ਬਿਨ੍ਹਾਂ ਪਰਾਲੀ ਸਾੜੇ ਖੇਤੀ ਕਰ ਰਿਹਾ ਇਹ ਪਿੰਡ ਬਣਿਆ ਦੂਜਿਆ ਲਈ ਮਿਸਾਲ
ਸੰਗਰੂਰ (ਰਾਜੇਸ਼ ਕੋਹਲੀ) : ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਕਾਰਨ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਹਵਾ ਜ਼ਹਿਰੀਲੀ ਹੋ ਚੁੱਕੀ ਹੈ ਜਿਸ ਦੇ ਚਲਦੇ ਸਾਹ ਤੱਕ ਲੈਣਾ ਮੁਸ਼ਕਲ ਹੋ ਗਿਆ ਹੈ। ਸਰਕਾਰ ਇਸ ਦੇ ਲਈ ਕਿਸਾਨ ਨੂੰ ਜ਼ਿੰਮੇਦਾਰ ਠਹਿਰਾ ਰਹੀ ਹੈ, ਉਥੇ ਕਿਸਾਨ ਪਰਾਲੀ ਨੂੰ ਅੱਗ ਲਗਾਉਣਾ ਆਪਣੀ ਮਜਬੂਰੀ ਦੱਸ ਰਹੇ ਹਨ ਪਰ ਸੰਗਰੂਰ ਦਾ ਇਕ ਅਜਿਹਾ ਪਿੰਡ ਵੀ ਹੈ ਜੋ ਵਾਤਾਵਰਣ ਵਿਚ ਪਰਾਲੀ ਦੇ ਧੂੰਏਂ ਦਾ ਜ਼ਹਿਰ ਨਹੀਂ ਘੋਲ ਰਿਹਾ।
ਦਰਅਸਲ ਸੰਗਰੂਰ ਦੇ ਪਿੰਡ ਨਾਟਕੇ ਚੱਠ ਵਿਚ 80 ਫੀਸਦੀ ਤੋਂ ਜ਼ਿਆਦਾ ਲੋਕ ਪਿਛਲੇ 7-8 ਸਾਲ ਤੋਂ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਹੈਪੀ ਸੀਡਰ ਜਾਂ ਫਿਰ ਖੇਤੀਬਾੜੀ ਵਿਭਾਗ ਵਲੋਂ ਦਿੱਤੀਆਂ ਦੂਜੀਆਂ ਮਸ਼ੀਨਾਂ ਰਾਹੀਂ ਕਣਕ ਦੀ ਸਿੱਧੀ ਬਿਜਾਈ ਕਰ ਰਹੇ ਹਨ। ਕੁੱਝ ਗਿਣੇ-ਚੁਣੇ ਲੋਕ ਹੀ ਹਨ ਜਿਨ੍ਹਾਂ ਨੇ ਅੱਗ ਲਗਾ ਕੇ ਕਣਕ ਦੀ ਬਿਜਾਈ ਕੀਤੀ ਹੈ। ਪਿੰਡ ਦੇ ਲੋਕ ਦੱਸਦੇ ਹਨ ਕਿ ਉਨ੍ਹਾਂ ਨੂੰ ਖੇਤੀਬਾੜੀ ਵਿਭਾਗ ਵਲੋਂ ਜੋ ਜਾਣਕਾਰੀ ਦਿੱਤੀ ਜਾਂਦੀ ਹੈ ਉਹ ਉਸ ਨੂੰ ਪਹਿਲ ਦੇ ਆਧਾਰ 'ਤੇ ਅਪਣਾਉਂਦੇ ਹਨ, ਜਿਸ ਦਾ ਨਤੀਜਾ ਹੈ ਕਿ ਉਨ੍ਹਾਂ ਦੇ ਪਿੰਡ ਦੇ ਲੋਕ ਜਾਗਰੂਕ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਦੀ ਇਕ ਐਨ.ਜੀ.ਓ. ਵਲੋਂ ਉਨ੍ਹਾਂ ਨੂੰ ਇਕ ਕਿੱਲੇ ਪਿੱਛੇ 500 ਰੁਪਏ ਦੀ ਸਬਸਿਡੀ ਵੀ ਦਿੱਤੀ ਗਈ ਹੈ। ਉੱਧਰ ਖੇਤੀਬਾੜੀ ਵਿਭਾਗ ਵੀ ਸੰਗਰੂਰ ਦੇ ਇਸ ਇਕਲੌਤੇ ਪਿੰਡ ਦੀ ਤਾਰੀਫ ਕਰਦਾ ਨਹੀਂ ਥੱਕਦਾ। ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਟੀਚਾ ਇਸ ਪਿੰਡ 'ਚ 100 ਫੀਸਦੀ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਲਈ ਪ੍ਰੇਰਿਤ ਕਰਨਾ ਹੈ।
ਅੱਜ ਲੋੜ ਹੈ ਬਾਕੀ ਕਿਸਾਨਾਂ ਨੂੰ ਵੀ ਇਸ ਪਿੰਡ ਤੋਂ ਪ੍ਰੇਰਣਾ ਲੈਣ ਦੀ, ਤਾਂ ਜੋ ਧਰਤੀ ਮਾਂ ਦਾ ਸੀਨਾ ਵੀ ਠਰਿਆ ਰਹੇ ਤੇ ਕਿਸਾਨਾਂ ਨੂੰ ਫਸਲ ਦਾ ਚੰਗਾ ਝਾੜ ਵੀ ਮਿਲਦਾ ਰਹੇ।
ਪੰਜਾਬ ਸਰਕਾਰ ਵਲੋਂ ਬਣਾਈ 'ਸਿੱਟ' ਨੂੰ ਦਰ-ਕਿਨਾਰ ਕਰ ਕੇ ਬਾਦਲ ਨੂੰ ਸਨਮਾਨਤ ਕਰਨਾ ਮੰਦਭਾਗਾ: ਰਣਜੀਤ ਸਿੰਘ
NEXT STORY