ਮਾਨਸਾ (ਸੰਦੀਪ ਮਿੱਤਲ) : ਜ਼ਿਲਾ ਪੁਲਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਸ ਨੇ ਸਿੰਥੈਟਿਕ ਦੁੱਧ, ਖਾਣ ਵਾਲਾ ਘਿਉ ਆਦਿ ਤਿਆਰ ਕਰ ਕੇ ਵੇਚਣ ਵਾਲੀ ਡੇਅਰੀ ਦਾ ਪਰਦਾਫਾਸ਼ ਕਰਦਿਆਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ 650 ਲਿਟਰ ਦੁੱਧ, 3 ਟੀਨ ਰਿਫਾਇਡ, 7 ਗੱਟੇ ਸ਼ੱਕੀ ਪਾਊਡਰ, 68 ਕਿਲੋ ਦੇਸੀ ਘਿਉ, ਘਿਉ ਤਿਆਰ ਕਰਨ ਵਾਲੀ ਮਸ਼ੀਨ, ਇਕ ਡਰੰਮੀ ਅਤੇ ਹੋਰ ਸਾਮਾਨ ਆਦਿ ਬਰਾਮਦ ਕੀਤਾ ਹੈ।
ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲਸ ਚੌਕੀ ਕੁਲਰੀਆਂ (ਥਾਣਾ ਬਰੇਟਾ) ਦੀ ਪੁਲਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਪਿੰਡ ਕੁਲਰੀਆਂ ਵਿਖੇ ਸੈਣੀ ਮਿਲਕ ਸੈਂਟਰ (ਪਾਲ ਡੇਅਰੀ) ਵਿਖੇ ਦੁੱਧ-ਡੇਅਰੀ ਦੇ ਨਾਂ 'ਤੇ ਸਿੰਥੈਟਿਕ ਦੁੱਧ, ਖਾਣ ਵਾਲਾ ਘਿਉ ਆਦਿ ਤਿਆਰ ਕਰ ਕੇ ਮਾਰਕੀਟ 'ਚ ਵੇਚਣ ਵਾਲੇ ਸਮਾਜ ਵਿਰੋਧੀ ਅਨਸਰ ਰਾਮਪਾਲ ਪੁੱਤਰ ਸ਼ੇਰੀ ਸਿੰਘ ਵਾਸੀ ਕੁਲਰੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਨੂੰ ਕਾਬੂ ਕਰ ਕੇ ਮੌਕੇ ਤੋਂ ਉਕਤ ਸਾਮਾਨ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੇ ਪਿੰਡ ਕੁਲਰੀਆਂ ਵਿਖੇ ਦੁੱਧ-ਡੇਅਰੀ ਖੋਲ੍ਹੀ ਹੋਈ ਸੀ, ਜੋ ਪਿੰਡਾਂ 'ਚੋਂ ਸਸਤੇ ਭਾਅ ਖਰੀਦ ਕਰ ਕੇ ਲਿਆਂਦੇ ਦੁੱਧ ਨੂੰ ਆਪਣੀ ਡੇਅਰੀ 'ਚ ਤਿਆਰ ਕੀਤੇ ਸਿੰਥੈਟਿਕ ਦੁੱਧ 'ਚ ਮਿਲਾ ਕੇ ਲੋਕਾਂ ਨੂੰ ਮਹਿੰਗੇ ਭਾਅ ਸਪਲਾਈ ਕਰ ਕੇ ਮੋਟੀ ਕਮਾਈ ਕਰਦਾ ਸੀ ਅਤੇ ਲੋਕਾਂ ਦੀ ਸਿਹਤ ਦਾ ਖਿਲਵਾੜ ਕਰਦਾ ਸੀ।
ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿਛ ਕਰ ਕੇ ਪਤਾ ਲਾਇਆ ਜਾਵੇਗਾ ਕਿ ਇਸ ਦੇ ਨਾਲ ਹੋਰ ਕਿਨ੍ਹਾਂ ਵਿਅਕਤੀਆ ਦੀ ਮਿਲੀਭੁਗਤ ਹੈ, ਇਹ ਕਿੰਨੇ ਸਮੇਂ ਤੋਂ ਇਹ ਧੰਦਾ ਚਲਾ ਰਿਹਾ ਸੀ ਅਤੇ ਕਿੱਥੇ-ਕਿੱਥੇ ਦੁੱਧ/ਮਾਲ ਸਪਲਾਈ ਕੀਤਾ ਜਾਂਦਾ ਸੀ। ਬਰਾਮਦ ਕੀਤੇ ਮਾਲ ਦੇ ਸਿਹਤ ਵਿਭਾਗ ਵੱਲੋਂ ਵੱਖ-ਵੱਖ ਨਮੂਨੇ ਕੱਢ ਕੇ ਜਾਂਚ ਲਈ ਲੈਬਾਰਟਰੀ 'ਚ ਭੇਜੇ ਗਏ ਹਨ। ਨਤੀਜੇ ਹਾਸਲ ਹੋਣ 'ਤੇ ਮੁਕੱਦਮਾ 'ਚ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਸਰਕਾਰ 11 ਤੋਂ 17 ਜਨਵਰੀ ਤੱਕ ਮਨਾਵੇਗੀ 'ਸੜਕ ਸੁਰੱਖਿਆ ਹਫਤਾ'
NEXT STORY