ਕੰਪਿਊਟਰ ਦੀ ਸਕਰੀਨ ਉੱਤੇ ਕੋਈ ਦਸਤਾਵੇਜ਼ ਪੜ੍ਹਨ ਲਈ ਤੁਹਾਡੇ ਕੰਪਿਊਟਰ ਵਿਚ ਉਹ ਫ਼ੌਂਟ ਮੌਜੂਦ ਹੋਣਾ ਚਾਹੀਦਾ ਹੈ ਜਿਸ ਵਿਚ ਇਸ ਨੂੰ ਟਾਈਪ ਕੀਤਾ ਗਿਆ ਹੈ। ਇੱਥੇ ਲਿਖਣ ਵਾਲੇ ਦੀ ਮਰਜ਼ੀ ਹੈ ਕਿ ਉਹ ਕਿਹੜੇ ਫ਼ੌਂਟ ਵਿਚ ਪੱਤਰ ਟਾਈਪ ਕਰੇ। ਲਿਖਣ ਵਾਲਾ ਉਸੇ ਫ਼ੌਂਟ ਵਿਚ ਹੀ ਲਿਖੇਗਾ ਜੋ ਉਸ ਦੇ ਕੰਪਿਊਟਰ ਵਿਚ ਉਪਲਭਧ ਹੈ ਪਰ ਜਦੋਂ ਅਗਲੇ ਦੇ ਕੰਪਿਊਟਰ ਵਿਚ ਉਹ ਵਿਸ਼ੇਸ਼ ਫ਼ੌਂਟ ਨਾ ਹੋਵੇ ਤਾਂ ਸਥਿਤੀ ਬੜੀ ਗੰਭੀਰ ਬਣ ਜਾਂਦੀ ਹੈ। ਢੇਰ ਸਾਰੀ ਮਿਹਨਤ, ਪੈਸਾ ਅਤੇ ਸਮਾਂ ਜਾਇਆਂ ਚਲਾ ਜਾਂਦਾ ਹੈ। ਅਜਿਹੀ ਸਮੱਸਿਆ ਦਾ ਹੱਲ ਯੂਨੀਕੋਡ ਪ੍ਰਣਾਲੀ ਨੇ ਕੱਢਿਆ ਹੈ। ਇੰਟਰਨੈੱਟ ਉੱਤੇ ਡਾਟੇ ਨੂੰ ਸਦੀਵੀ ਰੱਖਣ ਲਈ ਯੂਨੀਕੋਡ ਪ੍ਰਣਾਲੀ ਹੀ ਇਕਮਾਤਰ ਹੱਲ ਹੈ।
ਯੂਨੀਕੋਡ ਇੱਕ ਅੰਤਰਰਾਸ਼ਟਰੀ ਅੱਖਰ ਸੰਕੇਤ (ਕੋਡ) ਪ੍ਰਣਾਲੀ ਹੈ। ਇਸ ਵਿਚ ਦੁਨੀਆ ਦੀ ਹਰੇਕ ਪ੍ਰਮੁੱਖ ਭਾਸ਼ਾ ਦੇ ਅੱਖਰਾਂ, ਅੰਕਾਂ ਅਤੇ ਵਿਸ਼ੇਸ਼ ਚਿੰਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਯੂਨੀਕੋਡ ਪ੍ਰਣਾਲੀ ਦੁਨੀਆ ਦੀਆਂ ਵਿਭਿੰਨ ਭਾਸ਼ਾਵਾਂ ਦੇ ਅੱਖਰਾਂ/ਅੰਕਾਂ ਆਦਿ ਨੂੰ ਇੱਕ ਵਿਸ਼ੇਸ਼ ਤੇ ਵਿਲੱਖਣ ਕੋਡ ਪ੍ਰਦਾਨ ਕਰਵਾਉਂਦੀ ਹੈ ਜੋ ਯੂਨੀਕੋਡ ਸਮਰਥਨ ਵਾਲੇ ਹਰੇਕ ਕੰਪਿਊਟਰ ਉੱਤੇ ਹਮੇਸ਼ਾ ਸਥਿਰ ਰਹਿੰਦਾ ਹੈ। ਇਹੀ ਕਾਰਨ ਹੈ ਕਿ ਫ਼ੌਂਟਾਂ ਦੀ ਸਮੱਸਿਆ ਦਾ ਹੱਲ ਯੂਨੀਕੋਡ ਨੇ ਬਾਖ਼ੂਬੀ ਕੱਢ ਦਿੱਤਾ ਹੈ।
