ਬਠਿੰਡਾ, (ਜ. ਬ.)- ਸ਼ੁਰੂ ਤੋਂ ਹੀ ਵਿਵਾਦਾਂ ’ਚ ਰਹੇ ਮਾਨਸਾ ਰੋਡ ’ਤੇ ਸੰਘਣੀ ਆਬਾਦੀ ਵਿਚ ਸਥਿਤ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਖਿਲਾਫ ਲੋਕਾਂ ਨੇ ਇਕ ਵਾਰ ਫਿਰ ਤੋਂ ਮੋਰਚਾ ਖੋਲ੍ਹਣ ਦਾ ਮਨ ਬਣਾ ਲਿਆ ਹੈ। ਇਸ ਤੋਂ ਪਹਿਲਾਂ ਵੀ ਕੂਡ਼ਾ ਡੰਪ ਹਟਾਓ ਮੋਰਚਾ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਇਸ ਪਲਾਂਟ ਨੂੰ ਸ਼ਿਫਟ ਕਰਵਾਉਣ ਲਈ ਲੰਬਾ ਸੰਘਰਸ਼ ਕੀਤਾ ਗਿਆ ਸੀ ਪਰ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਸਿਰਫ ਭਰੋਸੇ ਹੀ ਦਿੱਤੇ ਗਏ ਤੇ ਪਲਾਂਟ ਨੂੰ ਆਬਾਦੀ ਤੋਂ ਹਟਾਇਆ ਨਹੀਂ ਗਿਆ। ਹੁਣ ਲੋਕਾਂ ਨੇ ਐਲਾਨ ਕੀਤਾ ਹੈ ਕਿ ਇਸ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਖਿਲਾਫ ਆਵਾਜ਼ ਬੁਲੰਦ ਕੀਤੀ ਗਈ ਸੀ ਤੇ ਹੁਣ ਕਾਂਗਰਸ ਸਰਕਾਰ ਖਿਲਾਫ ਵੀ ਲੋਕ ਮੋਰਚਾ ਲਾਉਣਗੇ ਤਾਂ ਕਿ ਇਸ ਪਲਾਂਟ ਨੂੰ ਬੰਦ ਕਰਵਾਇਆ ਜਾ ਸਕੇ।
ਵਿਵਾਦਾਂ ’ਚ ਹੀ ਰਿਹੈ ਸਾਲਿਡ ਵੇਸਟ ਪਲਾਂਟ
ਮਾਨਸਾ ਰੋਡ ’ਤੇ ਸਥਾਪਤ ਕੀਤਾ ਗਿਆ ਉਕਤ ਪਲਾਂਟ ਸ਼ੁਰੂ ਤੋਂ ਹੀ ਵਿਵਾਦਾਂ ਵਿਚ ਰਿਹਾ ਹੈ। ਸਥਾਪਤ ਦੌਰਾਨ ਲੋਕਾਂ ਨੇ ਇਸਦਾ ਸਖਤ ਵਿਰੋਧ ਕੀਤਾ ਤੇ ਮਾਮਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲ ਪਹੁੰਚ ਗਿਆ। ਟ੍ਰਿਬਿਊਨਲ ਵੱਲੋਂ ਲੰਬੀ ਸੁਣਵਾਈ ਤੋਂ ਬਾਅਦ ਕਈ ਸ਼ਰਤਾਂ ਤਹਿਤ ਇਸ ਪਲਾਂਟ ਨੂੰ ਚਾਲੂ ਕਰਨ ਦੀ ਇਜਾਜ਼ਤ ਦਿੱਤੀ ਗਈ। ਕੁਝ ਸਮੇਂ ਲਈ ਪਲਾਂਟ ਚਾਲੂ ਰਿਹਾ ਪਰ ਪਲਾਂਟ ’ਚੋਂ ਆਉਣ ਵਾਲੀ ਬਦਬੂ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ। ਪਲਾਂਟ ਦੇ ਵਿਰੋਧ ’ਚ ਗਠਿਤ ਕੂਡ਼ਾ ਡੰਪ ਹਟਾਓ ਮੋਰਚਾ ਵੱਲੋਂ ਫਿਰ ਲੋਕਾਂ ਦੇ ਸਹਿਯੋਗ ਨਾਲ ਸੰਘਰਸ਼ ਸ਼ੁਰੂ ਕੀਤਾ ਗਿਆ, ਜਿਸ ਤੋਂ ਬਾਅਦ ਕੁਝ ਸਮੇਂ ਲਈ ਪਲਾਂਟ ਨੂੰ ਬੰਦ ਕਰ ਦਿੱਤਾ ਗਿਆ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਫਿਰ ਪਲਾਂਟ ਨੂੰ ਚਾਲੂ ਕਰ ਦਿੱਤਾ ਗਿਆ ਹੈ।
ਰਾਜਨੀਤਕ ਤੌਰ ’ਤੇ ਵੀ ਸੁਰਖੀਆਂ ’ਚ ਰਿਹਾ ਪਲਾਂਟ
ਇਸ ਪਲਾਂਟ ਦਾ ਮੁੱਦਾ ਇਸ ਤਰ੍ਹਾਂ ਅਹਿਮ ਬਣ ਗਿਆ ਸੀ ਕਿ ਬੀਤੀ ਵਿਧਾਨ ਸਭਾ ਚੋਣ ਦੌਰਾਨ ਸਾਰੇ ਰਾਜਨੀਤਕ ਦਲਾਂ ਨੇ ਪਲਾਂਟ ਦੇ ਮੁੱਦੇ ਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ। ਹਰ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਸੱਤਾ ਵਿਚ ਆਉਂਦੇ ਹੀ ਪਲਾਂਟ ਨੂੰ ਆਬਾਦੀ ਤੋਂ ਹਟਾ ਦਿੱਤਾ ਜਾਵੇਗਾ। ਕਾਂਗਰਸ ਨੇ ਵੀ ਇਸ ਮੁੱਦੇ ’ਤੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਤੇ ਪਲਾਂਟ ਹਟਾਉਣ ਦੇ ਦਾਅਵੇ ਕੀਤੇ ਸੀ ਪਰ ਸੱਤਾ ਵਿਚ ਆਉਂਦੇ ਹੀ ਕਾਂਗਰਸ ਨੇ ਇਸ ਮੁੱਦੇ ਨੂੰ ਭੁੱਲਾ ਦਿੱਤਾ। ਲੋਕ ਕਈ ਵਾਰ ਵਿੱਤ ਮੰਤਰੀ ਨੂੰ ਮਿਲੇ ਪਰ ਭਰੋਸਿਆਂ ਤੋਂ ਇਲਾਵਾ ਕੁਝ ਨਹੀਂ ਮਿਲਿਆ। ਇਸ ਕਾਰਨ ਹੁਣ ਲੋਕਾਂ ਨੇ ਫਿਰ ਤੋਂ ਪਲਾਂਟ ਦੇ ਵਿਰੋਧ ਵਿਚ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਕਿਸੇ ਰਾਜਨੀਤਕ ਦਲ ’ਤੇ ਨਹੀਂ ਭਰੋਸਾ : ਜੋਸ਼ੀ
ਕੂਡ਼ਾ ਡੰਪ ਹਟਾਓ ਮੋਰਚਾ ਦੇ ਕਨਵੀਨਰ ਜੀਤ ਸਿੰਘ ਜੋਸ਼ੀ ਨੇ ਦੱਸਿਆ ਕਿ ਲੋਕ ਪਹਿਲਾਂ ਅਕਾਲੀ-ਭਾਜਪਾ ਦੇ ਲਾਰਿਆਂ ਵਿਚ ਫਸੇ ਰਹੇ ਤੇ ਹੁਣ ਕਾਂਗਰਸ ਵੀ ਉਸੇ ਰਾਹ ’ਤੇ ਚੱਲ ਰਹੀ ਹੈ। ਅਜਿਹੇ ’ਚ ਲੋਕਾਂ ਨੂੰ ਹੁਣ ਕਿਸੇ ਵੀ ਰਾਜਨੀਤਕ ਦਲ ’ਤੇ ਭਰੋਸਾ ਨਹੀਂ ਰਿਹਾ। ਪਲਾਂਟ ’ਚੋਂ ਆਉਣ ਵਾਲੀ ਬਦਬੂ ਤੇ ਇਕੱਠੇ ਕੂਡ਼ੇ ਕਾਰਨ ਲੋਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਕਾਰਨ ਮੋਰਚਾ ਨੇ ਫਿਰ ਤੋੋਂ ਲੋਕਾਂ ਦੀ ਮਦਦ ਨਾਲ ਸੰਘਰਸ਼ ਦਾ ਐਲਾਨ ਕੀਤਾ ਹੈ। ਇਸ ਸਬੰਧ ਵਿਚ 28 ਅਕਤੂਬਰ ਨੂੰ ਇਕ ਖਾਸ ਮੀਟਿੰਗ ਬੁਲਾਈ ਜਾ ਰਹੀ ਹੈ, ਜਿਸ ਵਿਚ ਸੰਘਰਸ਼ ਦੀ ਪੂਰੀ ਰਣਨੀਤੀ ਤਿਆਰ ਕੀਤੀ ਜਾਵੇਗੀ।
6 ਮਹੀਨੇ ’ਚ ਬੰਦ ਪਈਆਂ 50 ਸਟਰੀਟ ਲਾਈਟਾਂ ਵੀ ਠੀਕ ਨਹੀਂ ਕਰਵਾ ਸਕਿਆ ਨਗਰ ਨਿਗਮ
NEXT STORY