ਮੋਗਾ (ਆਜ਼ਾਦ)—ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਰੇੜਵਾਂ ਨਿਵਾਸੀ ਇਕ ਦਲਿਤ ਵਿਅਕਤੀ ਨੂੰ ਕੁੱਝ ਵਿਅਕਤੀਆਂ ਵਲੋਂ ਦਰੱਖਤ ਨਾਲ ਸੰਗਲਾਂ ਨਾਲ ਬੰਨ੍ਹ ਕੇ ਕੁੱਟ-ਮਾਰ ਕਰਨ ਦੇ ਮਾਮਲੇ ਦੀ ਵੀਡੀਓ ਵਾਇਰਲ ਹੋਣ ਦਾ ਪੰਜਾਬ ਅਨਸੂਚਿਤ ਜਾਤੀ ਕਮਿਸ਼ਨ ਨੇ ਸਖਤ ਨੋਟਿਸ ਲੈਂਦਿਆਂ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਉਕਤ ਮਾਮਲੇ ਦੀ ਸਟੇਟਸ ਰਿਪੋਰਟ ਭੇਜਣ ਲਈ ਕਿਹਾ। ਬੀਤੇ ਦਿਨੀਂ ਰੇੜਵਾ ਨਿਵਾਸੀ ਦਲਿਤ ਪਰਿਵਾਰ ਨਾਲ ਸਬੰਧ ਰਖਦੇ ਹਰਬੰਸ ਸਿੰਘ ਨੂੰ ਕੁੱਝ ਹਥਿਆਰਬੰਦ ਵਿਅਕਤੀਆਂ ਵਲੋਂ ਰਸਤੇ 'ਚ ਘੇਰ ਕੇ ਬੂਰੀ ਤਰ੍ਹਾਂ ਕੁੱਟ-ਮਾਰ ਕਰਨ ਦੇ ਬਾਅਦ ਉਸ ਨੂੰ ਪਿੰਡ ਦੀ ਹੱਡਾ ਰੋੜੀ 'ਚ ਲਿਜਾ ਕੇ ਦਰੱਖਤ ਨਾਲ ਸੰਗਲਾਂ ਨਾਲ ਬੰਨ ਕੇ ਉਸਦੀ ਕੁੱਟ-ਮਾਰ ਕੀਤੀ ਸੀ। ਉਸ ਵਲੋਂ ਰੋਲਾ ਪਾਉਣ 'ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਸੀ, ਜਿਸ 'ਤੇ ਹਮਲਾਵਰ ਮੌਕੇ ਤੋਂ ਭੱਜ ਗਏ ਸਨ।
ਇਸ ਸਬੰਧ 'ਚ ਧਰਮਕੋਟ ਪੁਲਸ ਵਲੋਂ ਦੋਸ਼ੀ ਹਮਲਾਵਰਾਂ ਗੁਰਮੀਤ ਸਿੰਘ ਨਿਵਾਸੀ ਪਿੰਡ ਸੈਦ ਜਲਾਲਪੁਰ, ਸਤਵੰਤ ਸਿੰਘ, ਮਹਿੰਦਰ ਸਿੰਘ, ਛਿੰਦਰ ਸਿੰਘ, ਮੰਗਤ ਸਿੰਘ ਸਾਰੇ ਨਿਵਾਸੀ ਪਿੰਡ ਰੇੜਵਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਹਰਬੰਸ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਦੋਸ਼ੀ ਆਪਣੇ ਖੇਤਾਂ 'ਚ ਬਿਜਲੀ ਦੀ ਕੁੰਡੀ ਲਾ ਕੇ ਮੋਟਰਾਂ ਚਲਾਉਂਦੇ ਸਨ ਅਤੇ ਉਨ੍ਹਾਂ ਨੂੰ ਸ਼ੱਕ ਸੀ ਕਿ ਮੈਂ ਬਿਜਲੀ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਕੇ ਉਨ੍ਹਾਂ ਦੀ ਕੁੰਡੀ ਫੜਵਾਈ ਹੈ। ਜਦੋਂ ਮੈਂ ਆਪਣੇ ਖੇਤ 'ਚ ਜਾ ਰਿਹਾ ਸੀ ਤਾਂ ਹਮਲਾਵਰਾਂ ਨੇ ਉਸਨੂੰ ਘੇਰ ਕੇ ਕੁੱਟ-ਮਾਰ ਕੀਤੀ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਜਿਸ ਦੀ ਵੀਡੀਓ ਵਾਇਰਲ ਹੋਣ 'ਤੇ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਨੇ ਗੰਭੀਰ ਨੋਟਿਸ ਲੈਂਦਿਆਂ ਕਮਿਸ਼ਨ ਦੇ ਮੈਂਬਰ ਗਿਆਨ ਸਿੰਘ ਵਲੋਂ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਪੱਤਰ ਲਿਖ ਕੇ 24 ਜੁਲਾਈ ਤੱਕ ਉਕਤ ਮਾਮਲੇ ਦੀ ਸਟੇਟਸ ਰਿਪੋਰਟ ਭੇਜਣ ਲਈ ਕਿਹਾ ਹੈ। ਜਦੋਂ ਇਸ ਸਬੰਧ 'ਚ ਜ਼ਿਲਾ ਪੁਲਸ ਮੁਖੀ ਮੋਗਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂਨੂੰ ਅਜੇ ਤੱਕ ਕੋਈ ਪੱਤਰ ਪ੍ਰਾਪਤ ਨਹੀਂ ਹੋਇਆ ਪੱਤਰ ਪ੍ਰਾਪਤ ਹੋਣ ਦੇ ਬਾਅਦ ਹੀ ਕੁੱਝ ਦੱਸ ਸਕਦਾ ਹਾਂ।
ਪਾਣੀ ਦਾ ਪੱਧਰ ਵੱਧ ਜਾਣ ਕਾਰਨ ਟੁੱਟਿਆ ਸੰਗਰੂਰ ਦੀ ਘੱਗਰ ਨਦੀ ਦਾ ਬੰਨ੍ਹ
NEXT STORY