ਲੁਧਿਆਣਾ (ਬਿਊਰੋ)-ਗੁੱਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪ੍ਰਵਾਸੀ ਸਾਹਿਤ ਅਧਿਅੈਨ ਕੇਂਦਰ ਵੱਲੋਂ ਅੱਜ ਤ੍ਰੈਮਾਸਿਕ ਪੱਤ੍ਰਿਕਾ ‘ਪਰਵਾਸ’ ਦਾ 14ਵਾਂ ਅੰਕ ਰਿਲੀਜ਼ ਕੀਤਾ ਗਿਆ। ਇਸ ਸਮਾਗਮ ’ਚ ਡਾ. ਲਖਵਿੰਦਰ ਸਿੰਘ ਜੌਹਲ ਸਕੱਤਰ ਜਨਰਲ ਪੰਜਾਬ ਕਲਾ ਪ੍ਰੀਸ਼ਦ, ਸਾਹਿਤਕਾਰ ਸੁਰਿੰਦਰ ਸਿੰਘ ਸੁੱਨੜ ਕੈਲੀਫੋਰਨੀਆ ਤੇ ਪ੍ਰੋ. ਗੁਰਭਜਨ ਗਿੱਲ ਪ੍ਰਧਾਨ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਆਰੰਭ ’ਚ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰਧਾਨ ਗੁੱਜਰਾਂਵਾਲਾ ਖ਼ਾਲਸਾ ਐਜੂਕੇਸ਼ਨ ਕੌਂਸਲ, ਲੁਧਿਆਣਾ ਨੇ ਮਹਿਮਾਨਾਂ ਦਾ ਰਸਮੀ ਤੌਰ ’ਤੇ ਸੁਆਗਤ ਕੀਤਾ ਤੇ ‘ਪਰਵਾਸ’ ਦੇ ਇਸ ਅੰਕ ’ਚ ਛਪੇ ਪ੍ਰਵਾਸੀ ਲੇਖਕਾਂ ਤੇ ਸਾਹਿਤਕ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ। ਡਾ. ਲਖਵਿੰਦਰ ਜੌਹਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪ੍ਰਵਾਸੀ ਲੇਖਕ ਅੱਜ ਗਲੋਬਲ ਸਰੋਕਾਰਾਂ ਨੂੰ ਪੇਸ਼ ਕਰਨ ਦੇ ਸਮਰੱਥ ਹਨ। ਪ੍ਰਵਾਸੀ ਸਾਹਿਤ ਅੱਜ ਪੰਜਾਬੀ ਸਾਹਿਤ ਦੀ ਮੁੱਖ ਧਾਰਾ ਦੇ ਸਾਹਿਤ ਦਾ ਮਹੱਤਵਪੂਰਨ ਅੰਗ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਜਿਸ ਸ਼ਿੱਦਤ ਨਾਲ ਭਾਰਤੀ ਪੰਜਾਬੀਆਂ ਨੇ ਮਹਿਸੂਸ ਕੀਤਾ ਤੇ ਹੰਢਾਇਆ, ਉਸੇ ਤਰ੍ਹਾਂ ਹੀ ਪ੍ਰਵਾਸੀ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ’ਚੋਂ ਵੀ ਉਹ ਭਾਵਨਾ ਪ੍ਰਤੱਖ ਤੌਰ ’ਤੇ ਦੇਖਣ ਨੂੰ ਮਿਲੀ।
