ਮਾਛੀਵਾੜਾ ਸਾਹਿਬ/ਸਾਹਨੇਵਾਲ (ਟੱਕਰ/ਜਗਰੂਪ) : ਵਿਧਾਨ ਸਭਾ ਹਲਕਾ ਸਾਹਨੇਵਾਲ ਪੰਜਾਬ ਦਾ ਇਕ ਅਜਿਹਾ ਹਲਕਾ ਹੋਵੇਗਾ ਜਿੱਥੇ ਸਭ ਤੋਂ ਵੱਧ ਕਾਂਗਰਸ ਦੇ ਸੰਭਾਵੀ ਉਮੀਦਵਾਰਾਂ ਦੀ ਸੂਚੀ ਬਣਾਈ ਜਾ ਸਕਦੀ ਹੈ ਅਤੇ ਹੁਣ ਗਾਇਕਾ ਸਤਵਿੰਦਰ ਬਿੱਟੀ ਨੇ ਵੀ ਇਸ ਹਲਕੇ ਵਿਚ ਦਸਤਕ ਦੇ ਕੇ ਆਪਣੇ ਆਪ ਨੂੰ ਸੰਭਾਵੀ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰ ਦਿੱਤਾ ਹੈ। ਗਾਇਕਾ ਸਤਵਿੰਦਰ ਬਿੱਟੀ ਜੋ ਕਿ ਹਲਕਾ ਸਾਹਨੇਵਾਲ ਦੇ ਪਿੰਡ ਕੂੰਮ ਖੁਰਦ ਦੇ ਨਿਵਾਸੀ ਕੁਲਰਾਜ ਸਿੰਘ ਗਰੇਵਾਲ ਨਾਲ ਵਿਆਹੀ ਹੋਈ ਹੈ ਅਤੇ ਅੱਜ ਉਨ੍ਹਾਂ ਆਪਣੀਆਂ ਚੋਣ ਸਰਗਰਮੀਆਂ ਸਬੰਧੀ ਵਿਸ਼ੇਸ਼ ਕਾਨਫਰੰਸ ਕੀਤੀ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਵਿਧਾਨ ਸਭਾ ਹਲਕੇ ਦੀ ਨੂੰਹ ਹੈ ਅਤੇ ਇੱਥੋਂ ਦੇ ਲੋਕਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜੋ ਪਿਆਰ ਦਿਖਾਇਆ ਅਤੇ ਜੋ ਭਾਵਨਾ ਜੁੜੀ ਹੋਈ ਹੈ ਉਹ ਉਸ ਨੂੰ ਮੁੜ ਖਿੱਚ ਲਿਆਈ ਹੈ। ਜ਼ਿਕਰਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਗਾਇਕਾ ਸਤਵਿੰਦਰ ਕੌਰ ਬਿੱਟੀ ਕੁਝ ਵੋਟਾਂ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼ਰਨਜੀਤ ਸਿੰਘ ਢਿੱਲੋਂ ਤੋਂ ਹਾਰ ਗਈ ਸੀ ਜਿਸ ਕਾਰਨ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ ਇੱਥੋਂ ਵਿਕਰਮ ਸਿੰਘ ਬਾਜਵਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ।
