ਮਾਨਸਾ (ਮਿੱਤਲ) — ਪਰਮਿੰਦਰ ਸਿੰਘ ਝੋਟਾ ਕਤਲ ਕਾਂਡ ਨੂੰ ਲੈ ਕੇ ਪਿਛਲੇ ਕਰੀਬ ਸੱਤ ਦਿਨਾਂ ਤੋਂ ਮਾਨਸਾ ਵਿੱਚ ਬਣੇ ਤਣਾਅਪੂਰਨ ਮਾਹੌਲ ਦਰਮਿਆਨ ਅੱਜ ਇੱਕ ਅਹਿਮ ਪਹਿਲਕਦਮੀ ਸਾਹਮਣੇ ਆਈ। ਪੰਜਾਬ ਸਰਕਾਰ ਦੀ ਤਰਫ਼ੋਂ ਸੀਨੀਅਰ ਆਈ.ਏ.ਐੱਸ. ਅਧਿਕਾਰੀ ਅਤੇ ਮਾਨਸਾ ਦੇ ਸਾਬਕਾ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀ ਅਗਵਾਈ ਹੇਠ ਝੋਟਾ ਐਕਸ਼ਨ ਇਨਸਾਫ਼ ਕਮੇਟੀ ਤੇ ਪਰਿਵਾਰਕ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਸੁਖਾਵੇਂ ਅਤੇ ਸ਼ਾਂਤੀਪੂਰਨ ਮਾਹੌਲ ਵਿੱਚ ਹੋਈ, ਜਿਸ ਨਾਲ ਮਾਮਲੇ ਦਾ ਗੱਲਬਾਤ ਰਾਹੀਂ ਹੱਲ ਨਿਕਲਣ ਦੀ ਉਮੀਦ ਜਾਗੀ ਹੈ।
ਮੀਟਿੰਗ ਵਿੱਚ ਕਮਿਸ਼ਨਰ ਕਮਲਜੀਤ ਕੌਰ ਬਰਾੜ, ਡਿਪਟੀ ਕਮਿਸ਼ਨਰ ਨਵਜੋਤ ਕੌਰ, ਡੀ.ਆਈ.ਜੀ. ਹਰਜੀਤ ਸਿੰਘ ਬੈਂਸ ਤੇ ਐੱਸ.ਐੱਸ.ਪੀ. ਮਾਨਸਾ ਵੈਭਵ ਚੌਧਰੀ, ਏ.ਆਈ.ਜੀ ਅਵਨੀਤ ਕੋਰ ਸਿੱਧੂ, ਸਮੇਤ ਹੋਰ ਅਧਿਕਾਰੀ ਮੌਜੂਦ ਰਹੇ। ਇਸ ਦੌਰਾਨ ਇਨਸਾਫ਼ ਕਮੇਟੀ ਤੇ ਪਰਿਵਾਰ ਵੱਲੋਂ ਰੱਖੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਗਿਆ।
ਅਪਨੀਤ ਰਿਆਤ ਨੇ ਇਨਸਾਫ਼ ਕਮੇਟੀ ਵੱਲੋਂ ਸੌਂਪਿਆ ਮੰਗ ਪੱਤਰ ਸਵੀਕਾਰ ਕਰਦਿਆਂ ਇਸ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਘਟਨਾ ਬੇਹੱਦ ਦੁਖਦਾਈ ਹੈ। ਕਮੇਟੀ ਵੱਲੋਂ ਉਠਾਏ ਮੁੱਦਿਆਂ ਤੇ ਮੰਗਾਂ ਨੂੰ ਸਰਕਾਰ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਤੇ ਇਨ੍ਹਾਂ ’ਤੇ ਵਿਚਾਰ ਕਰਨ ਤੋਂ ਬਾਅਦ ਅਗਲੀ ਮੀਟਿੰਗ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਅਪਨੀਤ ਰਿਆਤ ਲੰਮਾ ਸਮਾਂ ਮਾਨਸਾ ਦੇ ਡਿਪਟੀ ਕਮਿਸ਼ਨਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਇਸ ਸਮੇਂ ਪੰਜਾਬ ਸਰਕਾਰ ਵਿਚ ਗ੍ਰਹਿ ਸਕੱਤਰ ਵਜੋਂ ਤਾਇਨਾਤ ਹਨ। ਮਾਨਸਾ ਦੇ ਪ੍ਰਸ਼ਾਸਨਿਕ ਤੇ ਸਮਾਜਿਕ ਮਾਹੌਲ ਨਾਲ ਉਨ੍ਹਾਂ ਦੀ ਜਾਣ-ਪਛਾਣ ਨੂੰ ਇਸ ਮੀਟਿੰਗ ਦੌਰਾਨ ਅਹਿਮ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੇ ਕਮੇਟੀ ਤੇ ਪਰਿਵਾਰਕ ਮੈਂਬਰਾਂ ਦੀਆਂ ਗੱਲਾਂ ਸੁਣਦਿਆਂ ਮੰਗ ਪੱਤਰ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।
ਮੀਟਿੰਗ ਵਿੱਚ ਝੋਟਾ ਐਕਸ਼ਨ ਇਨਸਾਫ਼ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਅਤੇ ਉਨ੍ਹਾਂ ਦੀ ਪਤਨੀ ਮਨਪ੍ਰੀਤ ਕੌਰ ਵੀ ਹਾਜ਼ਰ ਸਨ। ਇਸ ਮੌਕੇ ਵੱਖ-ਵੱਖ ਸਮਾਜਿਕ, ਕਿਸਾਨ ਤੇ ਸਿਆਸੀ ਜਥੇਬੰਦੀਆਂ ਨਾਲ ਸਬੰਧਤ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ।
ਹਾਜ਼ਰ ਸ਼ਖ਼ਸੀਅਤਾਂ ਵਿਚ ਰਾਜਵਿੰਦਰ ਸਿੰਘ ਰਾਣਾ, ਮਾਨਿਕ ਗੋਇਲ, ਧੰਨਾ ਮੱਲ ਗੋਇਲ, ਕਿਸਾਨ ਆਗੂ ਅਮਨਦੀਪ ਸਿੰਘ, ਗਗਨਦੀਪ ਸਿੰਘ, ਰੂਬੀ ਮਾਨਸਾ, ਜਗਮੋਹਨ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਭਾਜਪਾ ਆਗੂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਡਾ. ਜਨਕ ਰਾਜ ਸਿੰਗਲਾ, ਐਡਵੋਕੇਟ ਗੁਰਲਾਭ ਸਿੰਘ ਮਾਹਲ, ਇੰਦਰਜੀਤ ਮੁਨਸ਼ੀ, ਲੱਖਾ ਸਿਧਾਣਾ, ਕ੍ਰਿਸ਼ਨ ਚੌਹਾਨ, ਚਮਕੌਰ ਸਿੰਘ ਮੂਸਾ, ਸੁਰੇਸ਼ ਨੰਦਗੜੀਆ, ਮਨਦੀਪ ਗੋਰਾ, ਗੁਰਪ੍ਰੀਤ ਸਿਘ ਝੱਬਰ, ਡਾ. ਲਖਵਿੰਦਰ ਮੂਸਾ ਤੇ ਹਰਦੀਪ ਸਿੰਘ ਸਿੱਧੂ ਸਮੇਤ ਹੋਰ ਵਿਅਕਤੀ ਹਾਜ਼ਰ ਸਨ।
ਨਸ਼ੇ ਦੇ ਨੈੱਟਵਰਕ ਨੂੰ ਤੋੜ ਸਕਦੀ ਹੈ ਮੁੱਢੋਂ ਕੀਤੀ ਜਾਂਚ :ਦਾਨੇਵਾਲੀਆ
NEXT STORY