ਲੁਧਿਆਣਾ (ਤਰੁਣ) : ਥਾਣਾ ਦਰੇਸੀ ਦੇ ਇਲਾਕੇ ਸ਼ਿਵਪੁਰੀ ਵਿਚ ਇੱਕ ਵਿਅਕਤੀ ਨੇ ਆਪਣੇ ਸਾਲੇ ਸਮੇਤ ਸਹੁਰੇ ਧਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਬਰਦਸਤੀ ਪਤਨੀ ਨੂੰ ਲਿਜਾਣ ਦਾ ਦੋਸ਼ ਲਗਾਇਆ ਹੈ। ਪੀੜਤ ਮੁਹੰਮਦ ਯੂਨਸ ਨੇ ਦੱਸਿਆ ਕਿ ਉਹ ਸੰਤੋਖ ਨਗਰ, ਸ਼ਿਵਪੁਰੀ ਇਲਾਕੇ ਵਿਚ ਰਹਿੰਦਾ ਹੈ। ਕਰੀਬ 4 ਦਿਨ ਪਹਿਲਾਂ ਜਦੋਂ ਉਸ ਦੀ ਮਾਂ ਅਤੇ ਪਤਨੀ ਘਰ ਵਿਚ ਮੌਜੂਦ ਸਨ, ਤਾਂ ਉਸ ਦਾ ਸਾਲਾ ਵਾਰਿਸ ਅਤੇ ਸਾਲੇਹਾਰ ਗੁਲਿਸਤਾ ਜ਼ਬਰਦਸਤੀ ਘਰ ਵਿਚ ਦਾਖਲ ਹੋ ਗਏ।
ਪੀੜਤ ਦਾ ਦੋਸ਼ ਹੈ ਕਿ ਦੋਵੇਂ ਉਸ ਦੀ ਪਤਨੀ ਹੀਨਾ ਨੂੰ ਜ਼ਬਰਦਸਤੀ ਆਪਣੇ ਨਾਲ ਲਿਜਾਣ ਲੱਗੇ। ਜਦੋਂ ਉਸ ਦੀ ਮਾਂ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਆਪਣੇ ਹੋਰ ਲੋਕਾਂ ਨੂੰ ਮੌਕੇ ’ਤੇ ਬੁਲਾ ਲਿਆ। ਮੁਲਜ਼ਮਾਂ ਨੇ ਮਾਂ ਸਮੇਤ ਉਸ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਪੀੜਤ ਨੇ ਦੱਸਿਆ ਕਿ ਹੀਨਾ ਨਾਲ ਉਸ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੋਇਆ ਸੀ ਪਰ ਸਹੁਰਾ ਧਿਰ ਦੀਆਂ ਗੱਲਾਂ ਵਿਚ ਆ ਕੇ ਉਸ ਦੀ ਪਤਨੀ ਕਈ ਵਾਰ ਪੇਕੇ ਜਾਣ ਲੱਗਦੀ ਸੀ। ਦੋਵਾਂ ਧਿਰਾਂ ਦੇ ਜ਼ਿੰਮੇਵਾਰ ਲੋਕਾਂ ਦੀ ਗੱਲਬਾਤ ਤੈਅ ਹੋਈ ਸੀ ਕਿ ਇਕ-ਦੂਜੇ ਦੇ ਮਾਮਲਿਆਂ ’ਚ ਦਖਲਅੰਦਾਜ਼ੀ ਨਹੀਂ ਕੀਤੀ ਜਾਵੇਗੀ ਪਰ ਸਹੁਰਾ ਧਿਰ ਰੋਜ਼ਾਨਾ ਉਨ੍ਹਾਂ ਦੇ ਪਰਿਵਾਰ ’ਚ ਦਖਲਅੰਦਾਜ਼ੀ ਕਰ ਕੇ ਲੜਾਈ-ਝਗੜਾ ਕਰਵਾ ਰਹੀ ਸੀ।
4 ਦਿਨ ਪਹਿਲਾਂ ਵੀ ਨਸ਼ੇ ਦੀ ਹਾਲਤ ਵਿਚ ਉਸ ਦਾ ਸਾਲਾ ਆਇਆ ਅਤੇ ਜ਼ੋਰ-ਜ਼ੋਰ ਨਾਲ ਧਮਕਾਉਣ ਲੱਗਾ। ਵਿਰੋਧ ਕਰਨ ’ਤੇ ਉਸ ਨੇ ਤੇਜ਼ਧਾਰ ਹਥਿਆਰ ਨਾਲ ਮਾਂ ’ਤੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਇਸ ਵਾਰਦਾਤ ਵਿਚ ਸਹੁਰੇ ਧਿਰ ਦੇ ਕੁੱਲ 9 ਲੋਕ ਸ਼ਾਮਲ ਹਨ। ਮੁਲਜ਼ਮ ਉਸ ਦੀ ਪਤਨੀ ਨੂੰ ਜ਼ਬਰਦਸਤੀ ਨਾਲ ਲੈ ਗਏ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਹੰਮਦ ਯੂਨਸ ਦੇ ਬਿਆਨਾਂ ’ਤੇ ਵਾਰਿਸ ਸ਼ਾਹ, ਰਾਸ਼ਿਦ ਸ਼ਾਹ, ਦਿਲਸ਼ਾਦ, ਅਹਿਮਦ, ਸ਼ਬੀਨਾ, ਬਬਲੀ, ਗੁਲਿਸਤਾ, ਰੁਬੀਨਾ ਅਤੇ ਇਖਲਾਕ ਸ਼ਾਹ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਅਸੀਂ ਆਪਣੀ ਜ਼ਿੰਦਗੀ ਤੋਂ ਦੁਖੀ ਹੋ ਕੇ ਇਹ ਕਦਮ ਚੱਕ ਰਹੇ ਹਾਂ, 'ਬੱਚਿਓ ਸਾਨੂੰ ਮਾਫ ਕਰ ਦਿਓ...'
NEXT STORY