ਪ੍ਰੋ. ਗੁਰਭਜਨ ਗਿੱਲ ਨੇ ਜੋ ਕਿ ‘ਪਰਵਾਸ’ ਮੈਗਜ਼ੀਨ ਦੇ ਪ੍ਰਮੁੱਖ ਸਲਾਹਕਾਰ ਵੀ ਹਨ, ਨੇ ਕਿਹਾ ਕਿ ‘ਪਰਵਾਸ’ ਮੈਗਜ਼ੀਨ ਨੇ ਅੱਜ ਵਿਸ਼ਵ ਭਰ ’ਚ ਆਪਣੀ ਇਕ ਵੱਖਰੀ ਪਛਾਣ ਕਾਇਮ ਕੀਤੀ ਹੈ। ਅਨੇਕਾਂ ਹੀ ਅਣਪ੍ਰਕਾਸ਼ਿਤ ਤੇ ਅਣਪਛਾਤੇ ਲੇਖਕਾਂ ਨੂੰ ਇਕ ਮੰਚ ਮੁਹੱਈਆ ਕਰਵਾਉਣ ’ਚ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਲੇਖਕਾਂ ਨੂੰ ਇਸ ਕੇਂਦਰ ਨਾਲ ਜੁੜਨਾ ਚਾਹੀਦਾ ਹੈ। ਪ੍ਰੋ. ਮਨਜੀਤ ਸਿੰਘ ਛਾਬੜਾ ਡਾਇਰੈਕਟਰ ਜੀ. ਜੀ. ਐੱਨ. ਆਈ. ਐੱਮ. ਟੀ. ਨੇ ਇਸ ਮੌਕੇ ਪ੍ਰਵਾਸੀ ਸਾਹਿਤ ਅਧਿਐਨ ਕੇਂਦਰ ਦੀ ਸਥਾਪਤੀ ਤੋਂ ਲੈ ਕੇ ਹੁਣ ਤੱਕ ਦੀਆਂ ਪ੍ਰਾਪਤੀਆਂ ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ’ਤੇ ਪ੍ਰਧਾਨਗੀ ਭਾਸ਼ਣ ਸਾਂਝੇ ਕਰਦੇ ਹੋਏ ਅਮਰੀਕਾ ਵਸਦੇ ਲੇਖਕ ਸੁਰਿੰਦਰ ਸਿੰਘ ਸੁੱਨੜ ਨੇ ਪ੍ਰਵਾਸੀ ਕੇਂਦਰ ਦੇ ਇਸ ਉੱਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪ੍ਰਵਾਸੀ ਸਾਹਿਤ ਅਧਿਐਨ ਕੇਂਦਰ ਵਿਦੇਸ਼ਾਂ ’ਚ ਵਸਦੇ ਲੇਖਕਾਂ ਦਾ ਮਾਰਗਦਰਸ਼ਨ ਕਰਨ ’ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਨੇ ਆਪਣੇ 38 ਸਾਲਾਂ ਦੇ ਪ੍ਰਵਾਸੀ ਜੀਵਨ ਦੇ ਤਜਰਬੇ ਸ੍ਰੋਤਿਆਂ ਨਾਲ ਸਾਂਝੇ ਕੀਤੇ। ਉਨ੍ਹਾਂ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਪ੍ਰਵਾਸੀ ਸਾਹਿਤ ਅਧਿਐਨ ਕੇਂਦਰ ਨੂੰ ਦੇਣ ਦਾ ਐਲਾਨ ਕੀਤਾ। ਡਾ. ਤੇਜਿੰਦਰ ਕੌਰ ਕੋਆਰਡੀਨੇਟਰ ਪ੍ਰਵਾਸੀ ਸਾਹਿਤ ਅਧਿਅਨ ਕੇਂਦਰ ਦੀਆਂ ਵੱਖ-ਵੱਖ ਸਰਗਰਮੀਆਂ ਤੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਰਸਮੀ ਤੌਰ ’ਤੇ ਆਏ ਲੇਖਕਾਂ ਦਾ ਧੰਨਵਾਦ ਕੀਤਾ।
ਨਵਜੋਤ ਸਿੱਧੂ ਦੇ ਅਸਤੀਫ਼ੇ ’ਤੇ ਕੀ ਬੋਲੇ ਸੁਖਦੇਵ ਸਿੰਘ ਢੀਂਡਸਾ
NEXT STORY