'ਨੀਲੀ ਬਾਰ ਅੱਜ ਵੀ ਮੇਰੇ ਚੇਤਿਆਂ ਵਿੱਚ ਵਸਦੀ ਏ'
"ਮੈਂ ਅਜੀਤ ਕੌਰ ਪਤਨੀ ਸ.ਜਗੀਰ ਸਿੰਘ ਸਪੁੱਤਰ ਭਾਈ ਨਰੈਣ ਸਿੰਘ( ਜੋ '47 ਦੇ ਆਰ-ਪਾਰ ਇਲਾਕੇ ਦੇ ਨਾਮੀ ਇਮਾਰਤਸਾਜ ਰਹੇ), ਪਿੰਡ ਚਾਨੀਆਂ ਜ਼ਿਲ੍ਹਾ ਜਲੰਧਰ ਤੋਂ ਬੋਲ ਰਹੀਂ ਆਂ। ਮੇਰਾ ਪੇਕਾ ਪਿੰਡ ਜਲੰਧਰ ਜ਼ਿਲ੍ਹੇ ਦਾ ਹੀ, ਨਵਾਂ ਪਿੰਡ ਦੋਨਾਂ ਏ। ਦੋਨਾਂ ਪੱਟੀ ਵਿੱਚ ਬਹੁਤਾਤ ਗਿਣਤੀ ਕੰਬੋਅ ਸਿੱਖਾਂ ਦੀ ਏ। ਉਨ੍ਹਾਂ 'ਚੋਂ ਵੀ ਬਹੁਤੇ ਵੰਡ ਵੇਲੇ ਬਾਰਾਂ 'ਚੋਂ ਹੀ ਉਜੜ ਕੇ ਆਏ ਹੋਏ ਨੇ। ਨਵਾਂ ਪਿੰਡ 'ਚ ਮੈਂ ਤਿੰਨ ਭਰਾਵਾਂ ਮੁਖਤਿਆਰ ਸਿੰਘ, ਮੇਲਾ ਸਿੰਘ ਅਤੇ ਪੰਜਾਬ ਦੇ ਮਸ਼ਹੂਰ ਢਾਡੀ/ਸਾਰੰਗੀ ਮਾਸਟਰ ਰਹੇ ਅਜੀਤ ਸਿੰਘ ਦੀ ਇੱਕੋ ਇਕ ਭੈਣ ਹਾਂ। ਪਿਤਾ ਜੀ ਦਾ ਨਾਮ ਵਧਾਵਾ ਸਿੰਘ ਉਨ੍ਹਾਂ ਦੇ ਦੋ ਭਰਾ ਮਈਆ ਸਿੰਘ ਅਤੇ ਸੁੰਦਰ ਸਿੰਘ ਸਨ। ਮੰਗਲ ਸਿੰਘ ਸਾਡਾ ਬਾਬਾ ਹੋਇਐ।
ਮੇਰੀ ਮਾਂ ਸੰਤ ਕੌਰ (ਪੇਕਾ ਪਿੰਡ ਲਾਲ ਗੜ੍ਹ-ਗੰਗਾਨਗਰ) ਦੇ ਦੱਸਣ ਮੁਤਾਬਿਕ, ਜਦ ਕੋਇਟਾ-ਬਲੋਚਿਸਤਾਨ 'ਚ ਭੁਚਾਲ (1935) ਆਇਆ, ਤਦੋਂ ਮੈਂ ਕਰੀਬ ਦੋ ਕੁ ਸਾਲ ਦੀ ਸਾਂ। ਇਸ ਤਰਾਂ ਮੇਰਾ ਜਨਮ ਕੋਈ 1933 ਕੁ ਦਾ ਬਣਦਾ ਐ। ਕੋਇਟਾ ਦੀ ਘਟਨਾ ਸਾਡੇ ਪਰਿਵਾਰ ਲਈ ਤਾਂ ਜ਼ਿਕਰ ਵਾਲੀ ਹੈ, ਕਿਉਂਕਿ ਜੋ ਉਸ ਘਟਨਾ ਵਿਚ ਮੇਰੇ ਪਿਤਾ ਜੀ ਦੇ ਮਾਮਾ ਜੀ ਦੀ ਬੇਟੀ ਦਰੋਪਤੀ, ਜੋ ਕੋਇਟਾ ਵਿਖੇ ਰਿਹਾਇਸ਼ ਰੱਖਦੀ ਸੀ, ਮਾਰੀ ਗਈ।
