ਨਾਭਾ, (ਭੁਪਿੰਦਰ ਭੂਪਾ)- ਦੇਸ਼ ਵਿਚ ਕਰੋਡ਼ਾਂ ਦੇ ਉਜਾਗਰ ਹੋ ਰਹੇ ਘਪਲਿਆਂ ਵਿਚ ਅੱਜ ਰਿਆਸਤੀ ਨਾਭਾ ਸ਼ਹਿਰ ਦਾ ਨਾਂ ਵੀ ਜੁਡ਼ ਗਿਆ ਜਦੋਂ ਇਥੋਂ ਦੀ ਪੁਲਸ ਨੇ ਚਿੱਟ ਫੰਡ ਕੰਪਨੀ ਦੇ ਨਾਂ ’ਤੇ ਕਥਿਤ ਤੌਰ ’ਤੇ ਕੀਤੀ ਕਰੋਡ਼ਾਂ ਦੀ ਹੇਰਾਫੇਰੀ ਦੇ ਮਾਮਲੇ ਵਿਚ ਕੰਪਨੀ ਦੇ ਐੱਮ. ਡੀ. ਦਾ ਦੋ ਦਿਨਾ ਪੁਲਸ ਰਿਮਾਂਡ ਹਾਸਲ ਕਰ ਲਿਆ।
ਦੱਸਿਆ ਜਾ ਰਿਹਾ ਹੈ ਕਿ ਕੁੱਝ ਸਮਾਂ ਪਹਿਲਾਂ ਨਾਭਾ ਵਿਚ ‘ਆਈ ਕੋਰ ਕੰਪਨੀ’ ਨੇ ਆਪਣਾ ਦਫਤਰ ਖੋਲ੍ਹਿਆ ਤੇ ਆਮ ਲੋਕਾਂ ਨੂੰ ਦਿਨਾਂ ਵਿਚ ਹੀ ਉਨ੍ਹਾਂ ਦੀ ਰਕਮ ਨੂੰ ਦੁੱਗਣੇ ਕਰਨ ਦੇ ਝਾਂਸੇ ਦੇ ਕੇ ਰਿਆਸਤੀ ਸ਼ਹਿਰ ਦੇ ਵਾਸੀਆਂ ਤੋਂ ਲਗਭਗ 4 ਕਰੋਡ਼ ਰੁਪਏ ਇਕੱਠੇ ਕਰ ਲਏ। ਕੰਪਨੀ ਦੇ ਐੱਮ. ਡੀ. ਵੱਲੋਂ ਪ੍ਰਸਿੱਧ ਬਾਲੀਵੁੱਡ ਸਿਤਾਰਿਆਂ ਤੇ ਹਸਤੀਆਂ ਨਾਲ ਆਪਣੀਆਂ ਫੋਟੋਆਂ ਦਿਖਾ ਕੇ ਲੋਕਾਂ ਨੂੰ ਭਰਮਾਇਆ ਗਿਆ। ਇਸ ਤੋਂ ਬਾਅਦ ਕੰਪਨੀ ਦਾ ਕਥਿਤ ਐੱਮ. ਡੀ. ਅਤੇ ਸਟਾਫ ਅਚਾਨਕ ਰੂਪੋਸ਼ ਹੋ ਗਏ, ਜਿਸ ਨਾਲ ਕੰਪਨੀ ਵਿਚ ਪੈਸਾ ਲਾਉਣ ਵਾਲੇ ਲੋਕਾਂ ਦੇ ਹੱਥਾਂ ਦੇ ਤੋਤੇ ਉਡ ਗਏ। ਕੁੱਝ ਸਮਾਂ ਬਾਅਦ ਕੰਪਨੀ ਵੱਲੋਂ ਲਗਭਗ 80 ਚੈੱਕ ਜਾਰੀ ਕਰ ਕੇ ਦਿੱਤੇ ਗਏ ਜੋ ਕਿ ਕਥਿਤ ’ਤੇ ਲਗਾਤਾਰ ਬਾਊਂਸ ਹੁੰਦੇ ਰਹੇ। ਆਪਣੀ ਡੁੱਬੀ ਰਕਮ ਨੂੰ ਪ੍ਰਾਪਤ ਕਰਨ ਲਈ ਦਰ-ਦਰ ਦੀਆਂ ਠੋਕਰਾਂ ਖਾ ਕੇ ਕੰਪਨੀ ਦੀ ਠੱਗੀ ਦੇ ਸ਼ਿਕਾਰ ਹੋਏ ਸ਼ਹਿਰ ਵਾਸੀਆਂ ਨੇ ਸਾਲ 2014 ਵਿਚ ਕੰਪਨੀ ਦੇ ਐੱਮ. ਡੀ. ਖਿਲਾਫ ਨਾਭਾ ਕੋਤਵਾਲੀ ਪੁਲਸ ਕੋਲ ਉਨ੍ਹਾਂ ਨਾਲ ਹੋਈ ਠੱਗੀ ਸਬੰਧੀ ਮਾਮਲਾ ਦਰਜ ਕਰਵਾ ਦਿੱਤਾ।
