ਇਕ ਪਾਸੇ ਸਰਕਾਰ ਨਸ਼ਿਆਂ ਅਤੇ ਸੋਨੇ ਦੀ ਸਮੱਗਲਿੰਗ ਰੋਕਣ ਲਈ ਮੁਹਿੰਮ ਚਲਾ ਰਹੀ ਹੈ ਤਾਂ ਦੂਜੇ ਪਾਸੇ ਸਮਾਜ ਵਿਰੋਧੀ ਅਨਸਰ ਇਨ੍ਹਾਂ ਦੀ ਸਮੱਗਲਿੰਗ ਲਈ ਸਖ਼ਤ ਸੁਰੱਖਿਆ ਵਾਲੇ ਜਹਾਜ਼ਾਂ ਦੀ ਵਰਤੋਂ ਕਰਨ ਲੱਗੇ ਹਨ, ਜਿਨ੍ਹਾਂ ਦੀਆਂ ਸਿਰਫ਼ ਪਿਛਲੇ 12 ਦਿਨਾਂ ਦੇ ਦੌਰਾਨ ਸਾਹਮਣੇ ਆਈਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
*7 ਫਰਵਰੀ, 2026 ਨੂੰ ‘ਚੇਨਈ’ ਹਵਾਈ ਅੱਡੇ ਦੀ ‘ਏਅਰ ਇੰਟੈਲੀਜੈਂਸ ਯੂਨਿਟ’ ਨੇ ‘ਚੇਨਈ ਕੌਮਾਂਤਰੀ ਹਵਾਈ ਅੱਡੇ’ ’ਤੇ ਥਾਈਲੈਂਡ ਤੋਂ 2 ਵੱਖ-ਵੱਖ ਜਹਾਜ਼ਾਂ ਰਾਹੀਂ ਆਏ ਕੇਰਲ ਦੇ ਰਹਿਣ ਵਾਲੇ 6 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 23 ਕਰੋੜ ਰੁਪਏ ਮੁੱਲ ਦਾ 23 ਕਿੱਲੋ ‘ਹਾਈ ਗ੍ਰੇਡ ਹਾਈਡਰੋਪੋਨਿਕ ਵੀਡ (ਗਾਂਜਾ)’ ਬਰਾਮਦ ਕੀਤਾ। (ਇਹ ਆਮ ਗਾਂਜੇ ਨਾਲੋਂ ਵੱਧ ਨਸ਼ੀਲੀ ਅਤੇ ਤਾਕਤਵਰ ਕਿਸਮ ਹੈ ਜੋ ਮਿੱਟੀ ਰਹਿਤ ਪੋਸ਼ਕ ਤੱਤਾਂ ਨਾਲ ਭਰਪੂਰ ਪਾਣੀ ਦੇ ਘੋਲ ’ਚ ਉਗਾਈ ਜਾਂਦੀ ਹੈ।)
* 8 ਫਰਵਰੀ, 2026 ਨੂੰ ‘ਸੂਰਤ’ (ਗੁਜਰਾਤ) ਕੌਮਾਂਤਰੀ ਹਵਾਈ ਅੱਡੇ ’ਤੇ ਅਧਿਕਾਰੀਆਂ ਨੇ 4 ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ 6 ਕਰੋੜ ਰੁਪਏ ਮੁੱਲ ਦਾ ‘ਹਾਈਡਰੋਪੋਨਿਕ ਵੀਡ’ ਬਰਾਮਦ ਕੀਤਾ।
* 9 ਫਰਵਰੀ, 2026 ਨੂੰ ‘ਸੂਰਤ’ (ਗੁਜਰਾਤ) ਕੌਮਾਂਤਰੀ ਹਵਾਈ ਅੱਡੇ ’ਤੇ ਅਧਿਕਾਰੀਆਂ ਨੇ ‘ਬੈਂਕਾਕ’ ਤੋਂ ਆਏ ਇਕ ਯਾਤਰੀ ਤੋਂ 3.75 ਕਰੋੜ ਰੁਪਏ ਮੁੱਲ ਦਾ ‘ਹਾਈਡਰੋਪੋਨਿਕ ਗਾਂਜਾ’ ਬਰਾਮਦ ਕੀਤਾ।
* 11 ਫਰਵਰੀ, 2026 ਨੂੰ ‘ਅਹਿਮਦਾਬਾਦ’ (ਗੁਜਰਾਤ) ਦੇ ‘ਸਰਦਾਰ ਵੱਲਭ ਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ’ ’ਤੇ ਕਸਟਮ ਅਧਿਕਾਰੀਆਂ ਨੇ ਇਕ ਯਾਤਰੀ ਨੂੰ ਹਿਰਾਸਤ ’ਚ ਲੈ ਕੇ ਉਸ ਤੋਂ ਲੱਗਭਗ 6.8 ਕਰੋੜ ਰੁਪਏ ਮੁੱਲ ਦੀ 6.8 ਕਿੱਲੋ ਹੈਰੋਇਨ ਬਰਾਮਦ ਕੀਤੀ ਜੋ ਉਸ ਨੇ ‘ਹਰਬਲ ਸਾਬਣ’ ਦੇ ਡੱਬਿਆਂ ’ਚ ਲੁਕਾਈ ਹੋਈ ਸੀ।
*14 ਫਰਵਰੀ, 2026 ਨੂੰ ‘ਅੰਮ੍ਰਿਤਸਰ’ ਹਵਾਈ ਅੱਡੇ ’ਤੇ ‘ਬੈਂਕਾਕ’ ਤੋਂ ਆਏ ਇਕ ਯਾਤਰੀ ਦੇ ਬੈਗ ਦੀ ਸਕ੍ਰੀਨਿੰਗ ਦੇ ਦੌਰਾਨ ਉਸ ’ਚ ਲੁਕਾ ਕੇ ਰੱਖਿਆ ਗਿਆ 1.640 ਕਿੱਲੋ ਗਾਂਜਾ ਪਾਏ ਜਾਣ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
*18 ਫਰਵਰੀ, 2026 ਨੂੰ ‘ਬੈਂਗਲੁਰੂ’ (ਕਰਨਾਟਕ) ਦੇ ‘ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ’ ’ਤੇ ‘ਨਾਰਕੋਟਿਕਸ ਕੰਟਰੋਲ ਬਿਊਰੋ’ (ਐੱਨ. ਸੀ. ਬੀ.) ਦੇ ਅਧਿਕਾਰੀਆਂ ਨੇ ‘ਦੋਹਾ-ਕਤਰ’ ਤੋਂ ਆਏ ਇਕ ਸ਼ੱਕੀ ਬ੍ਰਾਜ਼ੀਲੀਅਨ ਨਾਗਰਿਕ ਦੇ ਸੂਟਕੇਸ ਦੀ ਤਹਿ ’ਚ ਲੁਕੋਈ ਹੋਈ 23.88 ਕਰੋੜ ਰੁਪਏ ਮੁੱਲ ਦੀ 4.776 ਕਿੱਲੋ ‘ਕੋਕੀਨ’ ਬਰਾਮਦ ਕੀਤੀ।
*19 ਫਰਵਰੀ, 2026 ਨੂੰ ‘ਸੂਰਤ’ (ਗੁਜਰਾਤ) ਦੇ ਕੌਮਾਂਤਰੀ ਹਵਾਈ ਅੱਡੇ ’ਤੇ ‘ਬੈਂਕਾਕ’ ਤੋਂ ਆਏ 2 ਵਿਅਕਤੀਆਂ ‘ਵਿਨੋਦ ਕੁਮਾਰ’ ਅਤੇ ‘ਕਮਲੇਸ਼ ਢਾਂਕਾ’ ਨੂੰ ਰੋਕ ਕੇ ਜਦੋਂ ਉਨ੍ਹਾਂ ਦੇ ਸਾਮਾਨ ਦੀ ਤਲਾਸ਼ੀ ਲਈ ਗਈ ਤਾਂ ਉਸ ’ਚੋਂ 6.40 ਕਰੋੜ ਰੁਪਏ ਮੁੱਲ ਦੀ ‘ਕੈਨਾਬਿਸ’ (ਭੰਗ) ਬਰਾਮਦ ਕੀਤੀ ਗਈ ਜੋ ਉਨ੍ਹਾਂ ਨੇ ਖਾਸ ਤਰ੍ਹਾਂ ਦੇ ਪੈਕਟਾਂ ’ਚ ਲੁਕੋ ਕੇ ਰੱਖੀ ਸੀ।