ਇਧਰ ਨਵਾਂ ਪਿੰਡ ਵਿੱਚ ਪਿਤਾ ਜੀ ਆਪਣੇ ਭਾਈਆਂ ਅਤੇ ਆਪਣੇ ਪਿਤਾ ਜੀ ਨਾਲ 'ਕੱਠੇ ਹੀ ਮਿਲ ਕੇ ਪਿਤਾ ਪੁਰਖੀ ਕਿੱਤਾ ਸੰਦੂਕ, ਗੱਡੇ ਬਣਾ ਕੇ ਵੇਚਣ/ਮੁਰੰਮਤ ਕਰਨ ਦਾ ਕਰਦੇ। ਕੋਇਟਾ ਗਰਕਣ ਤੋਂ ਬਾਅਦ ਪਿਤਾ ਵਧਾਵਾ ਸਿੰਘ ਜੀ ਨੂੰ, ਨੀਲੀ ਬਾਰ ਦੇ ਚੱਕ 48/R ਸੈਣੀ ਸਿੱਖਾਂ, ਤਸੀਲ ਉਕਾੜਾ ਜ਼ਿਲ੍ਹਾ ਮਿੰਟਗੁਮਰੀ ਦੇ ਸਰਦਾਰ ਰਾਮ ਸਿੰਘ ਸੈਣੀ (ਪਿਛਲਾ ਪਿੰਡ ਉੱਚਾ ਝਿੱਕਾ-ਜਲੰਧਰ) ਨੇ ਸੁਨੇਹਾ ਭੇਜ ਕੇ, ਆਪਣੇ ਖੇਤੀਬਾੜੀ ਸੰਦਾਂ ਦੀ ਲੋੜ/ਮੁਰੰਮਤ ਨੂੰ ਪੂਰਾ ਕਰਨ ਲਈ ਬੁਲਾ ਲਿਆ। 1946 ਵਿੱਚ, ਜਦ ਮੈਂ ਵੀ ਘਰੇਲੂ ਕੰਮਾਂ 'ਚ ਹੱਥ ਵਟਾਉਣ ਲੱਗ ਪਈ ਤਾਂ ਪਿਤਾ ਜੀ ਰੋਟੀਆਂ ਪਕਾਉਣ ਲਈ ਮੈਨੂੰ ਵੀ ਲੈ ਗਏ। ਇਸ ਤਰਾਂ ਮੈਂ ਵੀ ਨੀਲੀ ਬਾਰ 'ਚ ਕੁੱਝ ਸਮਾਂ ਬਸਰ ਕੀਤੈ। ਮੇਰੇ ਬਚਪਨ ਦੀਆਂ ਕਈ ਮਿੱਠੀਆਂ ਅਤੇ ਤਲਖ਼ ਯਾਦਾਂ ਜੁੜੀਆਂ ਹੋਈਆਂ ਨੇ।
ਰਾਮ ਸਿੰਘ ਦਾ ਘਰ/ਹਵੇਲੀ ਬਹੁਤ ਖੁੱਲ੍ਹਾ ਡੁੱਲ੍ਹਾ ਸੀ। ਫ਼ਿਰੰਗੀ ਵਲੋਂ ਉਸ ਨੂੰ ਘੋੜੀ ਪਾਲ਼ ਮੁਰੱਬਾ ਅਲਾਟ ਸੀ। ਉਹਦੇ ਘਰੋਂ ਮਾਈ ਉਤਮ ਕੌਰ ਬੜੀ ਭਲੀ ਔਰਤ ਸੀ। ਉਸ ਨੇ ਮੈਨੂੰ ਕਦੇ ਵੀ 'ਕੱਲਤਾ ਦਾ ਅਹਿਸਾਸ ਨਾ ਹੋਣ ਦਿੱਤਾ। ਹਰ ਕੰਮ ਵਿੱਚ ਮੇਰੀ ਸਹਾਇਤਾ ਅਤੇ ਅਗਵਾਈ ਕਰਦੀ। ਤੀਰਥ, ਜਸਵੰਤ,ਜਗੀਰ ਅਤੇ ਗੁਰਦਿਆਲ ਉਸ ਦੇ ਚਾਰ ਬੇਟੇ ਹੁੰਦੇ। ਉਸ ਦੀ ਬੇਟੀ ਕਰਤਾਰੀ ਜਲੰਧਰ ਬਚਨ ਸਿੰਹੁ ਨੂੰ ਵਿਆਹੀ ਹੋਈ ਸੀ, ਜੋ ਬਿਜਲੀ ਦੀ ਦੁਕਾਨ ਕਰਦਾ। ਗੁਰਦਿਆਲ ਉਸੇ ਕੋਲ਼ ਰਹਿ ਕੇ ਪੜ੍ਹਦਾ। ਰਾਮ ਸਿੰਘ ਦੀਆਂ ਦੋ ਨੂੰਹਾਂ ਜੱਸ ਕੌਰ, ਬਚਨ ਕੌਰ ਅਤੇ ਦੋ ਪੋਤੀਆਂ ਪ੍ਰੀਤੋ ਵਗੈਰਾ ਸਨ। ਉਹੋ ਮੇਰੀਆਂ ਸਹੇਲੀਆਂ ਹੁੰਦੀਆਂ। ਅਸੀਂ ਖੇਡਦੀਆਂ, ਇਕ ਦੂਜੇ ਨਾਲ਼ ਕੰਮ ਵਿਚ ਹੱਥ ਵਟਾਉਂਦੀਆਂ। ਤਦੋਂ ਆਮ ਪਿੰਡਾਂ ਵਿਚ ਕੁੜੀਆਂ ਨੂੰ ਸਕੂਲ ਭੇਜਣ ਦਾ ਰਿਵਾਜ਼ ਨਹੀਂ ਸੀ। ਰਾਮ ਸਿੰਘ ਨੇ ਆਪਣੇ ਘਰ ਇਕ ਪਾਸੇ ਹਾਤੇ ਵਿਚ ਹੀ ਪਿਤਾ ਜੀ ਨੂੰ ਵੀ ਕਾਫ਼ੀ ਥਾਂ ਦਿੱਤਾ। ਸੋ ਪਿਤਾ ਜੀ ਉਥੇ ਹੀ ਰਿਹਾਇਸ਼ ਰੱਖਦੇ ਅਤੇ ਆਪਣਾ ਕਾਰੋਬਾਰ ਵੀ ਉਥੇ ਹੀ ਕਰਦੇ। ਰੋਟੀ-ਟੁੱਕ ਮੈਂ ਕਰ ਲੈਂਦੀ। ਕਿਉਂ ਜੋ ਮਾਤਾ ਜੀ ਓਧਰ ਨਹੀਂ ਗਏ।
ਓਧਰ ਸਾਡੇ ਪਿੰਡ ਦੇ ਗੁਆਂਢੀ ਪਿੰਡਾਂ ਵਿਚ ਨਜ਼ਦੀਕੀ ਪਿੰਡ ਮਲਗੱਧਾ ਮੂਲ ਨਿਵਾਸੀ ਮੁਸਲਿਮ ਜਾਂਗਲੀਆਂ ਦਾ ਪਿੰਡ ਸੁਣੀਂਦਾ। ਜਿਥੇ ਚੋਰ ਉਚੱਕੇ ਅਤੇ ਲੁੱਟ ਖੋਹ ਦੀ ਬਿਰਤੀ ਕਰਨ ਵਾਲਿਆਂ ਦਾ ਵਾਸ ਸੀ। ਇਕ ਹੋਰ 47 ਚੱਕ ਕੰਬੋਅ ਸਿੱਖਾਂ ਦਾ ਵੱਜਦਾ। 46 ਅਤੇ 49 ਚੱਕ ਵੀ ਨਜ਼ਦੀਕ ਹੀ ਸੁਣੀਂਦੇ। 47-48 ਚੱਕ ਵਿਚਕਾਰ ਨਹਿਰ ਵਗਦੀ। ਉਸੇ ਨਹਿਰ ਦਾ ਪਾਣੀ ਖੇਤਾਂ ਨੂੰ ਲੱਗਦਾ। ਵਾਧੂ ਪਾਣੀ ਨਾਲ ਪਿੰਡ ਦੀਆਂ ਢਾਬਾਂ ਨੂੰ ਭਰ ਲਿਆ ਜਾਂਦਾ।ਉਹ ਪਾਣੀ ਪਸ਼ੂ, ਕੱਪੜੇ, ਨਹੌਣ ਧੋਣ ਲਈ ਵਰਤਦੇ।
ਪਿੰਡ ਵਿਚਕਾਰ ਇੱਕ ਖ਼ੂਹ ਹੁੰਦਾ, ਇਕ ਦਰਜ਼ੀ ਦੀ ਦੁਕਾਨ। ਸਕੂਲ 47-48 ਚੱਕ ਦੇ ਵਿੱਚਕਾਰ ਦੋਹੇਂ ਪਿੰਡਾਂ ਦਾ ਸਾਂਝਾ ਸੀ। 'ਟੇਸ਼ਣ ਸਾਨੂੰ ਉਕਾੜਾ ਲੱਗਦਾ, ਜੋ ਪਿੰਡੋਂ ਖਾਸਾ ਦੂਰ ਕਰੀਬ 7 ਕੋਹ ਪੈਂਦਾ। ਤੁਰ ਕੇ ਉਥੋਂ ਹੀ ਗੱਡੀ ਚੜ੍ਹਦੇ। ਚੜ੍ਹਦੇ ਮਾਰਚ ਨੂੰ ਦੰਗੇ ਫ਼ਸਾਦਾਂ ਸ਼ੁਰੂ ਹੋ ਗਏ। ਪਰ ਇਧਰ ਨੀਲੀ ਬਾਰ ਇਲਾਕੇ ਵਿੱਚ ਉਸ ਦਾ ਸੇਕ ਹਾਲਾਂ ਪਹੁੰਚਿਆ ਨਹੀਂ ਸੀ। ਇਧਰੋਂ ਨਵੇਂ ਪਿੰਡੋਂ ਮਾਂ ਦੀਆਂ ਪਿਤਾ ਦੇ ਨਾਮ ਪੁਰ ਚਿੱਠੀਆਂ ਆਉਂਦੀਆਂ, ਜਿਸ ਵਿੱਚ ਬਾਰ ਛੱਡ ਕੇ ਵਾਪਸ ਪਿੰਡ ਆਉਣ ਲਈ ਤਾਕੀਦ ਹੁੰਦੀ। ਪਰ ਪਿਤਾ ਜੀ ਬਾਰ ਤੋਂ ਵਾਪਸ ਜਾਣ ਦਾ ਨਾਮ ਨਾਂ ਲੈਂਦੇ। ਅਖ਼ੀਰ ਮਾਤਾ ਨੇ ਸਖ਼ਤ ਸ਼ਬਦਾਂ 'ਚ ਰੋਹ ਭਰੀ ਚਿੱਠੀ ਲਿਖੀ। ਲਿਖਿਆ ਉਸ ਨੇ,"ਤੂੰ ਨਾ ਆ, ਬਾਰ ਨੂੰ ਸਰ ਕਰਕੇ ਆਈਂ, ਪਰ ਮੇਰੇ ਬੱਚੇ ਭੇਜਦੇ।" ਤਾਂ ਪਿਤਾ ਜੀ ਵਾਪਸ ਆਉਣ ਨੂੰ ਮਜ਼ਬੂਰ ਹੋ ਗਏ।
