ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ’ਚੋਂ ਲੰਘਦੇ ਬਠਿੰਡਾ ਜ਼ੀਰਕਪੁਰ ਨੈਸ਼ਨਲ ਹਾਈਵੇ ਉੱਪਰ ਇਕ ਤੇਜ਼ ਰਫਤਾਰ ਕਾਰ ਵੱਲੋਂ ਅੱਗੇ ਜਾ ਰਹੀ ਕਾਰ ਨੂੰ ਟੱਕਰ ਮਾਰ ਦੇਣ ਕਾਰਨ ਇਕ ਔਰਤ ਗੰਭੀਰ ਰੂਪ ’ਚ ਜ਼ਖਮੀ ਹੋ ਗਈ।
ਸੜਕ ਸੁਰੱਖਿਆ ਫੋਰਸ ਤੋਂ ਮਿਲੀ ਜਾਣਕਾਰੀ ਅਨੁਸਾਰ ਧਰਮਵੀਰ ਸਿੰਘ ਵਾਸੀ ਰੱਲਾ ਆਪਣੇ ਸਾਥੀ ਖੁਸ਼ਪ੍ਰੀਤ ਸਿੰਘ ਅਤੇ ਉਸ ਦੀ ਮਾਤਾ ਗੁਰਜੀਤ ਕੌਰ ਵਾਸੀ ਜਸੜਵਾਲ (ਮਾਨਸਾ) ਨਾਲ ਕਾਰ ਰਾਹੀਂ ਸ਼੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਵਿਖੇ ਦਰਸ਼ਨ ਕਰਨ ਲਈ ਜਾ ਰਹੇ ਸਨ। ਜਿਵੇਂ ਹੀ ਉਹ ਹਾਈਵੇ ਉੱਪਰ ਨੀਲਕੰਠ ਕਾਲੋਨੀ ਨੇੜੇ ਪਹੁੰਚੇ ਤਾਂ ਪਿੱਛੋਂ ਆਈ ਇਕ ਤੇਜ਼ ਰਫ਼ਤਾਰ ਕਾਰ ਨੇ ਅੱਗੇ ਜਾ ਰਹੀ ਉਕਤ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਅੱਗੇ ਜਾ ਰਹੀ ਕਾਰ ਸੜਕ ਉੱਪਰ ਪਲਟੇ ਖਾ ਗਈ ਅਤੇ ਇਸ ਹਾਦਸੇ ’ਚ ਕਾਰ ਦੀ ਪਿਛਲੀ ਸੀਟ ’ਤੇ ਬੈਠੀ ਗੁਰਜੀਤ ਕੌਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ, ਜਦਕਿ ਕਾਰ ’ਚ ਬਾਕੀ ਸਵਾਰਾਂ ਦਾ ਬਚਾਅ ਹੋ ਗਿਆ।
ਜ਼ਖ਼ਮੀ ਔਰਤ ਨੂੰ ਤੁਰੰਤ ਮੌਕੇ ’ਤੇ ਮੌਜੂਦ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਭਵਾਨੀਗੜ੍ਹ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਸਿਵਲ ਹਸਪਤਾਲ ਸੰਗਰੂਰ ਰੈਫਰ ਕਰ ਦਿੱਤਾ।
ਇਸ ਸਬੰਧੀ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ’ਤੇ ਪਹੁੰਚ ਗਈ ਸੀ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਨੂੰ ਸੁਚਾਰੂ ਬਣਾਇਆ ਗਿਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਿੱਛੋਂ ਟੱਕਰ ਮਾਰਨ ਵਾਲਾ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ।
ਕੱਪੜਾ ਉਧਾਰ ਨਾ ਦੇਣ 'ਤੇ ਗੁੱਸੇ ’ਚ ਆਏ ਨੌਜਵਾਨਾਂ ਵੱਲੋਂ ਦੁਕਾਨਦਾਰ ’ਤੇ ਹਮਲਾ
NEXT STORY