ਮਾਨਸਾ,(ਮਿੱਤਲ)- ਮਾਨਸਾ ਦੇ ਸੀਨੀਅਰ ਕਪਤਾਨ ਪੁਲਸ ਡਾ. ਨਰਿੰਦਰ ਭਾਰਗਵ ਨੇ ਇਲਾਕੇ ਦੀਆਂ ਕਿਸਾਨ-ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਸਮੇਤ ਹੋਰ ਸਮਾਜ ਅਤੇ ਮਨੁੱਖਤਾ ਦੀ ਭਲਾਈ ਲਈ ਵੱਖ-ਵੱਖ ਕਾਰਜਾਂ ਵਿੱਚ ਲੱਗੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਮਾਨਸਾ ਪੁਲਸ ਵੱਲੋਂ ਆਰੰਭੀ ਨਸ਼ਿਆਂ ਖਿਲਾਫ਼ ਮੁਹਿੰਮ ਵਿੱਚ ਇਮਾਨਦਾਰੀ ਅਤੇ ਦਲੇਰੀ ਨਾਲ ਸਾਥ ਦੇਣ। ਡਾ. ਭਾਰਗਵ ਦਾ ਕਹਿਣਾ ਹੈ ਕਿ ਦੁਨੀਆਂ ਦੇ ਸਾਰੇ ਸਦਾਚਾਰੀਆਂ, ਸ਼ਸ਼ਿਟਾਚਾਰੀਆਂ ਅਤੇ ਸਮਾਜ ਸ਼ਾਸਤਰੀਆਂ ਨੇ ਨਸ਼ਿਆਂ ਦੀਆਂ ਬੁਰਾਈਆਂ ਖਿਲਾਫ਼ ਖੁੱਲੀ ਲੜਾਈ ਲੜੀ ਹੈ, ਜਿਸ ਕਰਕੇ ਸਾਰੀਆਂ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਪੁਲਸ ਦੇ ਇਸ ਕਾਰਜ ਵਿੱਚ ਸਿੱਧੇ ਤੌਰ ਤੇ ਸਹਾਇਤਾ ਕਰਨ, ਤਾਂ ਜੋ ਨਵੀਂ ਪੀੜੀ ਨੂੰ ਨਵੀ ਦੁਨੀਆਂ ਦੇ ਹਾਣ ਦਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ ਜਦੋਂ ਅਸੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਮਨਾ ਰਹੇ ਹਾਂ, ਤਾਂ ਨਸ਼ਿਆਂ ਖਿਲਾਫ਼ ਜੰਗ ਵਿੱਚ ਕੁੱਦਣਾ, ਆਪਣੇ ਆਪ ਵਿੱਚ ਮਨੁੱਖਤਾ ਦੀ ਭਲਾਈ ਵਾਲਾ ਸਭ ਤੋਂ ਵੱਡਾ ਕਾਰਜ ਹੈ।
ਡਾ. ਭਾਰਗਵ ਨੇ ਕਿਹਾ ਕਿ ਪੁਲੀਸ ਵੱਲੋਂ ਵਿੱਢੀ ਇਸ ਮੁਹਿੰਮ ਦੇ ਪਹਿਲਾ ਹੀ ਚੰਗੇ ਨਤੀਜੇ ਸਾਹਮਣੇ ਆਏ ਹਨ ਅਤੇ ਇਲਾਕੇ ਦੀਆਂ ਪੰਚਾਇਤਾਂ, ਯੂਥ-ਕਲੱਬਾਂ ਅਤੇ ਸਮਾਜ ਸੁਧਾਰ ਲਹਿਰ ਲਈ ਲੱਗੀਆਂ ਅਨੇਕਾਂ ਧਿਰਾਂ ਖੁੱਲ੍ਹਕੇ ਪੁਲੀਸ ਦਾ ਬਿਨ੍ਹਾਂ ਕਿਸੇ ਭੈਅ ਤੋਂ ਸਾਥ ਦੇਣ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰ ਵਿੱਚ ਕਿਸਾਨਾਂ-ਮਜ਼ਦੂਰਾ ਸਮੇਤ ਹੋਰ ਕੰਮ ਕਰਦੀਆਂ ਯੂਨੀਅਨਾਂ ਇੱਕ ਜੁੱਟ ਹੋਕੇ ਪੁਲਸ ਨਾਲ ਜੁੜਕੇ ਨਸ਼ਿਆਂ ਖਿਲਾਫ਼ ਆਰੰਭੀ ਜੰਗ ਵਿੱਚ ਕੁੱਦ ਪੈਣ ਤਾਂ ਸੰਭਵ ਹੈ ਕਿ ਇੱਥੇ ਛੇਤੀ ਹੀ ਇੱਕ ਅਜਿਹੀ ਲਹਿਰ ਖੜੀ ਹੋ ਜਾਵੇਗੀ ਜੋ ਨਸ਼ਿਆਂ ਦੇ ਦਲਦਲ ਵਿੱਚ ਬੁਰੀ ਤਰ੍ਹਾਂ ਫਸੇ ਲੋਕਾਂ ਨੂੰ ਬਾਹਰ ਕੱਢਣ ਵਿੱਚ ਕਾਮਯਾਬ ਹੋ ਜਾਵੇਗੀ। ਉਨ੍ਹਾਂ ਮੰਨਿਆ ਕਿ ਲੋਕਾਂ ਦੇ ਸਿੱਧੇ ਸਹਿਯੋਗ ਦੇ ਸਹਾਰੇ ਹੀ ਪੁਲੀਸ ਨੇ ਅਨੇਕਾਂ ਸਮਾਜ ਵਿਰੋਧੀ ਕਾਰਵਾਈ ਉੱਤੇ ਵੱਡੀਆਂ ਜਿੱਤਾਂ ਦਰਜ ਕੀਤੀਆਂ ਹਨ ਅਤੇ ਹੁਣ ਵੀ ਨਸ਼ਿਆਂ ਕਾਰਨ ਸਮਾਜ ਵਿੱਚ ਬਣੀ ਅਫਰਾਂ-ਤਫਰੀ ਉੱਤੇ ਜਿੱਤ ਹਾਸਿਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਸਾਰੀਆਂ ਜਥੇਬੰਦੀਆਂ ਪਹਿਲਾਂ ਹੀ ਨਸ਼ਿਆਂ ਦੇ ਖਿਲਾਫ਼ ਲੱਗੀਆਂ ਹੋਈਆਂ ਹਨ, ਪਰ ਹੁਣ ਹੋਰ ਤਕੜਾ ਹੋਕੇ ਪੁਲਸ ਦਾ ਸਾਥ ਦੇਣ ਦੀ ਸਮੇਂ ਦੀ ਵੱਡੀ ਲੋੜ ਹੈ।
ਡਾ. ਭਾਰਗਵ ਨੇ ਕਿਹਾ ਕਿ ਨਸ਼ੇ ਅਕਲ ਦੇ ਦੁਸ਼ਮਣ, ਦਲੀਲ ਦੇ ਵੈਰੀ, ਨਾਗਰਿਕਤਾ ਦੀ ਮੁਸੀਬਤ ਅਤੇ ਬਦਇਖਲਾਖੀ ਦੀ ਮਾਂ ਹਨ, ਜਦੋਂ ਕਿ ਨਸ਼ਿਆਂ ਦੇ ਟੋਟੇ ਚੜਿਆ ਵਿਅਕਤੀ ਆਪਣੀ ਪਿਤਾ-ਪੁਰਖੀ ਜਾਇਦਾਦ ਡਕਾਰ ਸਕਦਾ ਹੈ, ਉਹ ਨਸ਼ਿਆਂ ਦੀ ਪੂਰਤੀ ਲਈ ਗਹਿਣੇ, ਘਰ ਵੇਚਣ ਸਮੇਤ ਹਰ ਕੋਈ ਮਾੜੇ ਤੋਂ ਮਾੜਾ ਕਾਰਜ ਕਰ ਸਕਦਾ ਹੈ ਅਤੇ ਉਸਦਾ ਕੋਈ ਸਵੈ-ਮਾਨ ਜਾਂ ਅਸੂਲ ਨਹੀ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਵਿੱਚ ਸਾਥ ਦੇਣ ਵਾਲੀਆਂ ਜਥੇਬੰਦੀਆਂ ਦਾ ਪੂਰਨ ਸਵਾਗਤ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਹਰ ਸੁਝਾਅ ਤੇ ਦਲੀਲ ਨੂੰ ਬੜੀ ਗੌਰ ਨਾਲ ਵਾਚਕੇ ਤੁਰੰਤ ਲਾਗੂ ਕਰਨ ਦਾ ਠੋਸ ਉਪਰਾਲਾ ਕੀਤਾ ਜਾਵੇਗਾ।
ਵਿਜੀਲੈਂਸ ਬਿਊਰੋ ਵਲੋਂ ਰਿਸ਼ਵਤ ਲੈਂਦੀ ਇੰਸਪੈਕਟਰ ਰੰਗੇਂ ਹੱਥੀਂ ਕਾਬੂ
NEXT STORY