ਯੂਨੀਕੋਡ ਪ੍ਰਣਾਲੀ 16 ਬਿੱਟ ਆਕਾਰ ਵਾਲੀ ਪ੍ਰਣਾਲੀ ਹੈ। ਇਸ ਵਿਚ ਵੱਖ-ਵੱਖ ਭਾਸ਼ਾਵਾਂ ਦੇ 65536 ਅੱਖਰਾਂ ਨੂੰ ਦਰਸਾਇਆ ਜਾ ਸਕਦਾ ਹੈ। ਯੂਨੀਕੋਡ ਪ੍ਰਣਾਲੀ ਕੰਪਿਊਟਰ ਵਿਚ ਅੰਕੜਾ ਭੰਡਾਰਣ ਲਈ ਇੱਕ ਸੰਕੇਤ ਮਾਣਕ ਤਹਿ ਕਰਦੀ ਹੈ। ਇਸ ਪ੍ਰਣਾਲੀ ਦੇ ਹੋਂਦ 'ਚ ਆਉਣ ਨਾਲ ਕੰਪਿਊਟਰ ਦੀ ਦੁਨੀਆ ਵਿਚ ਇੱਕ ਨਵੀਂ ਕ੍ਰਾਂਤੀ ਆਈ ਹੈ। ਇਸ ਨਾਲ ਅੰਗਰੇਜ਼ੀ ਤੋਂ ਇਲਾਵਾ ਵਿਸ਼ਵ ਦੀਆਂ ਦੂਜੀਆਂ ਭਾਸ਼ਾਵਾਂ ਨੂੰ ਵਿਆਪਕ ਰੂਪ ਵਿਚ ਕੰਪਿਊਟਰ 'ਤੇ ਵਰਤਣਾ ਸੰਭਵ ਹੋਇਆ ਹੈ।
ਯੂਨੀਕੋਡ ਦਾ ਸਭ ਤੋਂ ਪਹਿਲਾ ਸੰਸਕਰਣ ਸਾਲ 1991 ਵਿਚ ਹੋਂਦ ਵਿਚ ਆਇਆ। ਯੂਨੀਕੋਡ ਦੇ ਤਾਜ਼ਾ ਸੰਸਕਰਣ ਵਿਚ ਵਿਗਿਆਨਿਕ, ਗਣਿਤਕ, ਤਕਨੀਕੀ ਅਤੇ ਸੰਗੀਤਕ ਚਿੰਨ•ਾਂ ਨੂੰ ਵੀ ਵਿਸ਼ੇਸ਼ ਥਾਂ ਦਿੱਤੀ ਗਈ ਹੈ।
ਯੂਨੀਕੋਡ ਇਕ ਤੋਂ ਵੱਧ ਲਿਪੀਆਂ ਵਿਚ ਲਿਖੀਆਂ ਜਾਣ ਵਾਲੀਆਂ ਭਾਸ਼ਾਵਾਂ ਦੇ ਪੂਰੀ ਤਰ•ਾਂ ਅਨੁਕੂਲ ਹੈ। ਯੂਨੀਕੋਡ ਉੱਤੇ ਪੰਜਾਬੀ (ਗੁਰਮੁਖੀ) ਸਮੇਤ ਦੇਵਨਾਗਰੀ, ਬੰਗਾਲੀ, ਗੁਜਰਾਤੀ, ਉੜੀਆ, ਤਾਮਿਲ, ਤੇਲਗੂ, ਕੰਨੜ, ਮਲਿਆਲਮ ਆਦਿ ਭਾਰਤੀ ਭਾਸ਼ਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਯੂਨੀਕੋਡ ਨੂੰ ਐਪਲ, ਆਈਬੀਐੱਮ, ਐੱਚਪੀ, ਔਰੇਕਲ, ਮਾਈਕਰੋਸਾਫ਼ਟ, ਸੈਪ, ਸਾਈਬੇਸ, ਯੂਨਿਸਿਸ ਸਮੇਤ ਅਨੇਕ ਪ੍ਰਮੁੱਖ ਕੰਪਣੀਆਂ ਨੇ ਅਪਣਾਇਆ ਹੈ। ਓਪਰੇਟਿੰਗ ਸਿਸਟਮ, ਵੈੱਬ ਬ੍ਰਾਊਜ਼ਰ ਆਦਿ ਵਰਗੇ ਪ੍ਰਮੁੱਖ ਸਾਫ਼ਟਵੇਅਰ ਵੀ ਯੂਨੀਕੋਡ ਦੇ ਅਨੁਕੂਲ ਹੋ ਚੁੱਕੇ ਹਨ।