* ਅਤੇ ਹੁਣ 19 ਫਰਵਰੀ, 2026 ਨੂੰ ਹੀ ਮੁੰਬਈ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ 11 ਫਰਵਰੀ ਤੋਂ 17 ਫਰਵਰੀ ਦੇ ਵਿਚਾਲੇ ‘ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ’ ’ਤੇ ਨਸ਼ੀਲੇ ਪਦਾਰਥਾਂ ਅਤੇ ਸੋਨੇ ਦੀ ਸਮੱਗਲਿੰਗ ਦੇ 6 ਮਾਮਲੇ ਦਰਜ ਕੀਤੇ ਹਨ। ਇਨ੍ਹਾਂ ’ਚ ਬੈਂਕਾਕ ਤੋਂ ਆਏ 3 ਯਾਤਰੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ ਲੱਗਭਗ 9.581 ਕਰੋੜ ਰੁਪਏ ਮੁੱਲ ਦਾ ‘ਹਾਈਡਰੋਪੋਨਿਕ ਵੀਡ’ ਅਤੇ 3 ਹੋਰ ਮਾਮਲਿਆਂ ’ਚ 1.85 ਕਰੋੜ ਰੁਪਏ ਮੁੱਲ ਦਾ 1336.62 ਗ੍ਰਾਮ ਸੋਨਾ ਜ਼ਬਤ ਕੀਤਾ ਗਿਆ।
* ਇਸੇ ਤਰ੍ਹਾਂ ਖਾਸ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਦਰਜ ਕੀਤੇ ਗਏ ਤਿੰਨ ਹੋਰ ਮਾਮਲਿਆਂ ’ਚ ਬੈਂਕਾਕ ਤੋਂ ਹੀ ਆਏ ਤਿੰਨ ਹੋਰ ਯਾਤਰੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ ਕੁੱਲ 14.780 ਕਰੋੜ ਰੁਪਏ ਮੁੱਲ ਦਾ ‘ਹਾਈਡਰੋਪੋਨਿਕ ਵੀਡ’ ਫੜਿਆ ਗਿਆ।
ਅਧਿਕਾਰੀਆਂ ਅਨੁਸਾਰ ਹਾਲ ਹੀ ਦੇ ਮਹੀਨਿਆਂ ’ਚ ਵਿਸ਼ੇਸ਼ ਤੌਰ ’ਤੇ ‘ਥਾਈਲੈਂਡ’ ਤੋਂ ਆਉਣ ਵਾਲੇ ਜਹਾਜ਼ਾਂ ’ਚ ‘ਹਾਈਡਰੋਪੋਨਿਕ ਵੀਡ’ ਦੀ ਸਮੱਗਲਿੰਗ ’ਚ ਤੇਜ਼ੀ ਆਈ ਹੈ। ਇਹ ਤਾਂ ਨਸ਼ੇ ਅਤੇ ਸੋਨੇ ਦੀ ਸਮੱਗਲਿੰਗ ਦੇ ਉਹ ਮਾਮਲੇ ਹਨ ਜੋ ਫੜੇ ਗਏ ਹਨ, ਜਦਕਿ ਅਜਿਹੇ ਨਾ ਜਾਣੇ ਕਿੰਨੇ ਮਾਮਲੇ ਹੋਏ ਹੋਣਗੇ ਜੋ ਪਕੜ ’ਚ ਆਏ ਬਿਨਾਂ ਨਿਕਲ ਗਏ ਹੋਣਗੇ, ਇਸ ਲਈ ਆਪਣੇ ਹਵਾਈ ਅੱਡਿਆਂ ’ਤੇ ਜਾਂਚ ਪ੍ਰਕਿਰਿਆ ਹੋਰ ਸਖ਼ਤ ਕਰਨ ਦੀ ਲੋੜ ਹੈ ਤਾਂ ਜੋ ਇਸ ਤਰ੍ਹਾਂ ਦੇ ਮਾਮਲੇ ਰੁਕ ਸਕਣ।
- ਵਿਜੇ ਕੁਮਾਰ
ਕੀ 27 ’ਚ ਵੀ ਆਮ ਆਦਮੀ ਪਾਰਟੀ ’ਤੇ ਪੰਜਾਬੀਆਂ ਦਾ ਭਰੋਸਾ ਰਹੇਗਾ?
NEXT STORY