ਖੰਨਾ (ਵਿਪਨ): ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਅੱਜ ਖੰਨਾ ਦੇ ਕਾਂਗਰਸ ਭਵਨ ਵਿਚ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ 'ਯੁੱਧ ਗੱਪਾਂ ਵਿਰੁੱਧ' ਛੇੜਦਿਆਂ ਸਰਕਾਰ ਤੋਂ ਪਿਛਲੇ ਚਾਰ ਸਾਲਾਂ ਦੇ ਵਾਅਦਿਆਂ ਦਾ ਹਿਸਾਬ ਮੰਗਿਆ। ਉਨ੍ਹਾਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ, ਤਾਂ ਪੰਜਾਬ ਦੇ ਲੋਕਾਂ ਨਾਲ ਕਈ ਵੱਡੇ ਐਲਾਨ ਕੀਤੇ ਗਏ ਸਨ, ਪਰ ਅੱਜ ਜ਼ਮੀਨੀ ਹਕੀਕਤ ਕੁਝ ਹੋਰ ਹੀ ਦੱਸ ਰਹੀ ਹੈ। ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਆਪਣੇ ਕੀਤੇ ਵਾਅਦਿਆਂ ਬਾਰੇ ਸਪੱਸ਼ਟ ਜਵਾਬ ਦੇਵੇ।
ਉਨ੍ਹਾਂ ਆਖਿਆ ਕਿ ਹਰ ਮਹਿਲਾ ਨੂੰ ਹਰ ਮਹੀਨੇ ₹1000 ਦੇਣ ਦਾ ਐਲਾਨ ਕੀਤਾ ਗਿਆ ਸੀ। ਚਾਰ ਸਾਲਾਂ ਵਿਚ ਇਹ ਰਕਮ ਲਗਭਗ 48 ਹਜ਼ਾਰ ਰੁਪਏ ਬਣਦੀ ਹੈ, ਪਰ ਮਹਿਲਾਵਾਂ ਦੇ ਖਾਤਿਆਂ ਵਿਚ ਇਕ ਰੁਪਇਆ ਵੀ ਨਹੀਂ ਪਹੁੰਚਿਆ। ਇਸ ਤੋਂ ਇਲਾਵਾ ਐੱਮ. ਐੱਸ. ਪੀ. 'ਤੇ ਫਸਲਾਂ ਖਰੀਦਣ, ਮਜ਼ਦੂਰਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਮਜ਼ਦੂਰੀ ਦੇਣ, ਮਨਰੇਗਾ ਤਹਿਤ 100 ਦਿਨਾਂ ਦੀ ਰੋਜ਼ਗਾਰ ਗਾਰੰਟੀ, ਸਿੱਖਿਆ ਪ੍ਰਣਾਲੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਲੈ ਜਾਣ, ਮੁਫ਼ਤ ਸਿਹਤ ਸੇਵਾਵਾਂ ਅਤੇ ਹਰ ਮੁਹੱਲੇ ਵਿਚ ਕਲੀਨਿਕ ਖੋਲ੍ਹਣ ਅਤੇ ਭ੍ਰਿਸ਼ਟਾਚਾਰ-ਮੁਕਤ ਪੰਜਾਬ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ।
ਨਾਗਰਾ ਨੇ ਕਿਹਾ ਕਿ 'ਆਪ' ਵੱਲੋਂ ਜਿੰਨੇ ਮੁਹੱਲਾ ਕਲੀਨਿਕ ਖੋਲ੍ਹਣ ਦੀ ਗੱਲ ਕੀਤੀ ਗਈ ਸੀ, ਹਕੀਕਤ ਵਿਚ ਉਨ੍ਹਾਂ ਦੀ ਗਿਣਤੀ ਕਾਫੀ ਘੱਟ ਹੈ। ਕਈ ਥਾਵਾਂ ‘ਤੇ ਪੁਰਾਣੇ ਸੇਵਾ ਕੇਂਦਰਾਂ ਦਾ ਨਾਂ ਬਦਲ ਕੇ ਉਨ੍ਹਾਂ ਨੂੰ ਮੁਹੱਲਾ ਕਲੀਨਿਕ ਦੱਸਿਆ ਗਿਆ। ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਦੀ ਘਾਟ ਕਾਰਨ ਲੋਕਾਂ ਨੂੰ ਪੂਰਾ ਲਾਭ ਨਹੀਂ ਮਿਲ ਰਿਹਾ। ਕਾਂਗਰਸੀ ਆਗੂ ਨੇ ਦੋਸ਼ ਲਗਾਇਆ ਕਿ ਸਕੂਲਾਂ ਵਿਚ ਛੋਟੇ ਕੰਮਾਂ ਨੂੰ ਵੱਡੇ ਖਰਚਿਆਂ ਵਜੋਂ ਦਰਸਾ ਕੇ ਗੜਬੜ ਕੀਤੀ ਗਈ। ਉਨ੍ਹਾਂ ਸੜਕਾਂ ਅਤੇ ਹੋਰ ਵਿਕਾਸ ਪ੍ਰਾਜੈਕਟਾਂ ਵਿਚ ਵੀ ਪਾਰਦਰਸ਼ਤਾ ਦੀ ਕਮੀ ਬਾਰੇ ਸਵਾਲ ਚੁੱਕੇ।
ਕਾਂਗਰਸੀ ਆਗੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ ਸਿੱਧਾ ਸਵਾਲ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਵੱਧ ਰਹੀਆਂ ਅਪਰਾਧਿਕ ਘਟਨਾਵਾਂ, ਗੈਂਗਸਟਰਵਾਦ ਅਤੇ ਗੁੰਡਾਗਰਦੀ ‘ਤੇ ਸਰਕਾਰ ਕਦੋਂ ਕਾਬੂ ਪਾਏਗੀ। ਕਾਂਗਰਸ ਨੇ ਸਪੱਸ਼ਟ ਕੀਤਾ ਕਿ 6 ਤਾਰੀਖ਼ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਸੈਸ਼ਨ ਦੌਰਾਨ ਇਹ ਸਾਰੇ ਮੁੱਦੇ ਜ਼ੋਰਦਾਰ ਢੰਗ ਨਾਲ ਚੁੱਕੇ ਜਾਣਗੇ ਅਤੇ ਸਰਕਾਰ ਤੋਂ ਸਾਫ਼ ਜਵਾਬ ਮੰਗਿਆ ਜਾਵੇਗਾ। ਉਨ੍ਹਾਂ ਆਖਿਆ ਕਿ ਅੱਜ ਪੰਜਾਬ ਜਵਾਬ ਮੰਗਦਾ ਹੈ ਕਿ ਚਾਰ ਸਾਲਾਂ ਦੇ ਵਾਅਦਿਆਂ ਦਾ ਹਿਸਾਬ ਕਦੋਂ ਮਿਲੇਗਾ?
ਪੰਜਾਬ: ਨਕਲੀ CIA ਸਟਾਫ ਵਾਲਿਆਂ ਨੇ ਕਰ ਲਿਆ ਬੰਦਾ ਅਗਵਾ, ਮਹਿਲਾ ਵੀ ਸ਼ਾਮਲ
NEXT STORY