ਕੀ-ਬੋਰਡ ਉੱਤੇ ਅੰਗਰੇਜ਼ੀ ਦੇ ਹਰੇਕ ਬਟਣ ਨੂੰ ਇਕ ਸਥਿਰ ਅੰਕ (ਕੋਡ) ਦਿੱਤਾ ਗਿਆ ਹੈ। ਕੀ-ਬੋਰਡ ਦਬਾਏ ਗਏ ਬਟਣ ਦੇ ਕੋਡ ਦਾ ਬਿਜਲਈ ਸੰਕੇਤ ਉਤਪੰਨ ਕਰਦਾ ਹੈ। ਲਾਗੂ ਕੀਤੇ ਫ਼ੌਂਟ ਦੇ ਆਧਾਰ ਉੱਤੇ ਸੀਪੀਯੂ ਉਸ ਕੋਡ ਦਾ ਮਿਲਾਣ (ਪਹਿਲਾਂ ਤੋਂ ਨਿਰਧਾਰਿਤ) ਕਿਸੇ ਅੰਕ, ਅੱਖਰ ਜਾਂ ਵਿਸ਼ੇਸ਼ ਚਿੰਨ• ਨਾਲ ਕਰਵਾਉਂਦਾ ਹੈ। ਜਿਵੇਂ ਕਿ ਕੀ-ਬੋਰਡ ਦੀ ਕੀਅ c (ਛੋਟੀ) ਦੱਬਣ ਉਪਰੰਤ ਆਸਕੀ ਦਾ ਸੰਕੇਤ 99 ਉਤਪੰਨ ਹੁੰਦਾ ਹੈ। ਕੰਪਿਊਟਰ ਵਿਚ ਪਹੁੰਚ ਕੇ ਇਸ ਸੰਕੇਤ ਦਾ ਮਿਲਾਣ ਕਿਸੇ ਵਿਸ਼ੇਸ਼ ਅੱਖਰ ਨਾਲ ਕਰਵਾਇਆ ਜਾਂਦਾ ਹੈ ਜਿਹੜਾ ਕਿ ਲਾਗੂ ਕੀਤੇ ਫ਼ੌਂਟ 'ਤੇ ਨਿਰਭਰ ਕਰਦਾ ਹੈ। ਜੇਕਰ ਅੰਗਰੇਜ਼ੀ ਦਾ ਫ਼ੌਂਟ ਲਗਾਇਆ ਜਾਵੇ ਤਾਂ 'c' (ਛੋਟਾ) ਦਿੱਖੇਗਾ। ਹਿੰਦੀ ਦੇ ਕਰੂਤੀਦੇਵ ਫ਼ੌਂਟ ਲਈ 'ਬਾ' ਨਜ਼ਰ ਆਉਂਦਾ ਹੈ। ਪੰਜਾਬੀ ਦੇ ਜੁਆਏ ਫ਼ੌਂਟ ਲਈ ''ਫ'' ਅਤੇ ਅੰਮ੍ਰਿਤ ਲਿਪੀ ਫ਼ੌਂਟ ਲਈ ''ਚ'' ਅੱਖਰ ਨਜ਼ਰ ਆਉਂਦਾ ਹੈ।
ਮੰਨ ਲਵੋ ਤੁਸੀਂ ਕੋਈ ਮੈਟਰ ਗੁਰਮੁਖੀ ਦੇ ਅਨਮੋਲ ਲਿਪੀ ਫ਼ੌਂਟ ਵਿਚ ਤਿਆਰ ਕੀਤਾ। ਦੂਜੇ ਕੰਪਿਊਟਰ 'ਤੇ ਜਿਸ ਵਿਚ ਸਿਰਫ਼ ਗੁਰਮੁਖੀ ਦਾ ਅਸੀਸ ਹੀ ਫ਼ੌਂਟ ਉਪਲਭਧ ਹੈ, ਵਿਚ ਸਾਰੇ ਫ, ਸ਼ ਵਿਚ ਬਦਲੇ ਹੋਏ ਨਜ਼ਰ ਆਉਣਗੇ। ਬਾਕੀ ਅੱਖਰਾਂ ਅਤੇ ਲਗਾ-ਮਾਤਰਾਵਾਂ ਦੇ ਸਬੰਧ ਵਿਚ ਵੀ ਅਜਿਹੀਆਂ ਤਬਦੀਲੀਆਂ ਆਪ-ਮੁਹਾਰੇ ਹੋ ਜਾਣਗੀਆਂ। ਅਜਿਹੀ ਸਥਿਤੀ 'ਚ ਅਸੀਂ ਮੈਟਰ ਨੂੰ ਆਪਣੇ ਮੂਲ ਰੂਪ ਵਿਚ ਪੜ•ਨ ਅਤੇ ਸਮਝਣ ਤੋਂ ਅਸਮਰਥ ਹੋ ਜਾਂਦੇ ਹਾਂ। ਕੀ-ਬੋਰਡ ਦੇ ਵੱਖ-ਵੱਖ ਬਟਣਾਂ ਨੂੰ ਵੱਖ-ਵੱਖ ਅੱਖਰਾਂ ਨਾਲ ਮਿਲਾ ਕੇ ਬਣਾਏ ਫ਼ੌਂਟਾਂ ਨੇ ਪੰਜਾਬੀ ਵਰਤੋਂਕਾਰਾਂ ਲਈ ਇੱਕ ਵੱਡੀ ਸਮੱਸਿਆ ਖੜੀ ਕਰ ਦਿੱਤੀ ਹੈ।
ਦੂਜੇ ਪਾਸੇ, ਯੂਨੀਕੋਡ ਪ੍ਰਣਾਲੀ ਦਾ ਮੰਤਵ ਇੱਕ ਅਜਿਹਾ ਕੋਡ ਨਿਸ਼ਚਿਤ ਕਰਨਾ ਹੈ ਜਿਸ ਵਿਚ ਮਨੁੱਖ ਦੁਆਰਾ ਵਰਤੀ ਜਾਂਦੀ ਹਰੇਕ ਭਾਸ਼ਾ ਦੇ ਹਰੇਕ ਅੱਖਰ ਲਈ ਇੱਕ ਸਥਿਰ ਕੋਡ ਰਾਖਵਾਂ ਰੱਖਿਆ ਜਾਵੇ। ਯੂਨੀਕੋਡ ਵਿਚ ਲਾਤੀਨੀ (ਅੰਗਰੇਜ਼ੀ) ਲਈ 0 ਤੋਂ 256, ਦੇਵਨਾਗਰੀ (ਹਿੰਦੀ) ਲਈ 2304 ਤੋਂ 2431 ਅਤੇ ਗੁਰਮੁਖੀ (ਪੰਜਾਬੀ) ਲਈ 2560 ਤੋਂ 2687 ਦੀ ਕੋਡ ਸੀਮਾ (Range) ਤੈਅ ਕੀਤੀ ਗਈ ਹੈ।
ਅੰਗਰੇਜ਼ੀ ਦੇ ਅੱਖਰਾਂ ਨੂੰ ਦਰਸਾਉਣ ਦੀ ਸੀਮਾ ਉਹੀ (ਆਸਕੀ ਵਾਲੀ) ਹੀ ਰੱਖੀ ਗਈ ਹੈ। ਇਹੀ ਕਾਰਨ ਹੈ ਕਿ ਅੰਗਰੇਜ਼ੀ ਦੀ ਵਰਤੋਂ ਕਰਨ ਵਾਲੇ ਵਰਤੋਂਕਾਰਾਂ ਨੂੰ ਫ਼ੌਂਟਾਂ ਦੇ ਸਬੰਧ ਵਿਚ ਕਿਸੇ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਦੂਜੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਅੰਗਰੇਜ਼ੀ ਦੇ ਅੱਖਰ ਪਹਿਲਾਂ ਹੀ ਯੂਨੀਕੋਡ ਵਾਲੇ ਹੁੰਦੇ ਹਨ।
ਯੂਨੀਕੋਡ ਪ੍ਰਣਾਲੀ ਵਿਚ ਲਿਖਿਆ ਕੋਈ ਵੀ ਦਸਤਾਵੇਜ਼ ਵਿਸ਼ਵ ਦੇ ਕਿਸੇ ਵੀ (ਯੂਨੀਕੋਡ ਅਨੁਕੂਲ) ਕੰਪਿਊਟਰ ਉੱਤੇ ਬੜੀ ਆਸਾਨੀ ਨਾਲ ਪੜਿ•ਆ ਜਾ ਸਕਦਾ ਹੈ।
