ਲੁਧਿਆਣਾ, (ਜ.ਬ.)- ਬੱਸਾਂ ਦੇ ਟਾਈਮ ਟੇਬਲ ਕਾਰਨ ਨਿੱਜੀ ਬੱਸਾਂ ਦੇ ਕਰਿੰਦੇ ਆਮ ਕਰ ਕੇ ਸਵਾਰੀਆਂ ਨੂੰ ਆਪਣੀਆਂ ਬੱਸਾਂ ਵਿਚ ਚਡ਼੍ਹਾਉਣ ਲਈ ਝਗਡ਼ਾ ਕਰਨ ਲਈ ਤਿਆਰ ਰਹਿੰਦੇ ਹਨ। ਅਜਿਹਾ ਹੀ ਇਕ ਕੇਸ ’ਚ ਪੰਜਾਬ ਰੋਡਵੇਜ਼ ਲੁਧਿਆਣਾ ਦੀ ਬੱਸ ਦੇ ਕੰਡਕਟਰ ਅਤੇ ਡਰਾਈਵਰ ਨੂੰ ਬੁਰੀ ਤਰ੍ਹਾਂ ਕੁੱਟ-ਮਾਰ ਕੇ ਜ਼ਖਮੀ ਕਰਨ ਦਾ ਸਾਹਮਣੇ ਆਇਆ ਹੈ।
ਹੋਇਆ ਇੰਝ ਕਿ ਲੁਧਿਆਣਾ ਤੋਂ ਵਾਇਆ ਬਠਿੰਡਾ/ਗੰਗਾਨਗਰ ਨੂੰ ਰੋਡਵੇਜ਼ ਦੀ ਬੱਸ ਸਵਾਰੀਆਂ ਨੂੰ ਆਪਣੇ ਸਹੀ ਟਾਈਮ ’ਤੇ ਲਿਜਾ ਰਹੀ ਸੀ ਅਤੇ ਪਿੱਛੋਂ ਤੇਜ਼ੀ ਨਾਲ ਆ ਰਹੀ ਨਿੱਜੀ ਬੱਸ ਰਾਜਧਾਨੀ ਨੇ ਰੋਡਵੇਜ਼ ਦੇ ਟਾਈਮ ਤੋਂ ਪਹਿਲਾਂ ਆਪਣੀ ਬੱਸ ਨੂੰ ਕੱਢਣ ਦੇ ਚੱਕਰ ਵਿਚ ਰਾਮਪੁਰਾ ਪੁੱਜ ਕੇ ਕੰਡਕਟਰ ਅਤੇ ਡਰਾਈਵਰ ਨਾਲ ਬਹਿਸਬਾਜ਼ੀ ਕੀਤੀ ਅਤੇ ਆਪਣੀ ਬੱਸ ਵਿਚ ਰੱਖੀ ਲੋਹੇ ਦੀ ਰਾਡ ਨਾਲ ਕੰਡਕਟਰ ’ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਖੱਬੀ ਬਾਂਹ ’ਤੇ ਸੱਟ ਲੱਗਣ ਕਾਰਨ ਉਹ ਡਿੱਗ ਗਿਆ। ਜ਼ਖਮੀ ਨੂੰ ਤੁਰੰਤ ਨੇਡ਼ਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਦੋਂਕਿ ਵਿਭਾਗ ਦੇ ਕਿਸੇ ਵੀ ਉੱਚ ਅਧਿਕਾਰੀ ਨੇ ਇਸ ਕੇਸ ਵੱਲ ਧਿਆਨ ਦੇਣ ਦੀ ਜ਼ਹਿਮਤ ਨਹੀਂ ਚੁੱਕੀ।
ਇਸ ਸਾਰੇ ਘਟਨਾਕ੍ਰਮ ਕਾਰਨ ਅੱਜ ਪੰਜਾਬ ਰੋਡਵੇਜ਼ ਕੰਟ੍ਰੈਕਟ ਵਰਕਰਜ਼ ਯੂਨੀਅਨ ਅਤੇ ਰੋਡਵੇਜ਼ ਸਾਂਝੀ ਐਕਸ਼ਨ ਕਮੇਟੀ ਨੇ ਟਰਾਂਸਪੋਰਟ ਮੰਤਰੀ ਅਤੇ ਵਿਭਾਗ ਵਿਰੁੱਧ ਰੋਸ ਪ੍ਰਦਰਸ਼ਨ ਕਰ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਰੋਡਵੇਜ਼ ਦੇ ਟਾਈਮ ਹੋਣ ’ਤੇ ਵੀ ਬਾਦਲ ਪਰਿਵਾਰ ਦੀਆਂ ਬੱਸਾਂ ਆਰਬਿਟ ਅਤੇ ਰਾਜਧਾਨੀ ਵਿਚ ਤਾਇਨਾਤ ਸਟਾਫ ਜ਼ਬਰਦਸਤੀ ਸਪੈਸ਼ਲ ਟਾਈਮ ਚਲਾ ਕੇ ਰੋਡਵੇਜ਼ ਵਿਭਾਗ ਨੂੰ ਘਾਟੇ ਵਿਚ ਪਾ ਰਿਹਾ ਹੈ ਅਤੇ ਸਵਾਰੀਆਂ ਨੂੰ ਆਪਣੀਆਂ ਬੱਸਾਂ ਵਿਚ ਭਰਨ ਲਈ ਤਿਆਰ ਰਹਿੰਦੇ ਹਨ। ਜੇਕਰ ਕੋਈ ਇਨ੍ਹਾਂ ਦਾ ਵਿਰੋਧ ਕਰਦਾ ਹੈ ਤਾਂ ਗੁੰਡਾਗਰਦੀ ਕਰਨ ’ਤੇ ਉਤਾਰੂ ਹੋ ਜਾਂਦੇ ਹਨ। ਉਨ੍ਹਾਂ ਦੀ ਇਸ ਹਰਕਤ ਨੂੰ ਦੇਖਦੇ ਹੋਏ ਯੂਨੀਅਨ ਨੇ ਬੱਸ ਅੱਡਾ ਕੰਪਲੈਕਸ ਵਿਚ ਕਿਸੇ ਵੀ ਨਿੱਜੀ ਬੱਸ ਨੂੰ ਕਾਊਂਟਰ ’ਤੇ ਨਹੀਂ ਲੱਗਣ ਦਿੱਤਾ ਅਤੇ ਜਿੰਨੀਆਂ ਵੀ ਉਨ੍ਹਾਂ ਦੀਆਂ ਬੱਸਾਂ ਸਨ, ਉਨ੍ਹਾਂ ਨੂੰ ਯੂਨੀਅਨ ਨੇ ਆਪਣਾ ਦਬਦਬਾ ਬਣਾ ਕੇ ਬੱਸ ਅੱਡੇ ਤੋਂ ਬਾਹਰ ਕੱਢ ਦਿੱਤਾ।
ਬਾਦਲ ਪਰਿਵਾਰ ਦੀਅਾਂ ਬੱਸਾਂ ਨੂੰ ਕਾਂਗਰਸ ਸਰਕਾਰ ਸਮੇਂ ਵੀ ਮਿਲਦੀ ਹੈ ਤਵੱਜੋ : ਯੂਨੀਅਨ
ਕੰਟਰੈਕਟ ਯੂਨੀਅਨ ਦੇ ਸੂਬਾ ਉਪ ਪ੍ਰਧਾਨ ਸਤਨਾਮ ਸਿੰਘ ਅਤੇ ਜ਼ਿਲਾ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਅਤੇ ਅਕਾਲੀ-ਭਾਜਪਾ ਦੀ ਮਿਲੀਭੁਗਤ ਕਾਰਨ ਇਹ ਸਭ ਕੁਝ ਹੋ ਰਿਹਾ ਹੈ। ਅੱਜ ਵੀ ਬਾਦਲ ਪਰਿਵਾਰ ਦੀਆਂ ਬੱਸਾਂ ਨੂੰ ਓਨੀ ਹੀ ਤਵੱਜੋਂ ਦਿੱਤੀ ਜਾਂਦੀ ਹੈ ਜਿਵੇਂ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਦਿੱਤੀ ਜਾਂਦੀ ਸੀ। ਉਨ੍ਹਾਂ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੰਦਿਅਾਂ ਕਿਹਾ ਕਿ ਜੇਕਰ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਅਜਿਹੀ ਮਨਮਰਜ਼ੀ ਚਲਦੀ ਰਹੀ ਤਾਂ ਇਕ ਦਿਨ ਅਜਿਹਾ ਹੋਵੇਗਾ ਕਿ ਸਡ਼ਕਾਂ ’ਤੇ ਰੋਡਵੇਜ਼ ਦੀ ਕੋਈ ਬੱਸ ਨਹੀਂ ਦਿਖੇਗੀ ਅਤੇ ਯਾਤਰੀਆਂ ਦੀਆਂ ਜੇਬਾਂ ਤੋਂ ਦੁੱਗਣੇ ਪੈਸੇ ਲੈ ਕੇ ਸਫਰ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਿਭਾਗਾਂ ਵੱਲ ਧਿਆਨ ਦੇਣ ਤਾਂ ਜੋ ਮੁਲਾਜ਼ਮਾਂ ਨੂੰ ਪੂਰੀਆਂ ਸਹੂਲਤਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਰਾਜਧਾਨੀ ਬੱਸ ਦੇ ਕਰਿੰਦਿਆਂ ਨੇ ਰੋਡਵੇਜ਼ ਕੰਡਕਟਰ ਨੂੰ ਬੁਰੀ ਤਰ੍ਹਾਂ ਕੁੱਟ-ਮਾਰ ਕੇ ਜ਼ਖਮੀ ਕਰ ਦਿੱਤਾ ਹੈ। ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਯੂਨੀਅਨ ਤੇ ਐਕਸ਼ਨ ਕਮੇਟੀ ਸਾਂਝੇ ਤੌਰ ’ਤੇ ਕੋਈ ਵੱਡਾ ਐਕਸ਼ਨ ਲੈਣ ਲਈ ਮਜਬੂਰ ਹੋਣਗੀਆਂ।
