ਤਲਵੰਡੀ ਸਾਬੋ (ਮਨੀਸ਼): ਪੰਜਾਬ ਦੇ ਮਾਲਵੇ ਇਲਾਕੇ ਵਿੱਚ ਜਿੱਥੇ ਗੁਲਾਬੀ ਸੁੰਡੀ ਕਰਕੇ ਕਿਸਾਨਾਂ ਦੀ ਨਰਮੇ ਦੀ ਫ਼ਸਲ ਤਬਾਹ ਕਰ ਦਿੱਤੀ ਹੈ, ਉੱਥੇ ਹੀ ਇਲਾਕੇ ਵਿੱਚ ਤੇਜ਼ ਮੀਂਹ ਨੇ ਕਿਸਾਨਾਂ ਲਈ ਹੋਰ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ।ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਦੋ ਪਿੰਡਾਂ ’ਚ ਰਜਬਾਹੇ ’ਚ ਵੱਡਾ ਪਾੜ ਪੈਣ ਨਾਲ ਕਿਸਾਨਾਂ ਦੀਆਂ ਪੱਕੀਆਂ ਫਸਲਾਂ ਨਰਮੇ ਅਤੇ ਝੋਨੇ ਖ਼ਰਾਬ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਪਾਣੀ ਦਾ ਵਹਾਅ ਇੰਨਾਂ ਤੇਜ਼ ਹੈ ਕਿ ਫਸਲਾਂ ਵਿੱਚ ਪਾਣੀ ਵਧਦਾ ਜਾ ਰਿਹਾ ਹੈ।ਜਿਥੇ ਕਿਸਾਨ ਨੇ ਪਾੜ ਅਤੇ ਫਸਲਾਂ ਦੇ ਨੁਕਸਾਨ ਦਾ ਜਿੰਮੇਵਾਰ ਨਹਿਰੀ ਵਿਭਾਗ ਨੂੰ ਦੱਸਿਆ ਹੈ, ਉੱਥੇ ਸਰਕਾਰ ਤੋਂ ਹੋਏ ਫ਼ਸਲ ਦੇ ਨੁਕਸਾਨ ਲਈ ਮੁਆਵਜੇ ਦੀ ਮੰਗ ਕਰ ਰਹੇ ਹਨ।
ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਪਾੜ ਵੱਡਾ ਹੋਣ ਨਾਲ ਕਰੀਬ 100 ਤੋਂ 150 ਏਕੜ ਨਰਮੇ ਅਤੇ ਝੋਨੇ ਦੀ ਫਸਲ ’ਚ ਫੈਲ ਗਿਆ।ਪਾਣੀ ਭਰਨ ਦੇ ਨਾਲ ਜਿੱਥੇ ਨਰਮੇ ਦੀ ਝੋਨੇ ਦੀ ਫਸਲ ਖ਼ਰਾਬ ਹੋਣ ਦਾ ਖਤਰਾ ਮੰਡਰਾ ਰਿਹਾ ਹੈ।ਰਾਤ ਦੇ ਪਾੜ ਪੈਣ ਦਾ ਪਤਾ ਲੱਗਣ ਤੋਂ ਬਾਅਦ ਵੀ ਨਹਿਰੀ ਵਿਭਾਗ ਦਾ ਕੋਈ ਵੀ ਅਧਿਕਾਰੀ ਕਿਸਾਨਾਂ ਦੀ ਸਾਰ ਲੈਣ ਨਹੀਂ ਪੁੱਜਾ ਸਗੋਂ ਪਾੜ ਬੰਦ ਕਰਨ ਲਈ ਉਪਰਾਲਾ ਕਰਨਾ ਤਾਂ ਦੂਰ ਦੀ ਗੱਲ ਹੈ।ਅਜਿਹਾ ਹੀ ਹਾਲ ਪਿੰਡ ਜੋਗੇਵਾਲਾ ਦੇ ਕਿਸਾਨਾਂ ਦਾ ਵੀ ਹੈ।ਕਿਸਾਨਾਂ ਨੇ ਦੱਸਿਆ ਕਿ ਨਹਿਰੀ ਵਿਭਾਗ ਵੱਲੋਂ ਸਫ਼ਾਈ ਦਾ ਬੁਰਾ ਹਾਲ ਹੋਣ ਕਰਕੇ ਇਹ ਪਾੜ ਪਿਆ ਹੈ। ਕਿਸਾਨਾਂ ਨੇ ਸਰਕਾਰ ਤੋਂ ਫ਼ਸਲਾ ਦੇ ਹੋ ਰਹੇ ਨੁਕਸਾਨ ਲਈ ਮੁਆਵਜੇ ਦੀ ਮੰਗ ਕੀਤੀ ਹੈ।ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਗੁਲਾਬੀ ਸੁੰਡੀ ਕਰਕੇ ਉਨ੍ਹਾਂ ਦਾ ਨਰਮਾ ਖ਼ਰਾਬ ਹੋ ਗਿਆ। ਹੁਣ ਰਹਿੰਦਾ ਝੋਨਾ ਤੇ ਹੋਰ ਫਸਲਾਂ ਇਸ ਪਾਣੀ ਨਾਲ ਖ਼ਰਾਬ ਹੋ ਰਹੀਆਂ ਹਨ।ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਟੇਲ ਤੇ ਹੋਣ ਕਰਕੇ ਪਾਣੀ ਦੀ ਜ਼ਰੂਰਤ ਸਮੇ ਪਾਣੀ ਮਿਲਦਾ ਨਹੀ ਤੇ ਹੁਣ ਮੀਂਹ ਹੋਣ ਦੀ ਸੂਰਤ ਵਿੱਚ ਜ਼ਿਆਦਾ ਪਾਣੀ ਸਾਡੇ ਰਜਬਾਹੇ ਵਿੱਚ ਛੱਡ ਦਿੱਤਾ ਜਾਂਦਾ ਹੈ।
ਉਧਰ ਦੂਜੇ ਪਾਸੇ ਪਾਣੀ ਦਾ ਵਹਾਅ ਇੰਨਾਂ ਤੇਜ਼ ਹੋਣ ਕਰਕੇ ਪਾੜ ਵੱਧਦਾ ਜਾ ਰਿਹਾ ਹੈ ਤੇ ਪਾਣੀ ਵੀ ਦੂਰ ਤੱਕ ਕਿਸਾਨਾਂ ਦੇ ਖੇਤਾ ਵਿੱਚ ਪੁੱਜ ਰਿਹਾ ਹੈ,ਪਿਛਲੇ ਸਾਲ ਵੀ ਇਸੇ ਪਿੰਡ ਵਿੱਚ ਰਜਬਾਹੇ ਵਿੱਚ ਪਾੜ ਪੈਣ ਨਾਲ ਕਈ ਕਿਸਾਨਾਂ ਦੀਆਂ ਨਰਮੇ ਦੀਆਂ ਫਸਲਾਂ ਖ਼ਰਾਬ ਹੋ ਗਈਆਂ ਸਨ ਤੇ ਹੁਣ ਪਾਣੀ ਦਾ ਤੇ਼ ਵਹਾਅ ਦੇਖ ਕੇ ਉਨ੍ਹਾਂ ਦੇ ਮਨ ਵਿੱਚ ਵੀ ਡਰ ਬਣਿਆ ਹੋਇਆ ਹੈ। ਕਿਸਾਨ ਨੇ ਦੱਸਿਆ ਕਿ ਉਸ ਦੇ ਖੇਤ ਨੇੜੇ ਰਜਬਾਹਾ ਪਿਛਲੇ ਸਾਲ ਟੁੱਟਣ ਕਰਕੇ ਕੱਚੇ ਤੇ ਰਾਤ ਸਮੇਂ ਉਸ ਨੂੰ ਰਜਬਾਹਾ ਟੁੱਟਣ ਦਾ ਡਰ ਸਤਾਉਂਦਾ ਰਹਿੰਦਾ ਹੈ ਤੇ ਕਈ ਵਾਰ ਤਾਂ ਥੋੜੀ ਜਿਹੀ ਬਾਰਿਸ਼ ਆਉਣ ’ਤੇ ਹੀ ਉਹ ਖੇਤ ਨੂੰ ਦੇਖਣ ਲਈ ਭੱਜ ਜਾਂਦਾ ਹੈ। ਉਨ੍ਹਾਂ ਸਰਕਾਰ ਤੋਂ ਰਜਬਾਹਾ ਪੱਕਾ ਕਰਨ ਦੀ ਮੰਗ ਕੀਤੀ ਹੈ।ਪਹਿਲਾਂ ਤੋਂ ਹੀ ਕੁਦਰਤੀ ਮਾਰ ਕਰਕੇ ਕੱਖੋ ਹੋਲੇ ਹੋਏ ਕਿਸਾਨਾਂ ਤੇ ਇੱਕ ਵਾਰ ਫ਼ਿਰ ਮੁਸ਼ਕਲ ਖੜ੍ਹੀ ਹੋ ਗਈ ਹੈ। ਲੋੜ ਹੈ ਤਾਂ ਸਰਕਾਰਾਂ ਨੂੰ ਇਨ੍ਹਾਂ ਦੀ ਮੁਸ਼ਕਲ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਤਾਂ ਜੋ ਪੰਜਾਬ ਦਾ ਅੰਨਦਾਤਾ ਆਪਣੇ ਪੈਰਾ ’ਤੇ ਖੜਾ ਹੋ ਸਕੇ।
27 ਸਤੰਬਰ ਦੇ ਬੰਦ ਨੂੰ ਲੈ ਕੇ ਭਾਕਿਯੂ (ਉਗਰਾਹਾਂ) ਨੇ ਕੱਢੀ ਮੋਟਰਸਾਇਕਲ ਜਾਗਰੂਕਤਾ ਰੈਲੀ
NEXT STORY