ਸਭ ਤੋਂ ਪਹਿਲਾਂ ਯੂਨੀਕੋਡ ਪੰਜਾਬੀ ਫ਼ੌਂਟ ਮੈਕਿਨਟੌਸ਼ ਓਐੱਸ-9 ਕੰਪਿਊਟਰ ਲਈ ਤਿਆਰ ਕੀਤਾ ਗਿਆ। ਇਸ ਤੋਂ ਬਾਅਦ ਗੁਰਮੁਖੀ ਲਿਪੀ ਲਈ ਮਾਈਕਰੋਸਾਫ਼ਟ ਕੰਪਨੀ ਨੇ ''ਰਾਵੀ'', “ਨਿਰਮਲਾ” ਅਤੇ “ਏਰੀਅਲ ਯੂਨੀਕੋਡ“ ਨਾਂ ਦੇ ਯੂਨੀਕੋਡ ਫ਼ੌਂਟ ਤਿਆਰ ਕੀਤੇ ਹਨ। ਵਿੰਡੋਜ਼ ਇੰਸਟਾਲ ਕਰਨ ਉਪਰੰਤ ਇਨ•ਾਂ ਵਿਚੋਂ ਘੱਟੋ-ਘੱਟ ਇੱਕ ਫੌਂਟ ਤੁਹਾਡੇ ਕੰਪਿਊਟਰ ਵਿਚ ਆਪਣੇ-ਆਪ ਆ ਜਾਂਦਾ ਹੈ। ਯੂਨੀਕੋਡ ਫੌਂਟਾਂ ਦੀ ਖ਼ਾਸੀਅਤ ਇਹ ਹੈ ਕਿ ਇਕ ਯੂਨੀਕੋਡ ਫ਼ੌਂਟ 'ਚ ਤਿਆਰ ਕੀਤੇ ਦਸਤਾਵੇਜ਼ 'ਤੇ ਜੇਕਰ ਦੂਜਾ ਯੂਨੀਕੋਡ ਫ਼ੌਂਟ ਲਗਾ ਦਿੱਤਾ ਜਾਵੇ ਤਾਂ ਅੰਗਰੇਜ਼ੀ ਵਾਂਗ ਅੱਖਰਾਂ ਵਿਚ ਬਿਨਾਂ ਕੋਈ ਬਦਲਾਅ ਕੀਤਿਆਂ ਸਿਰਫ਼ ਸ਼ਕਲ ਜਾਂ ਸ਼ੇਪ ਹੀ ਬਦਲਦੀ ਹੈ।
ਸੋਹਣੀ ਦਿੱਖ ਵਾਲੇ ਦੋ ਦਰਜਨ ਤੋਂ ਵੱਧ ਯੂਨੀਕੋਡ ਫੌਂਟ ਤਿਆਰ ਹੋ ਚੁੱਕੇ ਹਨ ਜੋ ਇੰਟਰਨੈਟ ਤੋਂ ਮੁਫਤ 'ਚ ਡਾਊਨਲੋਡ ਕੀਤੇ ਜਾ ਸਕਦੇ ਹਨ। ਇਨ•ਾਂ ਵਿਚੋਂ ਕੁੱਝ ਦੇ ਨਾਂ ਹਨ: ਆਕਾਸ਼, ਓਅੰਕਾਰ, ਕੋਹਾਰਵਾਲਾ, ਲੰਬਾ, ਅਧਿਆਪਕ, ਨੋਟੋ ਗੁਰਮੁਖੀ, ਸਕਲ ਭਾਰਤੀ ਆਦਿ।
ਯੂਨੀਕੋਡ ਫ਼ੌਂਟਾਂ ਨੂੰ ਕੰਪਿਊਟਰ ਵਿਚ ਰਵਾਇਤੀ ਆਸਕੀ ਫ਼ੌਂਟਾਂ ਦੀ ਤਰ•ਾਂ ਇੰਸਟਾਲ ਕੀਤਾ ਜਾ ਸਕਦਾ ਹੈ। ਯੂਨੀਕੋਡ ਫ਼ੌਂਟ ਕੰਪਿਊਟਰ ਵਿਚ ਪਾਉਣਾ ਹੋਵੇ ਤਾਂ ਉਸ ਦਾ ਤਰੀਕਾ ਕਿਸੇ ਰਵਾਇਤੀ ਫ਼ੌਂਟ ਨੂੰ ਇੰਸਟਾਲ ਕਰਨ ਵਰਗਾ ਹੀ ਹੈ।
ਯੂਨੀਕੋਡ ਇਕ ਅੰਤਰਰਾਸ਼ਟਰੀ ਮਿਆਰ ਵਾਲੀ ਕੋਡ ਪ੍ਰਣਾਲੀ ਹੈ। ਰਵਾਇਤੀ ਫ਼ੌਂਟਾਂ ਦੀ ਬਜਾਏ ਇਸ ਦੀ ਵਰਤੋਂ ਦੇ ਢੇਰਾਂ ਲਾਭ ਹਨ ਜਿਨ•ਾਂ ਵਿਚੋਂ ਕੁੱਝ ਹੇਠਾਂ ਦਿੱਤੇ ਗਏ ਹਨ:
