ਅਬੋਹਰ (ਸੁਨੀਲ) : ਕਿੰਨੂ ਅਤੇ ਨਰਮੇ ਦੀ ਨੁਕਸਾਨੀ ਫ਼ਸਲ ਦੇ ਮੁਆਵਜ਼ੇ ਲਈ ਪੰਜਾਬ-ਰਾਜਸਥਾਨ ਕੌਮੀ ਮਾਰਗ 'ਤੇ ਕਿਸਾਨਾਂ ਵੱਲੋਂ ਲਾਇਆ ਗਿਆ ਪੱਕਾ ਮੋਰਚਾ ਮੰਗਲਵਾਰ ਨੂੰ ਵੀ ਜਾਰੀ ਰਿਹਾ। ਧਰਨੇ 'ਚ ਹਰ ਰੋਜ਼ ਕਿਸਾਨ 'ਆਪ' ਸੁਪਰੀਮੋ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਵੱਖ-ਵੱਖ ਮੰਤਰੀਆਂ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਨੇ 7ਵੇਂ ਦਿਨ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਪੁਤਲਾ ਫੂਕਿਆ। ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਦੀ ਅਗਵਾਈ ਹੇਠ ਦਿੱਤੇ ਧਰਨੇ ਵਿੱਚ ਪੰਜਾਬ ਅਤੇ ਰਾਜਸਥਾਨ ਤੋਂ ਆਏ ਵੱਖ-ਵੱਖ ਜੱਥੇਬੰਦੀਆਂ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਭਾਰਤ-ਪਾਕਿ ਸਰਹੱਦ 'ਤੇ ਹਥਿਆਰਾਂ ਦਾ ਜ਼ਖੀਰਾ ਬਰਾਮਦ
ਹਾਲਾਂਕਿ ਦੁਪਹਿਰ ਤੋਂ ਬਾਅਦ ਮੌਸਮ ਬਦਲ ਜਾਣ ਕਾਰਨ ਮੀਂਹ ਪੈਣਾ ਸ਼ੁਰੂ ਹੋ ਗਿਆ। ਧਰਨੇ ਦੇ ਰਹੇ ਕਿਸਾਨਾਂ ਨੇ ਕਿਹਾ ਕਿ ਅਸੀਂ 7 ਦਿਨਾਂ ਤੋਂ ਆਪਣੇ ਘਰਾਂ ਨੂੰ ਛੱਡ ਕੇ ਸੜਕ 'ਤੇ ਬੈਠੇ ਹਾਂ ਪਰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਚਾਹੇ ਕੁਝ ਵੀ ਹੋ ਜਾਵੇ, ਉਨ੍ਹਾਂ ਦਾ ਇਹ ਪੱਕਾ ਮੋਰਚਾ ਉਸ ਦਿਨ ਤੱਕ ਜਾਰੀ ਰਹੇਗਾ ਜਦੋਂ ਤੱਕ ਪੰਜਾਬ ਸਰਕਾਰ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਉਨ੍ਹਾਂ ਦੀਆਂ ਖਰਾਬ ਹੋਈਆਂ ਫ਼ਸਲਾਂ ਦਾ ਬਣਦਾ ਮੁਆਵਜ਼ਾ ਜਾਰੀ ਨਹੀਂ ਕਰ ਦਿੰਦੀ।
3 ਮਹੀਨਿਆਂ ਦੇ ਲੰਗਰ ਦੀ ਤਿਆਰੀ ਕਰਕੇ ਪਹੁੰਚੇ ਕਿਸਾਨ
ਧਰਨੇ 'ਤੇ ਬੈਠੇ ਕਿਸਾਨਾਂ ਨੇ ਦੱਸਿਆ ਕਿ ਉਹ ਪੂਰੇ ਪ੍ਰਬੰਧਾਂ ਨਾਲ ਪੱਕੇ ਮੋਰਚੇ 'ਤੇ ਉਤਰੇ ਹਨ ਅਤੇ ਜਿੱਤ ਕੇ ਹੀ ਘਰ ਵਾਪਸੀ ਕਰਨਗੇ। ਉਨ੍ਹਾਂ ਕੋਲੋਂ ਖਾਣ ਲਈ 3 ਮਹੀਨਿਆਂ ਦਾ ਰਾਸ਼ਨ ਹੈ। ਜਿਸ ਵਿੱਚ ਕਿਸਾਨਾਂ ਲਈ ਚਾਹ ਅਤੇ ਦਾਲ ਦਾ ਲੰਗਰ 24 ਘੰਟੇ ਚੱਲ ਰਿਹਾ ਹੈ। ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਲਈ ਰੋਟੀ-ਪਕੌੜਿਆਂ ਦਾ ਲੰਗਰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕਿਸਾਨਾਂ ਨੂੰ ਫਲ ਵੀ ਵੰਡੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਗੁਰਦੁਆਰਾ ਬੱਡ ਤੀਰਥ ਸਾਹਿਬ ਹਰੀਪੁਰਾ ਤੋਂ ਵੀ ਲੰਗਰ ਪਹੁੰਚ ਰਿਹਾ ਹੈ।
ਮੀਂਹ ਤੋਂ ਬਚਣ ਦਾ ਵੀ ਹੈ ਵਿਸ਼ੇਸ਼ ਪ੍ਰਬੰਧ
ਕਿਸਾਨਾਂ ਵੱਲੋਂ ਪੱਕੇ ਮੌਰਚੇ ਦੇ ਮੱਦੇਨਜ਼ਰ ਕੌਮੀ ਮਾਰਗ ਵਿਚਕਾਰ ਟੈਂਟ ਲਗਾ ਦਿੱਤੇ ਗਏ ਹਨ ਪਰ ਜਦੋਂ ਮੌਸਮ 'ਚ ਤਬਦੀਲੀ ਆਉਂਦੀ ਹੈ ਤੇ ਮੀਂਹ ਸ਼ੁਰੂ ਹੋ ਜਾਂਦਾ ਹੈ ਤਾਂ ਕਿਸਾਨਾਂ ਵੱਲੋਂ ਆਪਣਾ ਬਚਾ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਲਈ ਕਿਸਾਨ ਆਪਣੇ ਘਰਾਂ ਤੋਂ ਟਰੈਕਟਰ-ਟਰਾਲੀਆਂ ਅਤੇ ਤਰਪਾਲਾਂ ਨਾਲ ਲੈ ਕੇ ਆਏ ਹਨ। ਮੀਂਹ ਪੈਣ ਜਾਂ ਰਾਤ ਨੂੰ ਸੌਣ ਲਈ ਟਰਾਲੀਆਂ ਵਿੱਚ ਗੱਦੇ ਲਗਾਏ ਗਏ ਹਨ। ਇਸ ਦੇ ਨਾਲ ਹੀ ਮੀਂਹ ਤੋਂ ਬਚਣ ਲਈ ਕਿਸਾਨ ਬੈਰੀਅਰ 'ਤੇ ਬਣੀਆਂ ਦੁਕਾਨਾਂ ਦਾ ਸਹਾਰਾ ਲੈ ਰਹੇ ਹਨ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
NEXT STORY