2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਗਾਇਕਾ ਤੇ ਕਾਂਗਰਸੀ ਆਗੂ ਸਤਵਿੰਦਰ ਕੌਰ ਬਿੱਟੀ ਦਾ ਹਲਕੇ ਨਾਲ ਲਗਭਗ ਸੰਪਰਕ ਟੁੱਟਿਆ ਰਿਹਾ ਅਤੇ ਹੁਣ ਵਿਧਾਨ ਸਭਾ ਚੋਣਾਂ ਨੇੜ੍ਹੇ ਆਉਂਦਿਆਂ ਉਨ੍ਹਾਂ ਨੇ ਫਿਰ ਸਾਰੇ ਹਲਕੇ ਵਿਚ ਵੱਡੇ-ਵੱਡੇ ਪੋਸਟਰ ਲਗਾ ਦਿੱਤੇ ਹਨ ਅਤੇ ਆਪਣੀ ਉਮੀਦਵਾਰ ਵਜੋਂ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਿਆਸਤ ਵਿਚ ਨਾਮ ਬਨਾਉਣ ਲਈ ਨਹੀਂ ਆਈ ਬਲਕਿ ਨਾਮ ਕਮਾਉਣ ਆਏ ਹਨ ਕਿਉਂਕਿ ਗਾਇਕੀ ’ਚ ਧਾਰਮਿਕ ਤੇ ਹੋਰ ਸੱਭਿਆਚਾਰਕ ਗੀਤਾਂ ਰਾਹੀਂ ਉਨ੍ਹਾਂ ਨੂੰ ਲੋਕਾਂ ਦਾ ਬੇਹੱਦ ਪਿਆਰ ਤੇ ਨਾਮ ਮਿਲਿਆ ਹੈ। ਹਲਕਾ ਸਾਹਨੇਵਾਲ ਵਿਚ ਪਹਿਲਾਂ ਹੀ ਦਰਜਨ ਤੋਂ ਵੱਧ ਕਾਂਗਰਸ ਦੇ ਸੰਭਾਵੀ ਉਮੀਦਵਾਰਾਂ ਦੀ ਗਿਣਤੀ ’ਤੇ ਪ੍ਰਤੀਕਿਰਿਆ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੇ ਹੀ ਕਾਂਗਰਸੀ ਆਗੂ ਉਨ੍ਹਾਂ ਲਈ ਸਤਿਕਾਰਯੋਗ ਹਨ ਜੋ ਪਾਰਟੀ ਲਈ ਕੰਮ ਕਰ ਰਹੇ ਹਨ। 5 ਸਾਲ ਬਾਅਦ ਹਲਕੇ ਵਿਚ ਸਰਗਰਮੀ ਦਿਖਾਉਣਾ ਅਤੇ ਲੋਕਾਂ ਨਾਲ ਸੰਪਰਕ ਟੁੱਟ ਜਾਣ ਬਾਰੇ ਉਨ੍ਹਾਂ ਪ੍ਰਤੀਕਿਰਿਆ ਕੀਤੀ ਕਿ ਉਹ ਸਿਆਸਤ ਵਿਚ ਫਾਲਤੂ ਦੀ ਬਿਆਨਬਾਜ਼ੀ ਤੋਂ ਗੁਰੇਜ਼ ਕਰਦੇ ਹਨ ਅਤੇ ਸਹੀ ਮੌਕਾ ਆਉਣ ’ਤੇ ਹੀ ਉਹ ਮੁੜ ਸਰਗਰਮ ਹੋਏ ਹਨ। ਬਿੱਟੀ ਨੇ ਰਾਹੁਲ ਗਾਂਧੀ ਤੇ ਪ੍ਰਦੇਸ਼ ਪ੍ਰਧਾਨ ਪਰਗਟ ਸਿੰਘ ਦਾ ਧੰਨਵਾਦ ਪ੍ਰਗਟਾਇਆ ਕਿ ਜਿਨ੍ਹਾਂ ਨੇ ਵਿਸ਼ਵਾਸ ਕਰਕੇ ਮੁੜ ਹਲਕਾ ਸਾਹਨੇਵਾਲ ’ਚ ਸਰਗਰਮ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਇਕ ਹਾਕੀ ਖਿਡਾਰੀ ਰਹੇ ਹਨ ਅਤੇ ਉਹ ਵੀ ਹਾਕੀ ਖੇਡ ਚੁੱਕੇ ਹਨ, ਇਸ ਲਈ ਉਹ ਉਨ੍ਹਾਂ ਦੀ ਅਗਵਾਈ ਵਿਚ ਹਲਕਾ ਸਾਹਨੇਵਾਲ ’ਚੋਂ ਜਿੱਤ ਪ੍ਰਾਪਤ ਕਰਨਗੇ।
