ਭਵਾਨੀਗੜ੍ਹ, (ਕਾਂਸਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਵੱਲੋਂ ਬਲਾਕ ਦੇ ਪਿੰਡ ਭੱਟੀਵਾਲ ਕਲਾਂ ਵਿਖੇ ਇੱਕ ਕਿਸਾਨ ਨੂੰ ਆਪਣੇ ਖੇਤਾਂ ’ਚ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਜੁਰਮਾਨਾ ਕੀਤੇ ਜਾਣ ’ਤੇ ਤਿੱਖੇ ਰੋਸ ਦਾ ਪ੍ਰਗਟਾਵਾਂ ਕੀਤਾ ਗਿਆ।
ਅੱਜ ਉਕਤ ਕਿਸਾਨ ਦੇ ਖੇਤ ’ਚ ਇਕੱਠੇ ਹੋਏ ਜਥੇਬੰਦੀ ਦੇ ਬਲਾਕ ਆਗੂ ਬਲਵਿੰਦਰ ਸਿੰਘ ਘਨੌੜ, ਜਸਵੀਰ ਸਿੰਘ ਗੱਗੜਪੁਰ, ਕਰਮ ਚੰਦ ਪੰਨਵਾਂ, ਕਸ਼ਮੀਰ ਸਿੰਘ ਆਲੋਅਰਖ ਅਤੇ ਕੁਲਦੀਪ ਸਿੰਘ ਬਖੋਪੀਰ ਨੇ ਕਿਹਾ ਕਿ ਪਿੰਡ ਭੱਟੀਵਾਲ ਕਲਾਂ ਦੇ ਕਿਸਾਨ ਨਵਜੋਤ ਸਿੰਘ ਪੁੱਤਰ ਸੁਖਦੇਵ ਸਿੰਘ ਨੂੰ ਪ੍ਰਸ਼ਾਸਨ ਵੱਲੋਂ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਦੇ ਸੰਬੰਧ ਵਿੱਚ 5 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਸ ਸਬੰਧੀ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਨਵਜੋਤ ਸਿੰਘ ਦੇ ਖੇਤ ਵਿੱਚ ਹਾਲੇ ਤੱਕ ਕੋਈ ਵੀ ਅੱਗ ਨਹੀਂ ਲਗਾਈ ਗਈ ਅਤੇ ਖੇਤ ਵਿੱਚ ਝੋਨਾ ਵੱਢਣ ਤੋਂ ਬਾਅਦ ਪਰਾਲੀ ਉਸੇ ਤਰ੍ਹਾਂ ਪਈ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਉਕਤ ਕਿਸਾਨ ਬੇਲਰ ਨਾਲ ਇਸ ਪਰਾਲੀ ਦੀਆਂ ਗੱਠਾਂ ਬਣਵਾਉਣੀਆਂ ਚਾਹੁੰਦਾ ਹੈ ਅਤੇ ਕਿਸਾਨ ਨੂੰ ਆਪਣੇ ਖੇਤ ‘ਚੋਂ ਝੋਨੇ ਦੀ ਫਸਲ ਵੱਢੀ ਨੂੰ 20 ਦਿਨ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਨਾ ਕੋਈ ਗੱਠਾਂ ਵਾਲੀ ਮਸ਼ੀਨ ਮਿਲੀ ਹੈ ਅਤੇ ਨਾ ਹੀ ਸਰਕਾਰ ਪਰਾਲੀ ਦਾ ਕੋਈ ਵੀ ਠੋਸ ਪ੍ਰਬੰਧ ਕਰ ਰਹੀ ਹੈ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਕਿਸਾਨਾਂ ਉੱਪਰ ਧੱਕੇ ਨਾਲ ਜੁਰਮਾਨੇ ਅਤੇ ਪਰਚੇ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਪਿਛਲੇ 10-12 ਦਿਨਾਂ ਤੋਂ ਭਵਾਨੀਗੜ੍ਹ ਤਹਿਸੀਲ ਦਫਤਰ ਵਿੱਚੋਂ ਕਥਿਤ ਤੌਰ ’ਤੇ ਭੱਟੀਵਾਲ ਕਲ੍ਹਾਂ ਦੇ ਕਿਸਾਨਾਂ ਨੂੰ ਫੋਨ ਆ ਰਹੇ ਹਨ ਕਿ ਤੁਸੀਂ ਤਹਿਸੀਲ ਆਕੇ 5000 ਰੁਪਏ ਜੁਰਮਾਨਾ ਜਮ੍ਹਾ ਕਰਵਾਓ ਜਦੋਂ ਕਿ ਕਿਸਾਨ ਆਗੂਆਂ ਨੇ ਜਦੋਂ ਉਕਤ ਕਿਸਾਨਾਂ ਦੇ ਖੇਤ ਵਿੱਚ ਜਾ ਕੇ ਦੇਖਿਆ ਤਾਂ ਕਿਸੇ ਵੀ ਖੇਤ ਦੇ ਵਿੱਚ ਪਰਾਲੀ ਦੀ ਰਹਿੰਦ ਖੁੰਹਦ ਨੂੰ ਅੱਗ ਨਹੀਂ ਲੱਗੀ ਹੋਈ ਸੀ ਅਤੇ ਆਗੂਆਂ ਨੇ ਕਿਹਾ ਕਿ ਜੇ ਕਿਸਾਨ ਦਾ ਜੁਰਮਾਨਾ ਰੱਦ ਨਾ ਕੀਤਾ ਗਿਆ ਤਾਂ ਇਸ ਸਬੰਧੀ ਜਥੇਬੰਦੀ ਵੱਲੋਂ ਕੋਈ ਪ੍ਰੋਗਰਾਮ ਉਲੀਕ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਇਕਾਈ ਆਗੂ ਗੁਰਚਰਨ ਸਿੰਘ, ਹਾਕਮ ਸਿੰਘ, ਨੈਬ ਸਿੰਘ ਅਤੇ ਜਰਨੈਲ ਸਿੰਘ ਸਮੇਤ ਵੱਡੀ ਗਿਣਤੀ ਕਿਸਾਨ ਮਜ਼ਦੂਰ ਸ਼ਾਮਿਲ ਹੋਏ।
ਸਕੂਲ 'ਚ ਐਕਟਿਵਾ ਲਿਆਏ 8ਵੀਂ ਦੇ ਵਿਦਿਆਰਥੀ ਨੇ ਪਾਇਆ ਭੜਥੂ, ਦੋ ਜਣੇ ਕੀਤੇ ਫੱਟੜ
NEXT STORY