ਸੂਬਾ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਕਰ ਰਹੀ ਹੈ ਟਾਲ-ਮਟੋਲ : ਗਿੱਲ
ਏਟਕ ਦੇ ਸੂਬਾ ਉੱਪ ਪ੍ਰਧਾਨ ਮਨਜੀਤ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਸਾਡੀਆਂ ਜਾਇਜ਼ ਮੰਗਾਂ ਸਬੰਧੀ ਟਾਲਮਟੋਲ ਕਰ ਰਹੀ ਹੈ, ਜਿਸ ਕਾਰਨ ਸਮੂਹ ਰੋਡਵੇਜ਼ ਮੁਲਾਜ਼ਮਾਂ ਵਿਚ ਰੋਸ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਵਿਚ ਠੇਕੇਦਾਰੀ ਸਿਸਟਮ ਬੰਦ ਕਰ ਕੇ ਪੱਕੀ ਭਰਤੀ ਕਰਨਾ, ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਬਰਾਬਰ ਕੰਮ ਬਰਾਬਰ ਤਨਖਾਹ ਦੇਣਾ, ਮ੍ਰਿਤਕ ਮੁਲਾਜ਼ਮ ਦੇ ਪਰਿਵਾਰ ਨੂੰ ਨੌਕਰੀ ਦੇਣਾ, ਕਲੇਮ ਕੇਸ ਪਾਉਣੇ ਬੰਦ ਕਰਨਾ, ਬਜਟ ਦੇ ਮੁਤਾਬਕ ਬੱਸਾਂ ਦਾ ਫਲੀਟ ਪੂਰਾ ਕਰਨਾ, ਕੰਡਕਟਰ ’ਤੇ ਕੰਡੀਸ਼ਨ ਨੂੰ ਖਤਮ ਕਰਨਾ, ਟਾਈਮ ਟੇਬਲ ਵਿਚ ਸਿਆਸੀ ਪਾਰਟੀਆਂ ਦੀ ਦਖਲ-ਅੰਦਾਜ਼ੀ ਬੰਦ ਕਰਨੀ, ਵਰਕਰਾਂ ਦੇ ਡੀ. ਏ. ਦੀਆਂ ਕਿਸ਼ਤਾਂ ਦਾ ਬਕਾਇਆ ਦੇਣਾ ਅਤੇ ਪੇ ਕਮਿਸ਼ਨ ਲਾਗੂ ਕਰਨਾ ਆਦਿ ਮੁੱਖ ਮੰਗਾਂ ਨੂੰ ਜਲਦ ਪੂਰਾ ਕਰਨਾ ਹੈ।
ਇਹ ਰਹੇ ਰੈਲੀ ’ਚ ਹਾਜ਼ਰ
ਇਸ ਰੈਲੀ ਵਿਚ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਸਰਬਜੀਤ ਸਿੰਘ, ਕੁਲਜੀਤ ਸਿੰਘ ਸੋਢੀ, ਏਟਕ ਦੇ ਰਾਜ ਜਨਰਲ ਸਕੱਤਰ ਰਣਧੀਰ ਸਿੰਘ, ਸੁਖਦੇਵ ਸਿੰਘ, ਏਟਕ ਪ੍ਰਧਾਨ ਹਰਬੰਸ ਸਿੰਘ ਪੰਧੇਰ, ਅਮਰਜੀਤ ਸਿੰਘ ਆਦਿ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਨਾਲ ਹੋ ਰਹੀ ਧੱਕੇਸ਼ਾਹੀ ਬੰਦ ਨਾ ਕੀਤੀ ਗਈ ਤਾਂ ਉਹ ਬੱਸਾਂ ਦਾ ਮੁਕੰਮਲ ਚੱਕਾ ਜਾਮ ਕਰਨ ’ਤੇ ਮਜਬੂਰ ਹੋਣਗੇ।
ਮਾਂ-ਧੀ ਨਾਲ ਕੁੱਟ-ਮਾਰ ਕਰਨ ਤੇ ਕੱਪਡ਼ੇ ਪਾਡ਼ਨ ਵਾਲਾ ਨਾਮਜ਼ਦ
NEXT STORY