ਉਨ੍ਹਾਂ ਨੇ ਸਰਦਾਰ ਰਾਮ ਸਿੰਘ ਨਾਲ ਵੀ ਸਲਾਹ ਕੀਤੀ। ਕੁੱਝ ਦਿਨਾਂ ਵਿੱਚ ਹੀ ਤਿਆਰੀ ਫੜ ਲਈ। ਚੜ੍ਹਦੇ ਜੇਠ ਮੈਂ, ਮੁਖਤਿਆਰ ਅਤੇ ਮੇਲਾ ਮੇਰੇ ਭਰਾ, ਪਿਤਾ ਜੀ, ਰਾਮ ਸਿੰਘ ਅਤੇ ਉਸ ਦਾ ਬੇਟਾ ਗੁਰਦਿਆਲ ਜੋ ਜਲੰਧਰੋਂ ਬਾਰ ਚ ਛੁੱਟੀ ਕੱਟਣ ਗਿਆ ਸੀ ਸਾਰੇ ਤਿਆਰ ਹੋ ਕੇ ਹਲਕੇ ਫੁਲਕੇ ਸਮਾਨ ਦੀਆਂ ਗਠੜੀਆਂ ਬੰਨ੍ਹ,ਉਕਾੜਾ ਟੇਸ਼ਣ ਲਈ ਸਿਰਾਂ ਤੇ ਰੱਖ ਲਈਆਂ। ਉਥੋਂ ਫਿਰੋਜ਼ ਪੁਰ ਲਈ ਰੇਲ ਗੱਡੀ ਫੜੀ। ਫਿਰੋਜ਼ਪੁਰ ਇਕ ਸਰਾਂ ਵਿਚ ਰਾਤ ਰਹੇ। ਨਾਲ ਲਿਆਂਦੀਆਂ ਰੋਟੀਆਂ ਗੁੜ੍ਹ ਨਾਲ ਖਾਧੀਆਂ। ਸਵੇਰ ਨੂੰ ਲੋਹੀਆਂ ਵਾਲ਼ੀ ਗੱਡੀ ਫੜੀ। ਲੋਹੀਆਂ ਤੋਂ ਤੁਰ ਕੇ ਨਵਾਂ ਪਿੰਡ ਪਹੁੰਚੇ। ਮਾਂ ਨੇ ਤੇਲ ਚੋਅ, ਮੱਥੇ ਚੁੰਮ ਚੁੰਮ ਕੇ ਸਾਡਾ ਸਵਾਗਤ ਕੀਤਾ। ਰਾਮ ਸਿੰਘ ਅਤੇ ਗੁਰਦਿਆਲ ਸਿੰਘ ਦੋ ਰਾਤਾਂ ਸਾਡੇ ਘਰ ਰਹੇ ਉਪਰੰਤ ਉਹ ਆਪਣੇ ਜੱਦੀ ਪਿੰਡ ਚਲੇ ਗਏ। ਕਿਉਂ ਜੋ ਮਾਰ ਧਾੜ ਨੇ ਹਾਲਾਂ ਜ਼ੋਰ ਨਹੀਂ ਫੜਿਆ ਸੀ ਸੋ ਅਸੀਂ ਸੁੱਖ ਸਬੀਲੀ ਆਣ ਪਹੁੰਚੇ। ਪਰ ਰਾਮ ਸਿੰਘ ਦੇ ਵੱਡੇ ਤਿੰਨ ਬੇਟੇ ਆਪਣੇ ਟੱਬਰਾਂ ਨਾਲ ਹਾਲੇ ਉਥੇ ਹੀ ਡਟੇ ਹੋਏ ਸਨ।
