ਲੁਧਿਆਣਾ, (ਰਿਸ਼ੀ)- ਸੁਰਖੀਆਂ ’ਚ ਰਹਿਣ ਵਾਲਾ ਥਾਣਾ ਦੁੱਗਰੀ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਵਾਰ ਚੋਰੀ ਦੇ ਮਾਮਲੇ ਨੂੰ ਹੱਲ ਕਰਨਾ ਤਾਂ ਦੂਰ ਵਿਅਕਤੀ ਨੂੰ ਚੋਰੀ ਦੀ ਐੱਫ. ਆਈ. ਆਰ. ਦਰਜ ਕਰਵਾਉਣ ਲਈ ਹੀ ਪੁਲਸ ਸਟੇਸ਼ਨ ਦੇ 20 ਚੱਕਰ ਕੱਟਣੇ ਪਏ ਅਤੇ ਅੰਤ ਵਿਚ ਪੁਲਸ ਨੇ 7 ਦਿਨ ਲੰਘਣ ਤੋਂ ਬਾਅਦ ਐੱਫ. ਆਈ. ਆਰ. ਦਰਜ ਕੀਤੀ। ਪੁਲਸ ਦਾ ਚੋਰੀ ਦੇ ਇਸ ਮਾਮਲੇ ਨੂੰ ਹੱਲ ਕਰਨ ਦੇ ਪਿੱਛੇ ਦੀ ਦਿਲਚਸਪੀ ਕੇਸ ਦਰਜ ਕਰਨ ’ਚ ਲੱਗੇ ਸਮੇਂ ਤੋਂ ਲਾਈ ਜਾ ਸਕਦੀ ਹੈ। ਜਾਣਕਾਰੀ ਦਿੰਦਿਅਾਂ ਨਰਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਧਾਂਦਰਾ ਰੋਡ ’ਤੇ ਸੈਨੇਟਰੀ ਸਪੇਅਰ ਪਾਰਟਸ ਦੀ ਦੁਕਾਨ ਹੈ ਅਤੇ ਨਵੀਂ ਕੋਠੀ ਬਣ ਰਹੀ ਹੈ, ਜਿਸ ਕਾਰਨ ਉਹ ਅਰਬਨ ਅਸਟੇਟ ਦੁੱਗਰੀ ਵਿਚ ਆਪਣੇ ਦੋਸਤ ਦੇ ਘਰ ਕੁਝ ਸਮੇਂ ਲਈ ਰਹਿ ਰਿਹਾ ਹੈ। ਘਰ ਦੇ ਗਰਾਊਂਡ ਫਲੌਰ ’ਤੇ ਬੁਟੀਕ ਹੈ ਅਤੇ ਪਹਿਲੀ ਮੰਜ਼ਿਲ ’ਤੇ ਉਹ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ। 5 ਜਨਵਰੀ ਸ਼ਾਮ ਲਗਭਗ 8 ਵਜੇ ਆਪਣੇ ਪਰਿਵਾਰ ਦੇ ਨਾਲ ਰਿਸ਼ਤੇਦਾਰਾਂ ਕੋਲ ਦਿੱਲੀ ਗਿਆ ਸੀ। 6 ਜਨਵਰੀ ਸਵੇਰੇ 10.30 ਵਜੇ ਦੋਸਤ ਚੰਚਲ ਸਿੰਘ ਨੇ ਫੋਨ ਕਰ ਕੇ ਚੋਰੀ ਹੋਣ ਬਾਰੇ ਸੂਚਨਾ ਦਿੱਤੀ। ਵਾਪਸ ਆ ਕੇ ਦੇਖਿਆ ਤਾਂ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਅਲਮਾਰੀਆਂ ਦੇ ਲਾਕ ਟੁੱਟੇ ਹੋਏ ਸਨ। ਚੋਰ ਘਰ ਦੀ ਖਿਡ਼ਕੀ ਅਤੇ ਗਰਿੱਲ ਤੋਡ਼ ਕੇ ਦਾਖਲ ਹੋਏ ਅਤੇ 20 ਤੋਲਾ ਸੋਨੇ ਦੇ ਗਹਿਣੇ, 75 ਹਜ਼ਾਰ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ’ਤੇ ਹੱਥ ਸਾਫ ਕਰ ਕੇ ਚਲੇ ਗਏ। ਮਾਲਕ ਅਨੁਸਾਰ ਚੋਰਾਂ ਵਲੋਂ ਖਿਡ਼ਕੀ ਖੋਲ੍ਹਣ ਲਈ ਵਰਤਿਆ ਗਿਆ ਪੇਚਕਸ ਵੀ ਬਰਾਮਦ ਹੋਇਆ ਸੀ, ਜਿਸ ਨੂੰ ਪੁਲਸ ਆਪਣੇ ਨਾਲ ਲੈ ਗਈ। ਚੋਰੀ ਦਾ ਕੇਸ ਦਰਜ ਕਰਵਾਉਣ ਤੇ ਮੁਲਜ਼ਮਾਂ ਨੂੰ ਫਡ਼ਨ ਲਈ ਥਾਣਾ ਪੁਲਸ ਦੀਆਂ ਕਈ ਵਾਰ ਜਾ ਕੇ ਮਿੰਨਤਾਂ ਕੀਤੀਆਂ ਪਰ ਉਸਦੀ ਇਕ ਨਾ ਸੁਣੀ ਗਈ। ਅੰਤ ਵਿਚ ਖਾਨਾਪੂਰਤੀ ਦੇ ਨਾਂ ’ਤੇ ਐੱਫ. ਆਈ. ਆਰ. ਦਰਜ ਕਰ ਦਿੱਤੀ ਗਈ।
ਚੋਰ ਕੈਮਰੇ ’ਚ ਹੋਏ ਕੈਦ, ਫੁਟੇਜ ਦੇ ਕੇ ਫੋਟੋਆਂ ਬਣਵਾਉਣ ਨੂੰ ਕਿਹਾ
ਮਾਲਕ ਅਨੁਸਾਰ ਮੁਹੱਲੇ ’ਚ ਲੱਗੇ ਕੈਮਰੇ ’ਚ ਚੋਰ ਕੈਦ ਹੋ ਗਏ। ਫੁਟੇਜ ’ਚ ਦਿਖਾਈ ਦੇ ਰਿਹਾ ਹੈ ਕਿ ਰਾਤ 1.57 ਵਜੇ 2 ਚੋਰ ਉਨ੍ਹਾਂ ਦੀ ਗਲੀ ’ਚ ਆਉਂਦੇ ਹਨ ਅਤੇ 3.07 ਵਜੇ ਵਾਪਸ ਪਿਛਲੀ ਗਲੀ ਵੱਲ ਜਾਂਦੇ ਹਨ। ਪੁਲਸ ਨੇ ਫੁਟੇਜ ਕਬਜ਼ੇ ਵਿਚ ਲੈ ਕੇ ਉਨ੍ਹਾਂ ਚੋਰਾਂ ਦੀਆਂ ਫੋਟੋਆਂ ਬਣਵਾਉਣ ਨੂੰ ਕਿਹਾ। ਉਨ੍ਹਾਂ ਨੇ ਖੁਦ ਫੁਟੇਜ ਤੋਂ ਫੋਟੋਆਂ ਬਣਵਾ ਕੇ ਪੁਲਸ ਨੂੰ ਦਿੱਤੀਆਂ ਪਰ ਫਿਰ ਵੀ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਨਾਜਾਇਜ਼ ਸ਼ਰਾਬ ਸਮੇਤ 2 ਗ੍ਰਿਫਤਾਰ, 15 ਪੇਟੀਆਂ ਬਰਾਮਦ
NEXT STORY