ਪਟਿਆਲਾ/ਬਨੂਡ਼,(ਰਾਜੇਸ਼, ਗੁਰਪਾਲ)- ਪਿਛਲੇ ਕਈ ਦਿਨਾਂ ਤੋਂ ਨਗਰ ਕੌਂਸਲ ਬਨੂਡ਼ ਦੀ 50 ਕਰੋਡ਼ੀ ਜ਼ਮੀਨ ਨੂੰ ਲੈ ਕੇ ਚੱਲ ਰਹੇ ਰੇਡ਼ਕੇ ਵਿਚ ਉਸ ਸਮੇਂ ਨਵਾਂ ਮੋਡ਼ ਆ ਗਿਆ ਜਦੋਂ ਹਲਕੇ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਖੁਦ ਨਗਰ ਕੌਂਸਲ ਦੇ ਅਫਸਰਾਂ ਅਤੇ ਕੌਂਸਲਰਾਂ ਨੂੰ ਨਾਲ ਲੈ ਕੇ ਇਸ ਜ਼ਮੀਨ ’ਤੇ ਨਗਰ ਕੌਂਸਲ ਦੀ ਜਾਇਦਾਦ ਹੋਣ ਦਾ ਬੋਰਡ ਲਵਾ ਦਿੱਤਾ। ਵਿਧਾਇਕ ਕੰਬੋਜ ਨਾਲ ਉਨ੍ਹਾਂ ਸ਼ਹਿਰ ਦੀਆਂ ਪੰਜ ਹੋਰ ਥਾਵਾਂ ਜਿਨ੍ਹਾਂ ਵਿਚ ਵੱਖ-ਵੱਖ ਵਾਰਡਾਂ ’ਚ ਪੈਂਦੇ 2 ਪੁਰਾਣੇ ਛੱਪੜ, ਟਰੱਕ ਯੂਨੀਅਨ ਦੀ ਨਜ਼ਦੀਕੀ ਥਾਂ ਤੇ ਪੰਜਾਬ ਹੋਟਲ ਦੇ ਸਾਹਮਣੇ ਪਈ ਥਾਂ ਸ਼ਾਮਲ ਹੈ, ’ਚ ਵੀ ਸਬੰਧਤ ਥਾਵਾਂ ਨੂੰ ਨਗਰ ਕੌਂਸਲ ਦੀ ਜਾਇਦਾਦ ਦਰਸਾਉਣ ਅਤੇ ਕਬਜ਼ਾ ਕਰਨ ਵਾਲਿਆਂ ਤੇ ਕਾਨੂੰਨੀ ਕਾਰਵਾਈ ਕਰਨ ਵਾਲੇ ਬੋਰਡ ਲਵਾ ਦਿੱਤੇ। ਇਸ ਮੌਕੇ ਹਲਕਾ ਵਿਧਾਇਕ ਨਾਲ ਕੌਂਸਲ ਦੇ ਕਾਰਜ-ਸਾਧਕ ਅਫ਼ਸਰ ਗੁਰਦੀਪ ਸਿੰਘ ਭੋਗਲ, ਕਾਰਜਕਾਰੀ ਪ੍ਰਧਾਨ ਭਜਨ ਲਾਲ, ਜਸਵੰਤ ਸਿੰਘ ਖਟਡ਼ਾ, ਗੁਰਮੇਲ ਸਿੰਘ ਫੌਜੀ, ਜਗਤਾਰ ਸਿੰਘ ਕੰਬੋਜ, ਗਿਆਨ ਚੰਦ ਤੇ ਕੈਪਟਨ ਬੰਤ ਸਿੰਘ (ਸਾਰੇ ਕੌਂਸਲਰ) ਤੋਂ ਇਲਾਵਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਭੋਲਾ, ਲੱਖੀ ਭੰਗੂ, ਟਰੱਕ ਯੂਨੀਅਨ ਦੇ ਪ੍ਰਧਾਨ ਸੋਨੀ ਸੰਧੂ, ਅਵਤਾਰ ਸਿੰਘ ਬਬਲਾ, ਚਾਚਾ ਚਮਨ ਲਾਲ, ਜਤਿੰਦਰ ਗੋਲਡੀ ਅਤੇ ਵਪਾਰ ਮੰਡਲ ਦੇ ਪ੍ਰਧਾਨ ਜਗਦੀਸ਼ ਚੰਦ ਕਾਲਾ ਵੀ ਮੌਜੂਦ ਸਨ। ਕੰਬੋਜ ਨੇ ਸਬੰਧਤ ਥਾਂ ’ਚ ਬੋਰਡ ਲਾਉਣ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਬਸੀ ਈਸੇ ਖਾਂ ਦੀ ਅਬਾਦੀ ਦੇਹ ਵਾਲੀ 88 ਵਿੱਘੇ ਦੇ ਕਰੀਬ ਥਾਂ ਦੀ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪਹਿਲਾਂ ਰਜਿਸਟਰੀ ਕਰਵਾਈ ਗਈ। ਫਿਰ ਸਮੁੱਚੇ ਨਿਯਮਾਂ ਨੂੰ ਛਿੱਕੇ ਟੰਗ ਕੇ ਇਸ ਥਾਂ ਦਾ ਇੰਤਕਾਲ ਪ੍ਰਾਈਵੇਟ ਲੋਕਾਂ ਦੇ ਨਾਂ ’ਤੇ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਮਗਰੋਂ 50 ਕਰੋਡ਼ ਦੀ ਕੀਮਤ ਵਾਲੀ ਇਸ ਥਾਂ ਦੇ ਆਲੇ-ਦੁਆਲੇ ਕੰਡੇਦਾਰ ਤਾਰ ਲਾ ਕੇ ਕਬਜ਼ਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਸਾਰਾ ਮਾਮਲਾ ਉਨ੍ਹਾਂ ਪੰਜਾਬ ਦੇ ਮਾਲ ਮੰਤਰੀ ਸ਼੍ਰੀ ਸੁੱਖ ਸਰਕਾਰੀਆ ਦੇ ਵੀ ਧਿਆਨ ’ਚ ਲਿਆਂਦਾ ਹੈ, ਜਿਨ੍ਹਾਂ ਇਸ ਦੀ ਜਾਂਚ ਫਾਇਨਾਂਸ਼ੀਅਲ ਕਮਿਸ਼ਨਰ ਰੈਵੀਨਿਊ (ਐੱਫ. ਸੀ. ਆਰ.) ਨੂੰ ਸੌਂਪੀ ਹੈ। ਉਨ੍ਹਾਂ ਕਿਹਾ ਕਿ ਰਿਕਾਰਡ ਨਾਲ ਛੇਡ਼ਛਾਡ਼ ਕਰ ਕੇ ਕੌਂਸਲ ਦੀ ਮਲਕੀਅਤੀ ਥਾਂ ਦੀ ਰਜਿਸਟਰੀ ਅਤੇ ਇੰਤਕਾਲ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਕਬਜ਼ਾ ਕਰਨ ਵਾਲਿਆਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
ਇਸ ਥਾਂ ਦੀ ਰਜਿਸਟਰੀ ਅਤੇ ਇੰਤਕਾਲ ਨੂੰ ਰੱਦ ਕਰਵਾ ਕੇ ਸਬੰਧਤ ਥਾਂ ਕੌਂਸਲ ਦੇ ਨਾਂ ਕਰਵਾਈ ਜਾਵੇਗੀ। ਉਨ੍ਹਾਂ ਇਸ ਮੌਕੇ ਕੌਂਸਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬਨੂਡ਼ ਕੌਂਸਲ ਦੀਅਾਂ ਮਲਕੀਅਤ ਵਾਲੀਆਂ ਸਾਰੀਆਂ ਥਾਵਾਂ ਦੀ ਗਿਰਦਾਵਰੀ ਚੈੱਕ ਕੀਤੀ ਜਾਵੇ। ਆਪਣੇ ਨਾਂ ਕਰਵਾਈ ਜਾਵੇ। ਉਨ੍ਹਾਂ ਅਜਿਹੀਆਂ ਥਾਵਾਂ ਦੇ ਆਲੇ-ਦੁਆਲੇ ਕੰਡੇਦਾਰ ਤਾਰ ਲਾਉਣ ਲਈ ਐਸਟੀਮੇਟ ਤਿਆਰ ਕਰਵਾਉਣ ਦੀ ਹਦਾਇਤ ਕੀਤੀ। ਉਨ੍ਹਾਂ ਸਖ਼ਤ ਲਹਿਜੇ ’ਚ ਆਖਿਆ ਕਿ ਬਨੂਡ਼ ਸ਼ਹਿਰ ਦੀ ਇਕ ਇੰਚ ਥਾਂ ਉੱਤੇ ਵੀ ਕਿਸੇ ਨੂੰ ਨਾਜਾਇਜ਼ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਅਜਿਹਾ ਕਰਨ ਵਾਲਿਆਂ ਉੱਤੇ ਪਰਚੇ ਦਰਜ ਕਰਨ ਲਈ ਉਨ੍ਹਾਂ ਐੱਸ. ਐੱਚ. ਓ. ਬਨੂਡ਼ ਨੂੰ ਵੀ ਕਾਰਵਾਈ ਕਰਨ ਲਈ ਆਖਿਆ।
ਇਲਾਕੇ ਦੇ ਲੋਕ ਵਿਧਾਇਕ ਨਾਲ ਡਟੇ
ਬਨੂਡ਼ ਦੀ ਇਸ ਬਹੁ-ਕਰੋਡ਼ੀ ਜ਼ਮੀਨ ਦੇ ਮਾਮਲੇ ਵਿਚ ਵਿਧਾਇਕ ਕੰਬੋਜ ਵਲੋਂ ਸਮੁੱਚੀ ਕਮਾਂਡ ਆਪਣੇ ਹੱਥ ਵਿਚ ਲੈਣ ਤੋਂ ਬਾਅਦ ਇਲਾਕੇ ਦੇ ਲੋਕ ਵਿਧਾਇਕ ਕੰਬੋਜ ਨਾਲ ਡਟ ਗਏ ਹਨ। ਵਿਧਾਇਕ ਦੇ ਕਦਮ ਦੀ ਸ਼ਹਿਰ ਵਾਸੀਆਂ ਵੱਲੋਂ ਪ੍ਰਸ਼ੰਸਾ ਕੀਤੀ ਗਈ। ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਸ਼ਹਿਰ ਦੀ ਬਹੁ-ਕਰੋਡ਼ੀ ਜ਼ਮੀਨ ਉੱਤੇ ਹੋਏ ਕਬਜ਼ੇ ਨੂੰ ਛੁਡਾਉਣ ਲਈ ਸਬੰਧਤ ਥਾਵਾਂ ਉੱਤੇ ਖ਼ੁਦ ਮੌਕੇ ’ਤੇ ਜਾ ਕੇ ਬੋਰਡ ਲਾਉਣ, ਕਬਜ਼ਾ ਕਰਨ ਅਤੇ ਕਰਵਾਉਣ ਵਾਲਿਆਂ ਨੂੰ ਸਖ਼ਤ ਤਾਡ਼ਨਾ ਕਰਨ ਦਾ ਸ਼ਹਿਰ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ। ਵੱਖ-ਵੱਖ ਪਾਰਟੀਆਂ ਦੇ ਸਥਾਨਕ ਆਗੂਆਂ ਤੇ ਸ਼ਹਿਰ ਦੇ ਪਤਵੰਤਿਆਂ ਨੇ ਇਸ ਕਾਰਵਾਈ ਨੂੰ ਬਨੂਡ਼ ਲਈ ਇਤਿਹਾਸਕ ਦਸਦਿਆਂ ਹਲਕਾ ਵਿਧਾਇਕ ਦੀ ਭਰਵੀਂ ਤਾਰੀਫ਼ ਕੀਤੀ। ਉਨ੍ਹਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੂਰਨ ਸਹਿਯੋਗ ਦਾ ਭਰੋਸਾ ਵੀ ਦਿਵਾਇਆ।
ਹਰਪਾਲ ਜੁਨੇਜਾ ਦੀ ਅਗਵਾਈ ’ਚ ਸ਼ਹਿਰ ਵਾਸੀਆਂ ਨੇ ਕੱਢਿਆ ਕੈਂਡਲ ਮਾਰਚ
NEXT STORY