ਉਨ੍ਹਾਂ ਕਿਹਾ ਕਿ ਹਲਕਾ ਸਾਹਨੇਵਾਲ ਵਿਕਾਸ ਪੱਖੋਂ ਪਛੜ ਚੁੱਕਾ ਹੈ, ਸਾਡਾ ਜ਼ਮੀਨ ਹੇਠਲਾ ਪਾਣੀ ਗੰਧਲਾ ਹੋ ਚੁੱਕਾ ਹੈ ਅਤੇ ਨਸ਼ਿਆਂ ਨੇ ਇਸ ਹਲਕੇ ਦੀ ਜਵਾਨੀ ਨੂੰ ਖਾ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੀ ਕਚਹਿਰੀ ਵਿਚ ਜਾਵਾਂਗੇ ਅਤੇ ਕਾਂਗਰਸ ਸਰਕਾਰ ਆਉਣ ’ਤੇ ਇਨ੍ਹਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 2017 ਤੋਂ ਲੈ ਕੇ 2022 ਤੱਕ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਵੀ ਉਨ੍ਹਾਂ ਕਾਂਗਰਸ ਸਰਕਾਰ ਦੌਰਾਨ ਹਲਕੇ ਸਾਹਨੇਵਾਲ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਹੁਣ ਵੀ ਉਨ੍ਹਾਂ ਦੇ ਮਨ ਵਿਚ ਬਹੁਤ ਇਛਾਵਾਂ ਹਨ ਕਿ ਆਪਣੇ ਹਲਕੇ ਨੂੰ ਵਿਕਾਸ ਪੱਖੋਂ ਬੁਲੰਦੀਆਂ ’ਤੇ ਪਹੁੰਚਾਵਾਂ।
ਹਲਕਾ ਸਾਹਨੇਵਾਲ ’ਚ ਕਾਂਗਰਸ ਦੀ ਟਿਕਟ ਨੂੰ ਲੈ ਕੇ ‘ਇੱਕ ਅਨਾਰ 100 ਬੀਮਾਰ ਵਰਗਾ ਹਾਲ’
ਵਿਧਾਨ ਸਭਾ ਹਲਕਾ ਸਾਹਨੇਵਾਲ ਪੰਜਾਬ ਦਾ ਇਕ ਅਜਿਹਾ ਹਲਕਾ ਹੋਵੇਗਾ ਜਿੱਥੇ ਸਭ ਤੋਂ ਵੱਧ ਕਾਂਗਰਸ ਦੇ ਸੰਭਾਵੀ ਉਮੀਦਵਾਰਾਂ ਦੀ ਸੂਚੀ ਬਣਾਈ ਜਾ ਸਕਦੀ ਹੈ ਅਤੇ ਇਸ ਹਲਕੇ ਤੋਂ ਟਿਕਟ ਤਾਂ ਸਿਰਫ਼ ਇਕ ਆਗੂ ਨੂੰ ਮਿਲਣੀ ਹੈ ਪਰ ‘ਇੱਕ ਅਨਾਰ ਤੇ 100 ਬੀਮਾਰ ਹਨ’ ਵਰਗੇ ਹਾਲਾਤ ਬਣੇ ਹੋਏ ਹਨ। ਪਿਛਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵਿਕਰਮ ਸਿੰਘ ਬਾਜਵਾ ਚੋਣ ਜਿੱਤਦੇ-ਜਿੱਤਦੇ ਆਖਰੀ ਪਲਾਂ ਵਿਚ ਆਮ ਆਦਮੀ ਪਾਰਟੀ ਦੀ ਲਹਿਰ ਅੱਗੇ ਕੁਝ ਵੋਟਾਂ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ। ਵਿਕਰਮ ਸਿੰਘ ਬਾਜਵਾ ਨੇ ਹੌਂਸਲਾ ਨਹੀਂ ਛੱਡਿਆ ਜੋ ਸਰਕਾਰ ਨਾ ਹੋਣ ਦੇ ਬਾਵਜੂਦ ਵੀ ਪਿਛਲੇ 5 ਸਾਲਾਂ ਤੋਂ ਹਲਕੇ ਵਾਸੀਆਂ ਦੇ ਦੁੱਖ, ਸੁੱਖ ਵਿਚ ਸ਼ਾਮਲ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਡਟੇ ਰਹੇ। ਪਿਛਲੇ 5 ਸਾਲਾਂ ਵਿਚ ਵਿਕਰਮ ਸਿੰਘ ਬਾਜਵਾ ਦੀ ਅਗਵਾਈ ਵਿਚ ਕਾਂਗਰਸ ਜਿੱਥੇ ਲੋਕ ਸਭਾ ਚੋਣਾਂ 20 ਹਜ਼ਾਰ ਵੋਟਾਂ ਨਾਲ ਜਿੱਤੀ ਉੱਥੇ ਹੋਰ ਚੋਣਾਂ ਵਿਚ ਵੀ ਪਾਰਟੀ ਦੀ ਕਾਰਗੁਜ਼ਾਰੀ ਸ਼ਲਾਘਾਯੋਗ ਰਹੀ। ਹਲਕਾ ਸਾਹਨੇਵਾਲ ਵਿਚ ਇਹ ਪਹਿਲਾ ਮੌਕਾ ਨਹੀਂ, ਇੱਥੇ ਜਿਉਂ ਹੀ ਵਿਧਾਨ ਸਭਾ ਚੋਣਾਂ ਨੇੜ੍ਹੇ ਆਉਂਦੀਆਂ ਹਨ ਤਾਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਦੀਆਂ ਕਤਾਰਾਂ ਹੀ ਲੱਗ ਜਾਂਦੀਆਂ ਹਨ।
ਸਾਰਾ ਵਿਧਾਨ ਸਭਾ ਹਲਕਾ ਸੰਭਾਵੀ ਉਮੀਦਵਾਰਾਂ ਦੇ ਬੋਰਡਾਂ ਨਾਲ ਭਰ ਜਾਂਦਾ ਹੈ ਅਤੇ ਹਰ ਕੋਈ ਆਗੂ ਆਪਣੀ ਟਿਕਟ ਪੱਕੀ ਸਮਝ ਕੇ ਲੋਕਾਂ ਵਿਚ ਵਿਚਰਨਾ ਸ਼ੁਰੂ ਕਰ ਦਿੰਦਾ ਹੈ। ਵਿਕਰਮ ਸਿੰਘ ਬਾਜਵਾ ਪਿਛਲੇ 2012 ਸੰਨ ਤੋਂ ਵਿਧਾਨ ਸਭਾ ਹਲਕਾ ਸਾਹਨੇਵਾਲ ਵਿਚ ਪੱਕੇ ਤੌਰ ’ਤੇ ਰਿਹਾਇਸ਼ ਬਣਾ ਕੇ ਰਹਿ ਰਹੇ ਹਨ ਅਤੇ ਇਸ ਵਾਰ ਵੀ ਉਹ ਪਾਰਟੀ ਦੇ ਮਜ਼ਬੂਤ ਉਮੀਦਵਾਰ ਵਜੋਂ ਉੱਭਰ ਕੇ ਲੋਕਾਂ ਵਿਚ ਵਿਚਰ ਰਹੇ ਹਨ ਪਰ ਦੂਸਰੇ ਪਾਸੇ ਕਰੀਬ 1 ਦਰਜਨ ਹੋਰ ਕਾਂਗਰਸੀ ਆਗੂ ਹਨ ਜੋ ਕਿ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਟਿਕਟ ਲੈਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਹਾਲੇ ਹਲਕਾ ਸਾਹਨੇਵਾਲ ਵਿਚ ਕਾਂਗਰਸ ਦੀ ਖਿੱਚੋਤਾਣ ਚੱਲ ਰਹੀ ਸੀ ਕਿ ਹੁਣ 5 ਸਾਲ ਬਾਅਦ ਪ੍ਰਸਿੱਧ ਗਾਇਕਾ ਸਤਵਿੰਦਰ ਕੌਰ ਬਿੱਟੀ ਵੀ ਵਿਧਾਨ ਸਭਾ ਹਲਕੇ ਤੋਂ ਟਿਕਟ ਲੈਣ ਵਾਲੇ ਉਮੀਦਵਾਰਾਂ ਦੀ ਲਾਈਨ ਵਿਚ ਲੱਗ ਗਈ ਹੈ।
ਜਿਸ ਦੀਆਂ ਲੱਤਾਂ ਭਾਰ ਨਹੀਂ ਝੱਲਦੀਆਂ ਉਹ ਪਾਰਟੀ ਛੱਡ ਸਕਦਾ, ਪਰਗਟ ਸਿੰਘ ਦੀ ਚਿਤਾਵਨੀ
NEXT STORY