ਮੋਗਾ, (ਗੋਪੀ ਰਾਊਕੇ)- ਜ਼ਿਲਾ ਪ੍ਰਸ਼ਾਸਨ ਮੋਗਾ, ਸਿਹਤ ਵਿਭਾਗ, ਅਤੇ ਪੁਲਸ ਅਧਿਕਾਰੀਆਂ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲਾ ਵਾਸੀ ਕੋਰੋਨਾ ਨੂੰ ਹਰਾਉਣ ਲਈ ਜ਼ਿਲਾ ਪ੍ਰਸ਼ਾਸਨ, ਪੁਲਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਸਹਿਯੋਗ ਦੇਣ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ 22 ਮਾਰਚ ਨੂੰ ਜਨਤਕ ਕਰਫਿਊ ਦੌਰਾਨ ਜ਼ਿਲਾ ਵਾਸੀ ਆਪਣੇ ਘਰਾਂ ’ਚ ਹੀ ਰਹਿਣ ਤਾਂ ਕਿ ਕੋਰੋਨਾ ਵਾਇਰਸ ਨੂੰ ਹਰਾਇਆ ਜਾ ਸਕੇ। ਸਵੇਰੇ 7 ਤੋਂ ਰਾਤ 9 ਵਜੇ ਤੱਕ ਇਹ ਜਨਤਕ ਕਰਫਿਊ ਲਾਇਆ ਜਾ ਰਿਹਾ ਹੈ। ਨਗਰ ਪੰਚਾਇਤਾਂ ਅਤੇ ਨਗਰ ਕੌਂਸਲ ਜ਼ਰੀਏ ਸਾਰੇ ਪਿੰਡਾਂ ਅਤੇ ਕਸਬਿਆਂ ’ਚ ਲਾਊਡ ਸਪੀਕਰਾਂ ਰਾਹੀਂ ਦੱਸਿਆ ਜਾ ਰਿਹਾ ਹੈ ਕਿ ਲੋਕ ਇਸ ਜਨਤਕ ਕਰਫਿਊ ਦਾ ਸਹਿਯੋਗ ਦੇਣ। ਉਨ੍ਹਾਂ ਵਿਦੇਸ਼ ਤੋਂ ਵਾਪਸ ਪਰਤੇ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਘੱਟੋ-ਘੱਟ 15 ਦਿਨ ਆਪਣੇ ਘਰਾਂ ਵਿਚ ਹੀ ਰਹਿਣ ਅਤੇ ਤਬੀਅਤ ਖਰਾਬ ਹੋਣ ’ਤੇ ਨੇਡ਼ੇ ਦੇ ਸਰਕਾਰੀ ਸਿਹਤ ਕੇਂਦਰ ਵਿਖੇ ਆਪਣੀ ਜਾਂਚ ਕਰਵਾਉਣ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਬੱਧਨੀ ਕਲਾਂ, ਬੁਰਜ, ਮੰਡੇਰ, ਬਲਾਕ ਢੁੱਡੀਕੇ, ਰਾਊਕੇ ਕਲਾਂ, ਖਾਈ, ਖੋਟੇ ਆਦਿ ਵਿਚ ਵੀ ਪ੍ਰਚਾਰ ਕੀਤਾ ਗਿਆ। ਕਮਿਊਨਿਟੀ ਹੈਲਥ ਸੈਂਟਰ ਬਾਘਾਪੁਰਾਣਾ ਵਿਖੇ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ, ਦਇਆ ਕਲਾਂ ਗੁਰਦੁਆਰਾ ਸਾਹਿਬ, ਪੰਡੋਰੀ ਅਰਾਈਆਂ, ਸਾਂਘਲਾ, ਕਾਦਰਵਾਲਾ, ਰੰਡਿਆਲਾ, ਨਿਹਾਲਗਡ਼੍ਹ, ਢੋਲੇਵਾਲਾ ਖੁਰਦ, ਕੋਰੇਵਾਲਾ ਖੁਰਦ, ਕਿਸ਼ਨਪੁਰਾ, ਬੀਜਾਪੁਰ, ਮੂਸੇਵਾਲਾ ਆਦਿ ਪਿੰਡਾਂ ਵਿਚ ਵੀ ਜਾਗਰੂਕਤਾ ਫੈਲਾਈ ਗਈ ਅਤੇ ਕਰਫਿਊ ਵਿਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।
ਪਟਿਆਲਾ 'ਚ 24 ਮਾਰਚ ਤੱਕ ਜਾਰੀ ਰਹੇਗਾ ਜਨਤਾ ਕਰਫਿਊ : ਡੀ. ਸੀ.
NEXT STORY