ਲੁਧਿਆਣਾ- ਲੁਧਿਆਣਾ ਦੇ ਹੈਬੋਵਾਲ ਇਲਾਕੇ ਵਿੱਚ ਗੁੰਡਾਗਰਦੀ ਦੀ ਇੱਕ ਬੇਹੱਦ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪ੍ਰਵਾਸੀ ਨੌਜਵਾਨ ਵੱਲੋਂ ਦੋ ਸਕੇ ਭਰਾਵਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਪੀੜਤਾਂ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਹਨਾਂ ਨੇ ਉਕਤ ਪ੍ਰਵਾਸੀ ਨੌਜਵਾਨ ਵੱਲੋਂ ਕੀਤੀ ਗਈ 'ਕੁਕਰਮ' (ਗਲਤ ਕੰਮ) ਦੀ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
ਪੀੜਤ ਨੌਜਵਾਨਾਂ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦੱਸਿਆ ਕਿ ਉਹ ਬੱਲੋਕੇ ਇਲਾਕੇ ਵਿੱਚ ਕੰਮ ਕਰਦੇ ਹਨ, ਜਿੱਥੇ ਉਹਨਾਂ ਦੀ ਮੁਲਾਕਾਤ ਅਕਸਰ ਇਸ ਪ੍ਰਵਾਸੀ ਨੌਜਵਾਨ ਨਾਲ ਹੁੰਦੀ ਸੀ। ਘਟਨਾ ਵਾਲੇ ਦਿਨ ਉਹ ਉਹਨਾਂ ਨੂੰ ਆਪਣੇ ਘਰ ਲੈ ਗਿਆ ਅਤੇ ਉੱਥੇ ਉਹਨਾਂ ਨੂੰ ਕੁਕਰਮ ਕਰਨ ਲਈ ਮਜਬੂਰ ਕਰਨ ਲੱਗਾ। ਜਦੋਂ ਦੋਵਾਂ ਭਰਾਵਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਸਨੇ ਧਮਕੀ ਦਿੱਤੀ ਕਿ ਜੇਕਰ ਉਹਨਾਂ ਨੇ ਉਸਦੀ ਗੱਲ ਨਾ ਮੰਨੀ ਤਾਂ ਉਹ ਰੌਲਾ ਪਾ ਦੇਵੇਗਾ ਕਿ ਉਹ ਉਸਦੇ ਘਰ ਚੋਰੀ ਕਰਨ ਆਏ ਹਨ।
ਜਦੋਂ ਭਰਾਵਾਂ ਨੇ ਉਸਦੀ ਗੱਲ ਨਹੀਂ ਮੰਨੀ ਤਾਂ ਉਕਤ ਨੌਜਵਾਨ ਨੇ ਰੌਲਾ ਪਾ ਕੇ ਆਪਣੇ 15 ਤੋਂ 20 ਸਾਥੀਆਂ ਨੂੰ ਫੋਨ ਕਰਕੇ ਮੌਕੇ 'ਤੇ ਬੁਲਾ ਲਿਆ। ਇਹਨਾਂ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਦੋਵਾਂ ਭਰਾਵਾਂ 'ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ, ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੀੜਤਾਂ ਮੁਤਾਬਕ ਉਹਨਾਂ ਨੂੰ ਪੁਲਿਸ ਦੇ ਸਾਹਮਣੇ ਵੀ ਬੁਰੀ ਤਰ੍ਹਾਂ ਕੁੱਟਿਆ ਗਿਆ।
ਪੀੜਤ ਨੌਜਵਾਨ ਗੌਰਵ ਅਤੇ ਉਸਦੇ ਪਰਿਵਾਰ ਨੇ ਪੁਲਿਸ ਮੁਲਾਜ਼ਮਾਂ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਹਨਾਂ ਨੂੰ ਇਨਸਾਫ਼ ਦੇਣ ਦੀ ਬਜਾਏ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੀੜਤਾਂ ਅਨੁਸਾਰ, ਬਿਆਨ ਲੈਣ ਆਏ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਹੱਥਕੜੀਆਂ ਲਗਾ ਕੇ ਲੈ ਜਾਣ ਦੀ ਧਮਕੀ ਦਿੱਤੀ। ਦੂਜੇ ਪਾਸੇ, ਜਦੋਂ ਪੁਲਿਸ ਮੁਲਾਜ਼ਮ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਧਮਕੀ ਦੇਣ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਫਿਲਹਾਲ ਦੋਵੇਂ ਭਰਾ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਅਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ।
ਲੁਧਿਆਣਾ 'ਚ ਚੋਰਾਂ ਦਾ 'ਹਾਈ ਸਟੈਂਡਰਡ': ਕਾਰ 'ਚ ਸਵਾਰ ਹੋ ਕੇ ਆਏ ਸ਼ਾਤਰ ਚੋਰਾਂ ਨੇ 3 ਦੁਕਾਨਾਂ ਦੇ ਪੁੱਟੇ ਸ਼ਟਰ, ਪਰ...
NEXT STORY