* ਯੂਨੀਕੋਡ ਵਿਚ ਟਾਈਪ ਕੀਤਾ ਮੈਟਰ ਸੰਸਾਰ ਦੇ ਕਿਸੇ ਵੀ ਯੂਨੀਕੋਡ ਆਧਾਰਿਤ ਕੰਪਿਊਟਰ ਉੱਤੇ ਖੋਲਿ•ਆ ਜਾ ਸਕਦਾ ਹੈ ਤੇ ਉਸ ਵਿਚ ਵੱਖਰੇ ਤੌਰ 'ਤੇ ਕਿਸੇ ਫ਼ੌਂਟ ਦੀ ਜ਼ਰੂਰਤ ਨਹੀਂ ਪੈਂਦੀ।
* ਯੂਨੀਕੋਡ ਵਿਚ ਦੁਨੀਆਂ ਦੀਆਂ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਦੇ ਅੱਖਰ ਮੌਜੂਦ ਹਨ। ਇਹੀ ਕਾਰਨ ਹੈ ਯੂਨੀਕੋਡ ਪ੍ਰਣਾਲੀ ਰਾਹੀਂ ਬਹੁ-ਭਾਸ਼ਾਈ ਲਿਖਤ ਤਿਆਰ ਕੀਤੀ ਜਾ ਸਕਦੀ ਹੈ।
* ਪੰਜਾਬੀ ਜਾਣਨ ਵਾਲਾ ਵਿਅਕਤੀ ਯੂਨੀਕੋਡ ਆਧਾਰਿਤ ਕਿਸੇ ਵੀ ਕੰਪਿਊਟਰ ਉੱਤੇ ਟਾਈਪ ਕਰ ਸਕਦਾ ਹੈ। ਇਸ ਵਿਚ ਆਮ ਤੌਰ 'ਤੇ ਵੱਖਰੇ ਫ਼ੌਂਟ ਅਤੇ ਕੀ-ਬੋਰਡ ਦੀ ਜ਼ਰੂਰਤ ਨਹੀਂ ਪੈਂਦੀ।
* ਯੂਨੀਕੋਡ ਦੀ ਖ਼ਾਸੀਅਤ ਇਹ ਵੀ ਹੈ ਕਿ ਅਸੀਂ ਕਿਸੇ ਅੱਖਰ ਨਾਲ ਗ਼ਲਤ ਜਾਂ ਨਿਰਧਾਰਿਤ ਨਿਯਮਾਂ ਨਾਲੋਂ ਵੱਧ ਲਗਾ-ਮਾਤਰਾਵਾਂ ਨਹੀਂ ਲਗਾ ਸਕਦੇ। ਜਿਵੇਂ ਕਿ ਕੋਈ 'ਅ' ਨੂੰ ਔਂਕੜ, ਦੁਲੈਂਕੜ ਲਗਾਉਣਾ ਚਾਹੇ ਤਾਂ ਯੂਨੀਕੋਡ ਦੇ ਸਖ਼ਤ ਨਿਯਮ ਉਸ ਨੂੰ ਅਜਿਹਾ ਨਹੀਂ ਕਰਨ ਦੇਣਗੇ। ਇਸੇ ਤਰ•ਾਂ ਇਹ 'ਪ੍ਰਿੰ' ਨਾਲ ਵਾਧੂ ਲਗਾਂ-ਮਾਤਰਾਵਾਂ ਜਿਵੇਂ ਕਿ ਬਿਹਾਰੀ ਪਾਉਣ ਦੀ ਇਜਾਜ਼ਤ ਨਹੀਂ ਦੇਵੇਗਾ। ਸਹੀ ਅੱਖਰ-ਜੋੜ ਲਿਖਣ ਲਈ ਯੂਨੀਕੋਡ ਸਾਡੀ ਮਦਦ ਕਰਦਾ ਹੈ।
* ਯੂਨੀਕੋਡ ਨੇ ਵੱਖ-ਵੱਖ ਭਾਸ਼ਾਵਾਂ ਅਤੇ ਉਨ•ਾਂ ਦੀਆਂ ਲਿਪੀਆਂ ਵਿਚਲੀਆਂ ਹੱਦਾਂ ਨੂੰ ਖ਼ਤਮ ਕਰ ਦਿੱਤਾ ਹੈ। ਯੂਨੀਕੋਡ 'ਚ ਤਿਆਰ ਕਿਸੇ ਪਾਠ ਸਮਗਰੀ ਨੂੰ ਸਾਫ਼ਟਵੇਅਰਾਂ ਦੀ ਮਦਦ ਨਾਲ ਦੂਜੀ ਭਾਸ਼ਾ ਜਾਂ ਲਿਪੀ ਵਿਚ ਬਦਲਣਾ ਸੰਭਵ ਹੈ।
