆਧਾਰ 'ਤੇ ਕਾਬੂ ਕਰਦੇ ਹੋਏ ਉਨ੍ਹਾਂ ਤੋਂ ਨਕਦੀ ਬਰਾਮਦ ਕਰ ਕੇ ਉਨ੍ਹਾਂ ਖਿਲਾਫ ਵੀ ਮਾਮਲਾ ਦਰਜ ਕਰ ਲਿਆ। ਪੁਲਸ ਨੂੰ ਮੁਖ਼ਬਰ ਨੇ ਸੂਚਨਾ ਦਿੰਦੇ ਹੋਏ ਦੱਸਿਆ ਕਿ ਕਥਿਤ ਦੋਸ਼ੀ ਸਥਾਨਕ ਖਟੀਕਾਂ ਵਾਲਾ ਮੁਹੱਲੇ 'ਚ ਪੈਪਸੀ ਏਜੰਸੀ ਦੇ ਕੋਲ ਸ਼ਰੇਆਮ ਜੂਆ ਖੇਡ ਰਹੇ ਹਨ ਜੇਕਰ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਪੁਲਸ ਨੇ ਤੁਰੰਤ ਰੇਡ ਕਰਦੇ ਹੋਏ ਜੂਆ ਖੇਡਣ ਦੇ ਇਲਜ਼ਾਮ ਵਿਚ ਅਜੈ ਕੁਮਾਰ, ਅਨਿਲ ਕੁਮਾਰ, ਸੰਨੀ, ਸੰਤੋਸ਼ ਕੁਮਾਰ, ਸੋਨੂ, ਵਿਜੇ ਕੁਮਾਰ, ਸੁਭਾਸ਼ ਚੋਪੜਾ ਅਤੇ ਵਿਜੇ ਕੁਮਾਰ ਨੂੰ ਗ਼੍ਰਿਫਤਾਰ ਕਰਨ ਦੇ ਨਾਲ ਉਨ੍ਹਾਂ ਦੇ ਕਬਜ਼ੇ 'ਚੋਂ 64,100 ਰੁਪਏ ਵੀ ਬਰਾਮਦ ਕੀਤੇ।
ਇਸੇ ਤਰ੍ਹਾਂ ਥਾਣੇਦਾਰ ਸਰਜੰਗਦੀਪ ਨੂੰ ਵੀ ਖਾਸ ਮੁਖ਼ਬਰ ਨੇ ਸੂਚਨਾ ਦਿੰਦੇ ਹੋਏ ਦੱਸਿਆ ਕਿ ਕਥਿਤ ਦੋਸ਼ੀ ਸਿਕੰਦਰ ਸਿੰਘ ਉਰਫ ਬਬਲੂ ਪੁੱਤਰ ਵਿਨੋਦ ਕੁਮਾਰ ਨਿਵਾਸੀ ਮਹਿੰਦਰਪਾਲ ਜੱਸਲ ਵਾਲੀ ਗਲੀ ਪੀਰਖਾਨਾ ਰੋਡ ਖੰਨਾ, ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਬਲਬੀਰ ਸਿੰਘ ਨਿਵਾਸੀ ਮਹਿੰਦਰਪਾਲ ਜੱਸਲ ਪੀਰਖਾਨਾ ਰੋਡ ਖੰਨਾ ਟੈਂਕੀ ਨੰ. 2 ਦੇ ਕੋਲ ਸ਼ਰੇਆਮ ਜੂਆ ਖੇਡ ਰਹੇ ਹਨ ਜੇਕਰ ਤੁਰੰਤ ਰੇਡ ਕੀਤੀ ਜਾਵੇ ਤਾਂ ਕਥਿਤ ਦੋਸ਼ੀਆਂ ਨੂੰ ਗ਼੍ਰਿਫਤਾਰ ਕੀਤਾ ਜਾ ਸਕਦਾ ਹੈ। ਪੁਲਸ ਨੇ ਤੁਰੰਤ ਰੇਡ ਕਰਦੇ ਹੋਏ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਉਪਰੰਤ ਉਨ੍ਹਾਂ ਕੋਲੋਂ ਨਕਦੀ ਦੇ ਰੂਪ 'ਚ 1200 ਰੁਪਏ ਬਰਾਮਦ ਕਰ ਕੇ ਬਾਅਦ 'ਚ ਸਾਰੇ ਕਥਿਤ ਦੋਸ਼ੀਆਂ ਨੂੰ ਜ਼ਮਾਨਤ 'ਤੇ ਰਿਹਾ ਕਰ ਦਿੱਤਾ।
ਨੌਸਰਬਾਜ਼ ਪੈਟਰੋਲ ਦੀਆਂ ਕੈਨੀਆਂ ਭਰਵਾ ਕੇ ਫੁਰਰ...
NEXT STORY