ਦੱਸਣਯੋਗ ਹੈ ਕਿ ਕੰਪਨੀ ਅਤੇ ਇਸ ਦੇ ਐੱਮ. ਡੀ. ਨੇ ਕਥਿਤ ਤੌਰ ’ਤੇ ਨਾ ਸਿਰਫ ਨਾਭਾ ਬਲਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 17,640 ਕਰੋਡ਼ ਦਾ ਵੱਡਾ ਘਪਲਾ ਕਰ ਰੱਖਿਆ ਹੋਇਆ ਹੈ। ਇਸ ਦੀ ਪੁਸ਼ਟੀ ਕਰਦਿਆਂ ਮਾਮਲੇ ਦੇ ਪੀਡ਼ਤਾਂ ਵੱਲੋਂ ਪੇਸ਼ ਹੋਏ ਵਕੀਲ ਐੱਚ. ਵੀ. ਰਾਏ ਨੇ ਦੱਸਿਆ ਕਿ ਅਸੀਂ ਚਾਰ ਸਾਲ ਦੀ ਜੱਦੋ-ਜਹਿਦ ਤੋਂ ਬਾਦ ਸਫਲਤਾ ਹਾਸਲ ਕੀਤੀ ਹੈ। ਸਾਡੀ ਕੋਸ਼ਿਸ਼ ਹੈ ਕਿ ਕੰਪਨੀ ਦੇ ਐੱਮ. ਡੀ. ਤੋਂ ਬਾਅਦ ਉਸ ਦੀ ਪਤਨੀ ਨੂੰ ਵੀ ਅਦਾਲਤ ਵਿਚ ਪੇਸ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੰਪਨੀ ਨੇ ਨਾ ਸਿਰਫ ਨਾਭਾ ਵਿਚ 4 ਕਰੋਡ਼ ਦਾ ਘਪਲਾ ਕੀਤਾ ਹੈ ਬਲਕਿ ਦੂਜੇ ਸੂਬਿਅਾਂ ਤੋਂ 17,640 ਕਰੋਡ਼ ਦੇ ਘਪਲੇ ਨੂੰ ਵੀ ਅੰਜ਼ਾਮ ਦਿੱਤਾ ਹੈ।
ਇਸ ਮੌਕੇ ਕੋਤਵਾਲੀ ਪੁਲਸ ਦੇ ਇੰਚਾਰਜ ਇੰਸਪੈਕਟਰ ਸੁਖਰਾਜ ਸਿੰਘ ਨੇ ਦੱਸਿਆ ਕਿ ਕੰਪਨੀ ਦੇ ਮਾਲਕ ਦੇ ਉਡ਼ੀਸਾ ਨਾਲ ਸਬੰਧਤ ਹੋਣ ਕਾਰਨ ਭਾਵੇਂ ਨਾਭਾ ਪੁਲਸ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ ਪਰ ਅੱਜ ਕੰਪਨੀ ਦੇ ਐੱਮ. ਡੀ. ਅਨੁਕੂਲ ਮਹਿਤੀ ਨੂੰ ਉਡ਼ੀਸਾ ਤੋਂ ਪ੍ਰੋਡਕਸ਼ਨ ਵਾਰੰਟਾਂ ’ਤੇ ਨਾਭਾ ਲਿਆਂਦਾ ਗਿਆ ਤੇ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਤਹਿਤ ਉਸ ਦੇ ਹੋਰ ਘਪਲਿਆਂ ਬਾਰੇ ਦੱਸਿਆ ਜਾ ਸਕਦਾ ਹੈ।
ਵਾਈਸ ਚਾਂਸਲਰ ਦਫਤਰ ਸਾਹਮਣੇ ਲਾਇਆ ਧਰਨਾ; ਤੁਰੰਤ ਬਹਾਲੀ ਦੀ ਕੀਤੀ ਮੰਗ
NEXT STORY