* ਭਾਰਤੀ ਭਾਸ਼ਾਵਾਂ ਲਈ ਯੂਨੀਕੋਡ ਦੀ ਵਰਤੋਂ ਕਰਨੀ ਸੰਭਵ ਹੈ। ਭਾਰਤੀ ਭਾਸ਼ਾਵਾਂ ਦੇ ਪ੍ਰਮੁੱਖ ਵਰਡ ਪ੍ਰੋਸੈੱਸਰ, ਸਪਰੈੱਡਸ਼ੀਟ, ਪ੍ਰੈਜ਼ਨਟੇਸ਼ਨ, ਓਪਰੇਟਿੰਗ ਸਿਸਟਮ ਅਤੇ ਵੈੱਬ ਬ੍ਰਾਊਜ਼ਰ ਆਦਿ ਸਾਫ਼ਟਵੇਅਰ ਪੂਰੀ ਤਰ•ਾਂ ਯੂਨੀਕੋਡ ਦੇ ਸਮਰੱਥ ਹਨ।
* ਯੂਨੀਕੋਡ ਵਿਚ ਬਣੀ ਪੰਜਾਬੀ ਨਾਵਾਂ ਦੀ ਸੂਚੀ, ਹਵਾਲਾ ਸੂਚੀ ਆਦਿ ਨੂੰ ਕ੍ਰਮ ਵਿਚ ਲਗਾਉਣਾ ਸੰਭਵ ਹੈ।
* ਵੈੱਬ ਬ੍ਰਾਊਜ਼ਰ ਨੂੰ ਯੂਨੀਕੋਡ ਦਾ ਭਰਵਾਂ ਸਮਰਥਨ ਹਾਸਲ ਹੈ ਜਿਸ ਕਾਰਨ ਨੈੱਟ 'ਤੇ ਪੰਜਾਬੀ ਵੈੱਬਸਾਈਟਾਂ ਖੋਲੀਆਂ ਜਾ ਸਕਦੀਆਂ ਹਨ। ਗੂਗਲ ਅਤੇ ਹੋਰ ਸਰਚ ਇੰਜਣ ਯੂਨੀਕੋਡ 'ਚ ਕੰਮ ਕਰਨ ਦੇ ਸਮਰੱਥ ਹਨ ਜਿਸ ਕਾਰਨ ਪੰਜਾਬੀ ਵਿਚ ਵੈੱਬ ਸਰਚ ਕਰਨਾ ਸੰਭਵ ਹੈ।
* ਯੂਨੀਕੋਡ ਦੀ ਵਰਤੋਂ ਕਰਕੇ ਸਾਫ਼ਟਵੇਅਰ ਵਿਕਾਸਕਰਤਾਵਾਂ ਦੁਆਰਾ ਵੱਖ-ਵੱਖ ਮੀਨੂ ਅਤੇ ਡਾਇਲਾਗ ਬਕਸੇ ਪੰਜਾਬੀ ਵਿਚ ਬਣਾਉਣੇ ਸੰਭਵ ਹਨ।
* ਯੂਨੀਕੋਡ ਦੇ ਸਮਰਥਨ ਵਾਲੇ ਕਿਸੇ ਕੰਪਿਊਟਰ ਉੱਤੇ ਤੁਸੀਂ ਫ਼ਾਈਲਾਂ ਅਤੇ ਫ਼ੋਲਡਰਾਂ ਦਾ ਨਾਮ (ਜਿਵੇਂ ਕਿ ''ਮੇਰੀ ਫ਼ਾਈਲ.doc) ਪੰਜਾਬੀ ਵਿਚ ਰੱਖੇ ਜਾ ਸਕਦੇ ਹਨ।
* ਯੂਨੀਕੋਡ ਪ੍ਰਣਾਲੀ ਰਾਹੀਂ ਪੰਜਾਬੀ ਵਿਚ ਕੰਪਿਊਟਰ ਪ੍ਰੋਗਰਾਮ ਬਣਾਉਣੇ ਸੰਭਵ ਹਨ।
* ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਤੱਕ ਗੁਰਮੁਖੀ ਅੰਕੜਿਆਂ ਦਾ ਅਦਾਨ-ਪ੍ਰਦਾਨ ਕਿਸੇ ਨੁਕਸਾਨ ਅਤੇ ਫ਼ੌਂਟ ਦੀ ਚਿੰਤਾ ਕੀਤੇ ਬਿਨਾਂ ਕੀਤਾ ਜਾ ਸਕਦਾ ਹੈ।
