ਫਰੀਦਕੋਟ (ਚਾਵਲਾ)-ਫ਼ਰੀਦਕੋਟ-ਫ਼ਿਰੋਜ਼ਪੁਰ ਰੋਡ ’ਤੇ ਪੈਂਦੇ ਪਿੰਡ ਗੋਲੇਵਾਲਾ ਅਤੇ ਰਾਜੇਵਾਲਾ ਕੋਲ ਦੁਪਹਿਰ 1 ਵਜੇ ਦੇ ਕਰੀਬ ਇਕ ਆਟੋ ਅਤੇ ਐਡਸਟਰ ਕਾਰ ਦੀ ਸਿੱਧੀ ਟੱਕਰ ਹੋਣ ਕਰ ਕੇ 4 ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਮੌਜੂਦ ਲੋਕਾਂ ਨੇ ਦੱਸਿਆ ਕਿ ਆਟੋ ਫਿਰੋਜ਼ਪੁਰ ਵੱਲੋਂ ਆ ਰਿਹਾ ਸੀ, ਜਿਸ ਵਿਚ ਤਿੰਨ ਔਰਤਾਂ ਸਵਾਰ ਸਨ, ਜੋ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਾਲ ਵਿਚ ਦਾਖ਼ਲ ਆਪਣੇ ਇਕ ਰਿਸ਼ਤੇਦਾਰ ਮਰੀਜ਼ ਦਾ ਪਤਾ ਲੈਣ ਜਾ ਰਹੀਆਂ ਸਨ।
ਦੂਜੇ ਪਾਸੇ ਪਿੰਡ ਰਾਜੇਵਾਲਾ ਦਾ ਰਹਿਣ ਵਾਲਾ ਹਰਪਾਲ ਸਿੰਘ ਆਪਣੀ ਕਾਰ ਵਿਚ ਫਰੀਦਕੋਟ ਤੋਂ ਆ ਰਿਹਾ ਸੀ ਤਾਂ ਦੋਵਾਂ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਰਾਹਗੀਰਾਂ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਪੂਰਾ ਆਟੋ ਚਕਨਾਚੂਰ ਹੋ ਗਿਆ ਅਤੇ ਦਰੱਖਤਾਂ ਵਿਚ ਚਲਾ ਗਿਆ ਅਤੇ ਤਿੰਨ ਔਰਤਾਂ ਤੇ ਆਟੋ ਚਾਲਕ ਗੰਭੀਰ ਜ਼ਖਮੀ ਹੋ ਗਏ। ਰਾਹਗੀਰਾਂ ਤੇ ਮੌਕੇ ’ਤੇ ਮੌਜੂਦ ਲੋਕਾਂ ਨੇ ਐਂਬੂਲੈਂਸ ਬੁਲਾ ਕੇ ਜ਼ਖਮੀਆਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਾਲ ਵਿਖੇ ਪਹੁੰਚਾਇਆ।
ਉਕਤ ਰਵੀ ਕੁਮਾਰ ਨੇ ਦੱਸਿਆ ਕਿ ਉਸ ਦੀ ਮਾਤਾ ਪਰਮਜੀਤ ਕੌਰ ਉਮਰ 55 ਸਾਲ, ਉਸ ਦੀ ਮਾਸੀ ਜੋਤੀ ਉਮਰ 40 ਸਾਲ, ਮਾਸੀ ਮੋਨਾ ਰਾਣੀ ਜੋ ਕਿਸੇ ਰਿਸ਼ਤੇਦਾਰ ਦਾ ਪਤਾ ਲੈਣ ਲਈ ਫ਼ਿਰੋਜ਼ਪੁਰ ਤੋਂ ਫ਼ਰੀਦਕੋਟ ਆ ਰਹੀ ਸੀ ਤਾਂ ਰਸਤੇ ਵਿਚ ਅਚਾਨਕ ਹਾਦਸਾ ਵਾਪਰ ਗਿਆ। ਮੋਨਾ ਰਾਣੀ ਦੇ ਜ਼ਿਆਦਾ ਸੱਟ ਲੱਗੀ ਹੈ, ਜਦਕਿ ਪਰਮਜੀਤ ਕੌਰ ਵੀ ਗੰਭੀਰ ਜ਼ਖਮੀ ਹੈ। ਆਟੋ ਚਾਲਕ ਵੀ ਗੰਭੀਰ ਜ਼ਖ਼ਮੀ ਹੋ ਗਿਆ। ਉਕਤ ਰਾਹਗੀਰ ਵੀ ਕਾਰ ਚਾਲਕ ਦੀ ਗਲਤੀ ਦੱਸ ਰਹੇ ਹਨ।
ਉੱਥੇ ਗੋਲੇਵਾਲਾ ਚੌਕੀ ਦੀ ਇੰਚਾਰਜ ਸੁਖਚੈਨ ਕੌਰ ਵੀ ਆਪਣੀ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜੀ ਅਤੇ ਕਾਰ ਤੇ ਆਟੋ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕਰਨ ਉਪਰੰਤ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
DGGI ਲੁਧਿਆਣਾ ਨੇ ਟੈਕਸ ਚੋਰੀ ਰੈਕੇਟ ’ਚ ਸ਼ਾਮਲ ਕਈ ਫਰਮਾਂ ’ਤੇ ਕੀਤੀ ਕਾਰਵਾਈ
NEXT STORY