ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਕਾਂਗਰਸ ਦੇ ਨਵ-ਨਿਯੁਕਤ ਸੂਬਾ ਇੰਚਾਰਜ ਸਚਿਨ ਪਾਇਲਟ ਦੀ ਨਿਯੁਕਤੀ ਨਾਲ ਵੀ ਕਾਂਗਰਸ ਦਾ ਅੰਦਰੂਨੀ ਕਲੇਸ਼ ਘਟਦਾ ਨਜ਼ਰ ਨਹੀਂ ਆ ਰਿਹਾ। ਹੋਰ ਤਾਂ ਹੋਰ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੇ ਜੱਦੀ ਸ਼ਹਿਰ ਵਿਚ ਵੀ ਸਚਿਨ ਪਾਇਲਟ ਦੀ ਨਿਯੁਕਤੀ ਤੇ ਖੁਸ਼ੀ ਜਾਹਿਰ ਕਰਦਾ ਕੋਈ ਪੋਸਟਰ ਨਹੀਂ ਲਾਇਆ ਗਿਆ। ਜਦੋਂ ਕਿ ਦੂਜੇ ਪਾਸੇ ਟਕਸਾਲੀ ਕਾਂਗਰਸੀ ਆਗੂਆਂ ਪਰਮਜੀਤ ਸਿੰਘ ਬਿੱਲੂ ਸਿੱਧੂ, ਮੋਹਕਮ ਸੰਧੂ ਅਤੇ ਕੌਂਸਲਰ ਗੁਰਮੀਤ ਸਿੰਘ ਜੀਤਾ ਹੋਰਾਂ ਨੇ ਰਾਹੁਲ ਗਾਂਧੀ ਅਤੇ ਪਾਰਟੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਦਾ ਧੰਨਵਾਦ ਕਰਦਿਆਂ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਵਧਾਈ ਅਤੇ ਧੰਨਵਾਦੀ ਪੋਸਟਰ ਲਗਾ ਦਿੱਤੇ ਹਨ। ਇਹ ਆਗੂ ਉਹੀ ਹਨ ਜਿੰਨ੍ਹਾਂ ਨੂੰ ਰਾਜਾ ਵੜਿੰਗ ਧੜਾ ਆਪਣੇ ਵਿਰੋਧੀਆਂ ਵਜੋਂ ਵੇਖਦਾ ਹੈ ਅਤੇ ਇੰਨ੍ਹਾਂ ਟਕਸਾਲੀ ਕਾਂਗਰਸੀਆਂ ਨੂੰ ਅੱਖੋਂ-ਪਰੋਖੇ ਕਰਨ ਅਤੇ ਖੁੱਡੇ ਲਾਈਨ ਲਾਉਣ ਦੇ ਕਥਿਤ ਯਤਨਾਂ ਖਿਲਾਫ ਇੰਨ੍ਹਾਂ ਆਗੂਆਂ ਨੇ ਰਾਜਾ ਵੜਿੰਗ ਖਿਲਾਫ ਖੁੱਲ੍ਹ ਕੇ ਬਗਾਵਤੀ ਤੇਵਰ ਦਿਖਾਏ ਹਨ। ਦੱਸਣਯੋਗ ਹੈ ਕਿ ਪਿਛਲੀ ਦਿਨੀਂ ਭੁਪੇਸ਼ ਬਘੇਲ ਸ੍ਰੀ ਮੁਕਤਸਰ ਸਾਹਿਬ ਵਿਖੇ ਆਏ ਸਨ ਤਾਂ ਰਾਜਾ ਵੜਿੰਗ ਵਿਰੋਧੀ ਧੜੇ ਅਤੇ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਵੱਲੋਂ ਬਘੇਲ ਨੂੰ ਹਟਾਉਣ ਦੀ ਮੰਗ ਵਾਲੇ ‘… .. . ਗੋ ਬੈਕ’ ਦੇ ਪੋਸਟਰ ਲਾਏ ਸਨ ਜੋ ਡਾਢੀ ਚਰਚਾ ਵਿਚ ਰਹੇ।