* ਯੂਨੀਕੋਡ ਫ਼ੌਂਟ ਵਿਚ ਤਿਆਰ ਕੀਤਾ ਡਾਟਾਬੇਸ ਬਣਾਉਣਾ ਅਤੇ ਵਰਤਣਾ ਬਹੁਤ ਆਸਾਨ ਹੈ।
* ਯੂਨੀਕੋਡ ਕਾਰਨ ਸਮਾਰਟ ਫੋਨਾਂ ਵਿਚ ਪੰਜਾਬੀ ਸੰਦੇਸ਼/ਸੰਪਰਕ ਨਾਂ ਲਿਖਣੇ, ਪੜ•ਨੇ ਅਤੇ ਭੇਜਣੇ ਸੰਭਵ ਹੋਏ ਹਨ।
* ਯੂਨੀਕੋਡ ਰਾਹੀਂ ਸੀਡੀ/ਡੀਵੀਡੀ ਪਲੇਅਰਾਂ ਦੇ ਡਿਸਪਲੇ 'ਤੇ ਸਕਰੋਲ ਕਰਦੇ ਸੰਦੇਸ਼ਾਂ (ਗੀਤ ਦੇ ਬੋਲਾਂ) ਨੂੰ ਪੰਜਾਬੀ 'ਚ ਦਿਖਾਇਆ ਜਾ ਸਕਦਾ ਹੈ। ਜਨਤਕ ਥਾਵਾਂ 'ਤੇ ਲੱਗੇ ਡਿਸਪਲੇ ਬੋਰਡ ਵੀ ਪੰਜਾਬੀ ਦਿਖਾ ਸਕਦੇ ਹਨ।
* ਯੂਨੀਕੋਡ ਰਾਵੀ ਫ਼ੌਂਟ ਰਾਹੀਂ ਪੰਜਾਬੀ 'ਚ ਈ-ਮੇਲ ਸੰਦੇਸ਼ ਲਿਖਣੇ, ਭੇਜਣੇ ਅਤੇ ਪੜ•ਨੇ ਸੰਭਵ ਹਨ।
* ਯੂਨੀਕੋਡ ਰਾਹੀਂ ਬਲੌਗ, ਵੈੱਬਸਾਈਟਾਂ, ਫੇਸਬੁੱਕ, ਟਵੀਟਰ, ਵਟਸ ਐਪ ਆਦਿ 'ਤੇ ਲਿਖਣਾ ਸੰਭਵ ਹੋਇਆ ਹੈ।
ਯੂਨੀਕੋਡ ਇਕ ਅਜਿਹੀ ਵਿਵਸਥਾ ਹੈ ਜਿਸ ਰਾਹੀਂ ਖੇਤਰੀ ਜ਼ੁਬਾਨਾਂ ਦਾ ਕੰਪਿਊਟਰ, ਸਮਾਰਟ ਫੋਨਾਂ ਅਤੇ ਇੰਟਰਨੈੱਟ ਦੇ ਮਾਧਿਅਮ ਰਾਹੀਂ ਵਿਕਾਸ ਕਰਨਾ ਬਹੁਤ ਆਸਾਨ ਹੈ। ਪੰਜਾਬੀ ਭਾਸ਼ਾ ਲਈ ਯੂਨੀਕੋਡ ਦੇ ਵਿਕਾਸ ਲਈ ਪੰਜਾਬੀ ਓਪਰੇਟਿੰਗ ਸਿਸਟਮ, ਵਰਡ ਪ੍ਰੋਸੈੱਸਰ, ਵੈੱਬ ਬ੍ਰਾਊਜ਼ਰ, ਫ਼ੌਂਟ ਕਨਵਰਟਰ, ਸੋਸ਼ਲ ਨੈੱਟਵਰਕਿੰਗ ਸਾਈਟਾਂ, ਈ-ਮੇਲ/ਚੈਟ ਪ੍ਰੋਗਰਾਮ, ਟੈਕਸਟ ਐਡੀਟਰ ਆਦਿ ਪ੍ਰੋਗਰਾਮਾਂ ਦਾ ਵਿਕਾਸ ਹੋ ਚੁੱਕਾ ਹੈ।
ਡਾ. ਸੀ ਪੀ ਕੰਬੋਜ
ਮੋਬ. 9417455614
ਇਨਸਾਨ ਜਾਂ ਜਾਨਵਰ”
NEXT STORY