ਮੋਗਾ (ਆਜ਼ਾਦ) - ਮੋਗਾ ਤੋਂ ਥੋੜ੍ਹੀ ਦੂਰ ਅਜੀਤਵਾਲ ਸਥਿਤ ਵੇਅਰ ਹਾਊਸ ਦੇ ਗੋਦਾਮ 'ਚ ਚੌਕੀਦਾਰ ਨੂੰ ਬੰਧਕ ਬਣਾ ਕੇ ਲੱਖਾਂ ਰੁਪਏ ਦੀ ਕਣਕ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਜ਼ਿਲਾ ਪੁਲਸ ਮੁਖੀ ਗੁਰਪ੍ਰੀਤ ਸਿੰਘ ਤੁਰ, ਐੱਸ.ਪੀ.ਡੀ.ਵਜੀਰ ਸਿੰਘ ਖਹਿਰਾ, ਡੀ.ਐੱਸ.ਪੀ. ਸੁਬੇਗ ਸਿੰਘ, ਥਾਣਾ ਮੁਖੀ ਇੰਸਪੈਕਟਰ ਰਵਿੰਦਰ ਸਿੰਘ, ਸਹਾਇਕ ਥਾਣੇਦਾਰ ਗੁਰਦੇਵ ਸਿੰਘ ਉਥੇ ਪਹੁੰਚ ਗਏ। ਘਟਨਾ ਦੀ ਜਾਂਚ ਕਰਦਿਆਂ ਉਨ੍ਹਾਂ ਨੇ ਸੁਰੱਖਿਆ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਤਾਂਕਿ ਕੋਈ ਸੁਰਾਗ ਮਿਲ ਸਕਣ।
ਥਾਣਾ ਅਜੀਤਵਾਲ ਦੇ ਇੰਚਾਰਜ ਇੰਸ. ਰਵਿੰਦਰ ਸਿੰਘ ਨੇ ਦੱਸਿਆ ਕਿ ਵੇਅਰ ਹਾਊਸ ਦੇ ਗੋਦਾਮ 'ਚ ਸਥਿਤ ਚੌਕੀਦਾਰ ਹਰਦੀਪ ਸਿੰਘ ਪੁੱਤਰ ਮਿਲਖਾ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਬੀਤੇ ਦਿਨ ਸਵੇਰੇ 3.30-4.00 ਵਜੇ ਦੇ ਕਰੀਬ ਜਦ ਉਹ ਚਾਹ ਬਣਾਉਣ ਲੱਗਾ ਤਾਂ 2-3 ਹਥਿਆਰਬੰਦ ਵਿਅਕਤੀ ਉਥੇ ਆ ਗਏ। ਉਨ੍ਹਾਂ ਨੇ ਮੈਨੂੰ ਪਿੱਛਿਓਂ ਫੜ ਕੇ ਬੰਧਕ ਬਣਾ ਲਿਆ ਅਤੇ ਮੇਰੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਕਮਰੇ 'ਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੇ ਬਾਕੀ ਦੇ ਸਾਥੀ ਵੀ ਅੰਦਰ ਆ ਗਏ, ਜੋ 336 ਬੋਰੀਆਂ ਕਣਕ ਦੀਆਂ ਗੱਡੀ 'ਚ ਲੈ ਕੇ ਫਰਾਰ ਹੋ ਗਏ। 336 ਬੋਰੀਆਂ ਕਣਕ ਦੀ ਕੀਮਤ ਪੌਣੇ 3 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਲੁਟੇਰਿਆਂ ਨੇ ਮੈਨੂੰ ਧਮਕੀ ਦਿੱਤੀ ਕਿ ਜੇਕਰ ਮੈਂ ਰੌਲਾ ਪਾਇਆ ਤਾਂ ਉਹ ਮੈਨੂੰ ਜਾਨ ਤੋਂ ਮਾਰ ਦੇਣਗੇ। ਇਸ ਤੋਂ ਬਾਅਦ ਮੈਂ ਇਸ ਦੀ ਸੂਚਨਾ ਵੇਅਰ ਹਾਊਸ ਦੇ ਅਧਿਕਾਰੀਆਂ ਨੂੰ ਦਿੱਤੀ, ਜਿਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ।
ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੁਖੀ ਨੇ ਕਿਹਾ ਕਿ ਉਹ ਇਲਾਕੇ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਚੈੱਕ ਕਰ ਰਹੇ ਹਨ ਅਤੇ ਫਿੰਗਰ ਪ੍ਰਿੰਟ ਮਾਹਿਰਾਂ ਤੋਂ ਇਲਾਵਾ ਡਾਗ ਸਕੁਆਡ ਦੀ ਸਹਾਇਤਾ ਵੀ ਲੈ ਰਹੇ ਹਨ। ਪੁਲਸ ਨੇ ਹਰਦੀਪ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਣਪਛਾਤੇ ਲੁਟੇਰੇ ਪਹਿਲਾਂ ਵੀ ਅਜੀਤਵਾਲ ਦੇ ਕਈ ਗੋਦਾਮਾਂ ਨੂੰ ਨਿਸ਼ਾਨਾ ਬਣਾ ਚੁੱਕੇ ਹਨ।
ਛੱਪੜਾਂ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀ ਪ੍ਰੇਸ਼ਾਨ
NEXT STORY