ਧੂਰੀ (ਜੈਨ) : ਨਸ਼ੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮ੍ਰਿਤਕ ਨੌਜਵਾਨ ਲਈ ਨਸ਼ਾ ਲਿਆਉਣ ’ਚ ਮਦਦ ਕਰਨ ਵਾਲੇ 4 ਵਿਅਕਤੀਆਂ ਦੇ ਨਾਲ-ਨਾਲ ਨਸ਼ਾ ਸਪਲਾਈ ਕਰਨ ਲਈ ਵੀ 2 ਔਰਤਾਂ ਨੂੰ ਜ਼ਿੰਮੇਵਾਰ ਦੱਸਦੇ ਹੋਏ ਉਨ੍ਹਾਂ ਖ਼ਿਲਾਫ ਗੈਰ ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਧੂਰੀ ਵਿਖੇ ਮ੍ਰਿਤਕ ਨੌਜਵਾਨ ਸਾਜਨ ਪੁੱਤਰ ਰਾਜੇਸ਼ ਕੁਮਾਰ ਵਾਸੀ ਜਨਤਾ ਨਗਰ, ਧੂਰੀ ਦੀ ਮਾਤਾ ਰਾਣੀ ਦੇ ਬਿਆਨ ਦੇ ਆਧਾਰ ’ਤੇ ਦਰਜ ਕੀਤੇ ਗਏ ਮਾਮਲੇ ਅਨੁਸਾਰ ਉਸਦਾ ਲੜਕਾ ਸਾਜਨ ਮਜ਼ਦੂਰੀ ਦਾ ਕੰਮ ਕਰਦਾ ਸੀ।
ਉਸਦੇ ਨਾਲ ਕੰਮ ਕਰਨ ਵਾਲੇ ਵਿੱਕੀ ਸਿੰਘ, ਰਕੇਸ਼ ਕੁਮਾਰ ਉਰਫ ਬੱਬੂ, ਮਨਦੀਪ ਸਿੰਘ ਉਰਫ ਦੀਪਾ ਅਤੇ ਜਗਤਾਰ ਸਿੰਘ ਉਰਫ ਬਿੱਟੂ ਨੇ ਮਿਲ ਕੇ ਸ਼ੀਲੋ ਪਤਨੀ ਤਰਸੇਮ ਸਿੰਘ ਅਤੇ ਮਾਇਆ ਪਤਨੀ ਦਲਵਾਰਾ ਸਿੰਘ ਵਾਸੀ ਧੂਰੀ ਤੋਂ ਨਸ਼ਾ ਲਿਆ ਕੇ ਉਸਦੇ ਲੜਕੇ ਨੂੰ ਜ਼ਿਆਦਾ ਨਸ਼ਾ ਕਰਵਾ ਦਿੱਤਾ ਸੀ। ਜਿਸ ਦੀ ਓਵਰਡੋਜ਼ ਹੋਣ ਕਾਰਨ ਉਸਦੀ ਮੌਤ ਹੋ ਗਈ। ਪੁਲਸ ਵੱਲੋਂ ਉਕਤ ਛੇਵਾਂ ਖ਼ਿਲਾਫ ਗੈਰ ਇਰਾਦਤਨ ਹੱਤਿਆ ਦੇ ਨਾਲ-ਨਾਲ ਐੱਨ.ਡੀ.ਪੀ.ਐੱਸ .ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਦੋਸਤਾਂ ਨਾਲ ਖੇਡਣ ਗਏ ਚੌਥੀ ਜਮਾਤ ਦੇ ਬੱਚੇ ਦੀ ਮਿਲੀ ਲਾਸ਼, ਪਰਿਵਾਰ 'ਚ ਪਿਆ ਚੀਕ-ਚਿਹਾੜਾ
NEXT STORY