ਹੁਣ ਰੌਲ਼ੇ ਬਹੁਤ ਵੱਧ ਗਏ। ਆਲੇ-ਦੁਆਲੇ ਪਿੰਡਾਂ ਉਪਰ ਹਮਲੇ ਹੋਏ। 47 ਚੱਕ ਤੇ ਦੰਗਈਆਂ ਨੇ ਬਲੋਚ ਮਿਲਟਰੀ ਦੀ ਸਹਾਇਤਾ ਨਾਲ ਸਾਰਾ ਪਿੰਡ ਹੀ ਮਾਰ ਸੁੱਟਿਆ। ਕੇਵਲ 10 ਕੁ ਫ਼ੀਸਦੀ ਲੋਕ ਹੀ ਦੌੜ ਭੱਜ ਜਾਂ ਲੁਕ ਛਿਪ ਕੇ ਬਚ ਸਕੇ। ਸੁਣਿਆਂ ਮੁਟਿਆਰਾਂ ਤਾਈਂ ਚੁੱਕ ਕੇ ਲੈ ਗਏ। ਬਜ਼ੁਰਗਾਂ ਦੇ ਦੱਸਣ ਮੁਤਾਬਿਕ ਮਿਸਾਲ ਵਜੋਂ, ਪ੍ਰਾਇਮਰੀ ਸਕੂਲ ਦਾ ਹੈੱਡਮਾਸਟਰ ਸਾਈਂ ਦਿੱਤਾ, ਜੋ 47 ਚੱਕ ਤੋਂ ਹੀ ਸੀ ਸਮੇਤ, ਭੀੜ ਵਲੋਂ ਪਿੱਛਿਓਂ ਟੁਰਨਾ ਦੋਨਾਂ ਪਿੰਡ ਦੇ ਜ਼ੈਲਦਾਰ ਵਧਾਵਾ ਸਿੰਘ, ਜ਼ੈਲਦਾਰ ਕਿਸ਼ਨ ਸਿੰਘ ਦੇ ਪਰਿਵਾਰ ਦੇ 31 ਮੈਂਬਰ, ਫੁੱਮਣ ਸਿੰਘ ਭੱਟੀਆਂ-ਫਿਲੌਰ ਦੇ 28 ਮੈਂਬਰ ਮਾਰੇ ਗਏ। ਪਿੰਡ ਦੇ ਮੁਖੀਏ ਜ਼ੈਲਦਾਰ ਵਧਾਵਾ ਸਿੰਘ ਦਾ ਭੀੜ ਨੇ ਸਿਰ ਕਲਮ ਕਰਕੇ, ਨੇਜ਼ੇ ਤੇ ਟੰਗ ਕੇ ਪਿੰਡ ਵਿੱਚ ਜੇਤੂ ਜਲੂਸ ਕੱਢਿਆ।
48 ਚੱਕ ਵਿੱਚ ਰਾਮ ਸਿੰਘ ਇਧਰ ਆ ਕੇ ਫਿਰ ਵਾਪਸ ਮੁੜ ਗਿਆ। ਉਸ ਦੇ ਘਰੋਂ, ਬੇਟੇ ਤੀਰਥ, ਜਸਵੰਤ ਅਤੇ ਜਗੀਰ ਬੜੀ ਮੁਸ਼ਕਲ ਨਾਲ ਬਚ ਕੇ ਆਏ। ਤੀਰਥ ਦੇ ਘਰੋਂ ਜੱਸ ਕੌਰ ਬਚ ਰਹੀ। ਜਸਵੰਤ ਦੇ ਘਰੋਂ ਬਚਨ ਕੌਰ ਪਿੰਡ ਉਪਰ ਹੋਏ ਹਮਲੇ ਸਮੇਂ ਇਕ ਹੋਰ ਵਿਆਂਦੜ ਨਾਲ ਨਹਿਰ ਵਿੱਚ ਛਾਲ ਮਾਰਕੇ ਜਾਨ ਦੇ ਗਈਆਂ। ਜਗੀਰ ਦੇ ਘਰੋਂ ਤਦੋਂ ਆਪਣੇ ਪੇਕੇ ਘਰ ਗਈ ਹੋਣ ਕਾਰਨ, ਬਚ ਰਹੀ।