ਇਸ ’ਪੋਸਟਰ ਵਾਰ’ ਨੇ ਉਸ ਵੇਲੇ ਹਿੰਸਕ ਰੂਪ ਧਾਰਨ ਕਰ ਲਿਆ ਸੀ ਜਦੋਂ ਰਾਜਾ ਵੜਿੰਗ ਦੇ ਸਮਰਥਕਾਂ ਅਤੇ ਪੋਸਟਰ ਲਗਾ ਰਹੀ ਟੀਮ ਵਿਚਾਲੇ ਝੜਪ ਹੋ ਗਈ। ਦੋਸ਼ ਹਨ ਕਿ ਵੜਿੰਗ ਸਮਰਥਕਾਂ ਨੇ ਫਲੈਕਸ ਲਗਾ ਰਹੇ ਵਾਹਨ ਦੇ ਡਰਾਈਵਰ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਅਤੇ ਪੋਸਟਰਾਂ ਨਾਲ ਭਰੀ ਗੱਡੀ ਕਥਿਤ ਤੌਰ ’ਤੇ ਅਗਵਾਹ ਕਰਕੇ ਲੈ ਗਏ ਸਨ। ਇਸ ਹਮਲੇ ਵਿੱਚ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ ਸੀ, ਜਿਸ ਨੂੰ ਸਿਵਲ ਹਸਪਤਾਲ ਭਰਤੀ ਕਰਵਾਉਣਾ ਪਿਆ ਸੀ। ਸਚਿਨ ਪਾਇਲਟ ਦੀ ਤਾਜਪੋਸ਼ੀ ’ਤੇ ਟਕਸਾਲੀਆਂ ਦੀ ਖ਼ੁਸ਼ੀ ਵਿਚ ਟਕਸਾਲੀ ਆਗੂਆਂ ਪਰਮਜੀਤ ਸਿੰਘ ਬਿੱਲੂ ਸਿੱਧੂ, ਮੋਹਕਮ ਸੰਧੂ ਅਤੇ ਹਰਜੀਤ ਸਿੰਘ ਜੀਤਾ (ਐੱਮ.ਸੀ.) ਹੋਰਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਹਾਲਤ ਸੁਧਾਰਨ ਲਈ ਸਚਿਨ ਪਾਇਲਟ ਦੀ ਨਿਯੁਕਤ ਬਹੁਤ ਵੱਡਾ ਅਸਰ ਪਾਵੇਗੀ।
ਉਨ੍ਹਾਂ ਕਿਹਾ ਕਿ ਸਚਿਨ ਪਾਇਲਟ ਵਰਗੇ ਸੁਲਝੇ ਹੋਏ ਅਤੇ ਦੂਰਅੰਦੇਸ਼ ਨੌਜਵਾਨ ਆਗੂ ਦੇ ਆਉਣ ਨਾਲ ਪੰਜਾਬ ਕਾਂਗਰਸ ਵਿੱਚ ਚੱਲ ਰਿਹਾ ਅੰਦਰੂਨੀ ਕਲੇਸ਼ ਖ਼ਤਮ ਹੋਵੇਗਾ। ਉਨ੍ਹਾਂ ਦਾ ਦਾਅਵਾ ਹੈ ਕਿ ਪਾਇਲਟ ਦੀ ਸੂਝ-ਬੂਝ ਨਾਲ ਸਾਰੇ ਕਾਂਗਰਸੀ ਲੀਡਰ ਇੱਕਜੁੱਟ ਹੋਣਗੇ ਅਤੇ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੂਰੀ ਤਾਕਤ ਨਾਲ ਵਾਪਸੀ ਕਰਕੇ ਸਰਕਾਰ ਬਣਾਏਗੀ। ਹਾਲਾਂਕਿ, ਜਿਸ ਤਰ੍ਹਾਂ ਸੂਬਾ ਪ੍ਰਧਾਨ ਦੇ ਆਪਣੇ ਹੀ ਗੜ੍ਹ ਵਿੱਚ ਉਹਨਾਂ ਵਿਰੁੱਧ ਧੜੇਬੰਦੀ ਸੜਕਾਂ ’ਤੇ ਆਈ ਹੈ, ਉਸ ਤੋਂ ਸਾਫ਼ ਹੈ ਕਿ ਨਵੇਂ ਇੰਚਾਰਜ ਸਚਿਨ ਪਾਇਲਟ ਲਈ ਆਉਂਦੇ ਹੀ ਰਾਜਾ ਵੜਿੰਗ ਅਤੇ ਟਕਸਾਲੀ ਧੜੇ ਵਿਚਾਲੇ ਸੰਤੁਲਨ ਬਣਾਉਣਾ ਇੱਕ ਵੱਡੀ ਸਿਆਸੀ ਚੁਣੌਤੀ ਹੋਵੇਗਾ।
ਤਿੰਨ ਦਿਨਾਂ ’ਚ ਦੂਜੀ ਵਾਰ ਰੱਦ ਹੋਈ ਹਲਵਾਰਾ-ਦਿੱਲੀ ਉਡਾਣ, 110 ਤੋਂ ਵੱਧ ਮੁਸਾਫ਼ਰ ਹੋਏ ਖੱਜਲ-ਖੁਆਰ
NEXT STORY