ਇਧਰ ਨਵਾਂ ਪਿੰਡ ਉਪਰ ਵੀ ਆਲੇ-ਦੁਆਲੇ ਪਿੰਡਾਂ ਵਲੋਂ ਕੱਠੇ ਹੋ ਕੇ ਮੁਸਲਮਾਨਾਂ ਦੀ ਲੁੱਟ ਮਾਰ ਕਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ। ਸਮਾਨ ਲੁੱਟ ਲਿਆ, ਕਈ ਜਵਾਨ ਔਰਤਾਂ ਤਾਈਂ ਉਠਾਕੇ ਲੈ ਗਏ। ਉਠਾਈਆਂ ਔਰਤਾਂ ਵਿਚ ਤੇਲੀਆਂ ਦੀ ਇਕ ਨੂੰਹ ਅਤੇ ਇਕ ਧੀ ਸ਼ਾਮਲ ਸੀ (ਇਨ੍ਹਾਂ ਤੇਲੀਆਂ ਦੀ ਹੀ ਸਈਨਾ ਨਾਮੇ ਕੁੜੀ ਚਾਨੀਆਂ ਦੇ ਮੁਸਲਿਮ ਤੇਲੀ ਜਮਾਲੀ ਵਲਦ ਨਾਨਕ ਨੂੰ ਵਿਆਹੀ ਹੋਈ ਸੀ। ਨਾਨਕ ਦਾ ਵੇਦ ਪਾਲ ਅਰੋੜਾ ਵਾਲਾ ਘਰ ਹੁੰਦਾ)।
ਮੁਸਲਿਮ ਘੁਮਿਆਰਾਂ ਨੇ ਮਿੱਟੀ ਦੇ ਭਾਂਡਿਆਂ ਦੀ ਸਸਤੇ 'ਚ ਸੇਲ ਲਾ ਤੀ। ਮੇਰੀ ਮਾਂ ਨੇ ਦਮੜੀ ਦਿੰਦਿਆਂ ਮੈਨੂੰ ਕਿਹਾ,"ਜਾਹ ਤੂੰ ਵੀ ਇਕ ਚਾਟੀ ਲੈ ਆ"। ਬਾਹਰ ਨਿੱਕਲੀ ਤਾਂ ਗਲ਼ੀ ਦੇ ਮੋੜ ਤੇ ਮੇਰਾ ਭਰਾ ਮੇਲਾ ਸਿੰਘ ਅਤੇ ਉਦਾ ਦੋਸਤ ਭਜਨ ਸਿੰਘ ਕੰਬੋਅ, ਲਾਠੀਆਂ ਲਈ ਪਹਿਰੇ ਉਤੇ ਸਨ। ਉਨ੍ਹਾਂ ਮੈਨੂੰ ਰੋਕ ਕੇ ਇਕ ਦਮ ਪਿੱਛੇ ਮੁੜਨ ਲਈ ਕਿਹਾ, ਤਾਂ ਮੈਂ ਉਵੇਂ ਹੀ ਮੁੜ ਆਈ। ਉਪਰੋਕਤ ਸਾਰੀ ਤਲਖ਼ ਹਕੀਕਤ ਇਕ ਬੁਰੇ ਸੁਫ਼ਨੇ ਵਾਂਗ ਅੱਜ ਵੀ ਮੇਰੇ ਚੇਤਿਆਂ ਵਿੱਚ ਹੈ, ਜੋ ਭੁਲਾਇਆਂ ਵੀ ਨਹੀਂ ਭੁੱਲਦੀ।"
ਸਤਵੀਰ ਸਿੰਘ ਚਾਨੀਆਂ
92569-73526
ਕਵਿਤਾ ਖਿੜਕੀ : ਮਰਦ ਰੋਂਦੇ ਨਹੀਂ...!
NEXT STORY