ਵੱਡੀ ਸੜਕ ਤੋਂ ਅਕਸਰ ਹੀ ਲੰਘਦਿਆਂ ਧਿਆਨ ਬਦੋ-ਬਦੀ ਥੋੜ੍ਹੀ ਕੁ ਵਿੱਥ 'ਤੇ ਬਣੀਆਂ ਉਹਨਾਂ ਮੜੀਆਂ ਵੱਲ ਪੈ ਹੀ ਜਾਂਦੀ। ਮੇਰੀ ਪਤਨੀ ਨੇ ਬੜੀ ਵਾਰ ਉਥੇ ਰਹਿ ਰਹੇ ਇਕ ਪਰਿਵਾਰ ਬਾਰੇ ਗੱਲ ਤਾਂ ਕੀਤੀ ਪਰ ਸ਼ਾਇਦ ਮੇਰੇ ਵੱਲੋਂ ਕਈ ਦਿਨ ਅਣਗੌਲਿਆਂ ਹੀ ਕੀਤੀ ਜਾਂਦੀ ਰਹੀ। ਇਕ ਦਿਨ ਤਾਂ ਉਸ ਨੇ ਉਸ ਪਰਿਵਾਰ ਨੂੰ ਮਿਲ ਕੇ ਉਥੇ ਰਹਿਣ ਦਾ ਕਾਰਨ ਪਤਾ ਕਰਨ ਲਈ ਜਿੱਦ ਹੀ ਫੜ੍ਹ ਲਈ, ਫਿਰ ਕੀ ਸੀ, ਉਹਨਾਂ ਮੜੀਆਂ 'ਚ ਵੱਸਦੇ ਪਰਿਵਾਰ ਨੂੰ ਮਿਲਣ ਲਈ ਮੈਂ ਤੇ ਮੇਰੀ ਪਤਨੀ ਮੇਂਨ ਗੇਟ ਪਾਰ ਕਰਕੇ ਅੰਦਰ ਚਲੇ ਗਏ। ਸਤਿ ਸ੍ਰੀ ਅਕਾਲ ਬੁਲਾ ਕੇ ਤੇ ਆਪਣੇ ਬਾਰੇ ਜਾਣ-ਪਹਿਚਾਣ ਕਰਵਾ ਕੇ ਮੈਂ ਉਹਨਾਂ ਮੜੀਆਂ 'ਚ ਵੱਸਦੇ ਉਸ ਪਰਿਵਾਰ ਤੋਂ ਉਥੇ ਰਹਿਣ ਦਾ ਕਾਰਨ ਪਤਾ ਕਰਨ ਲਈ ਉਤਾਵਲਾ ਹੋ ਰਿਹਾ ਸਾਂ। ਉਸ ਪਰਿਵਾਰ ਵਿਚ ਚਾਰ ਜੀਅ ਸਨ, ਜਿਹਨਾਂ 'ਚ ਪਤੀ-ਪਤਨੀ ਤੇ ਉਹਨਾਂ ਦਾ ਇਕ ਬੱਚਾ, ਜੋ ਕਿ ਸ਼ਾਇਦ ਦਸ ਕੁ ਸਾਲ ਦਾ ਸੀ ਅਤੇ ਇਕ ਉਸ ਬੱਚੇ ਦਾ ਚਾਚਾ ਸੀ। ਬੱਚੇ ਦੀ ਮਾਂ ਤਾਂ ਵਿਚਾਰੀ ਲੱਤਾਂ ਤੋਂ ਅਪਾਹਿਜ ਹੋਣ ਦੇ ਬਾਵਜੂਦ ਵੀ ਉਸ ਵੇਲੇ ਸ਼ਾਇਦ ਰਾਤ ਦਾ ਖਾਣਾ ਤਿਆਰ ਕਰਨ ਲਈ ਆਟਾ ਗੁੰਨ ਰਹੀ ਸੀ ਅਤੇ ਨਾਲ ਦੀ ਨਾਲ ਮੈਨੂੰ ਆਪਣੀ ਵਿੱਥਿਆ ਵੀ ਸੁਣਾ ਰਹੀ ਸੀ। ਉਸਨੇ ਦੱਸਿਆ ਕਿ ਸਾਨੂੰ ਇਹਨਾਂ ਮੜੀਆਂ 'ਚ ਰਹਿੰਦਿਆਂ ਨੂੰ ਲਗਪਗ ਚਾਰ ਕੁ ਮਹੀਨੇ ਹੋ ਗਏ ਹਨ। ਇਸ ਤੋਂ ਪਹਿਲਾਂ ਅਸੀਂ ਲਗਪਗ ਪਿਛਲੇ 12 ਕੁ ਸਾਲਾਂ ਤੋਂ ਪਤਾ ਨਹੀ ਕਿੱਥੇ-ਕਿੱਥੇ ਅਤੇ ਕਿਹੜੇ-ਕਿਹੜੇ ਥਾਂਵਾ ਤੇ ਮੜੀਆਂ 'ਚ ਧੱਕੇ-ਧੋੜੇ ਖਾ ਚੁੱਕੇ ਹਾਂ ਕਿਉਂਕਿ ਸਾਡਾ ਆਪਣਾ ਕੋਈ ਵੀ ਘਰ-ਘਾਟ ਨਹੀਂ ਹੈ। ਉਸਨੇ ਦੱਸਿਆ ਕਿ ਮੇਰੇ ਪਤੀ ਦੇ ਕੋਲ ਜਿਹੜਾ ਮਕਾਨ ਸੀ, ਉਹ ਤਾਂ ਪੰਚਾਇਤ ਦੁਆਰਾ ਕਈ ਸਾਲ ਪਹਿਲਾਂ ਹੀ ਛੱਪੜ ਦਾ ਥਾਂ ਮੰਨ ਕੇ ਉਸ ਵਿਚ ਮਿਲਾ ਦਿੱਤਾ ਗਿਆ ਸੀ, ਉਦੋਂ ਤੋਂ ਹੀ ਸ਼ੁਰੂਆਤ ਹੋਈ ਫਿਰ ਸਾਡੀ ਜ਼ਿੰਦਗੀ ਦੇ ਬੁਰੇ ਦਿਨਾਂ ਦੀ, ਜੋ ਕਿ ਹਾਲੇ ਤੱਕ ਵੀ ਜਾਰੀ ਹੈ। ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਆਪਣੇ ਲਈ ਇਕ ਸਿਰ ਲੁਕਾਉਣ ਲਈ ਛੱਤ ਤੱਕ ਦਾ ਨਿਰਮਾਣ ਵੀ ਨਹੀਂ ਕਰ ਸਕੇ। ਉਸ ਦੁਖਿਆਰੀ ਔਰਤ ਦੀ ਇੰਨੀ ਕੁ ਦਾਸਤਾਨ ਸੁਣਨ ਤੋਂ ਬਾਅਦ ਮੈਂ ਉਸਦੇ ਪਤੀ ਬਾਰੇ ਜਾਨਣਾ ਚਾਹਿਆ ਕਿ ਉਹ ਕਿਥੇ ਸੀ ? ਜਵਾਬ 'ਚ ਉਸਨੇ ਦੱਸਿਆ ਕਿ ਉਹ ਤਾਂ ਪਰਿਵਾਰ ਦੇ ਗੁਜਾਰੇ ਹਿੱਤ ਪਿੰਡ 'ਚ ਕਿਸੇ ਜਿਮੀਦਾਰ ਨਾਲ ਦਿਹਾੜੀ 'ਤੇ ਕੰਮ ਕਰਨ ਲਈ ਗਿਆ ਹੋਇਆ ਹੈ, ਸ਼ਾਇਦ ਆਉਣ ਹੀ ਵਾਲਾ ਹੈ। ਹੋਰ ਦੱਸਦਿਆਂ ਹੋਇਆ ਉਸਨੇ ਕਿਹਾ ਕਿ ਪਤੀ ਨੂੰ ਦਿਹਾੜੀ ਤੋਂ ਜੋ ਵੀ ਤਿਲ-ਫੁਲ ਮਿਲਦਾ ਹੈ, ਉਸ ਨਾਲ ਅਸੀਂ ਘੱਟੋ-ਘੱਟ 'ਹੱਕ' ਦੀ ਰੋਟੀ ਤਾਂ ਖਾ ਹੀ ਰਹੇ ਹਾਂ। 'ਹੱਕ' ਸ਼ਬਦ ਉਸ ਦੇ ਮੂੰਹੋਂ ਸੁਣ ਕੇ ਮੇਰਾ ਤਾਂ ਸਰੀਰ ਲੂੰਈਂ-ਕੰਡੇ ਹੋ ਗਿਆ। ਅੰਦਰੋ-ਅੰਦਰ ਮੇਰੀ ਆਤਮਾ ਕਹਿ ਰਹੀ ਸੀ ਕਿ ਵਾਹ ਉਏ “ਰੱਬਾ” ਇਸ ਗੁਰਬਤ ਅਤੇ ਕਸ਼ਟ ਰੂਪੀ ਇਮਤਿਹਾਨ ਨਾਲ ਭਰੇ ਦਿਨਾਂ 'ਚ ਵੀ ਇਹ ਪਰਿਵਾਰ ਹੱਕ ਦੀ ਰੋਟੀ ਦੀ ਗੱਲ ਸਹਿਜੇ ਹੀ ਕਰ ਰਿਹਾ ਹੈ। ਇਸ ਤੋਂ ਇਲਾਵਾ ਇਹ “ਗੁਰੂ ਨਾਨਕ ਸਾਹਿਬ” ਦੇ ਗੱਡੀ ਰਾਹ ਦਾ ਪਾਂਧੀ ਬਣ ਕੇ ਵੀ ਵਿਖਾ ਰਿਹਾ ਹੈ। ਦੂਜੇ ਪਾਸੇ ਵੇਖੀਏ ਤਾਂ ਪਤਾ ਨਹੀ ਕਿੰਨੇ ਕੁ ਅਜਗਰ ਤੇ ਮਗਰਮੱਛ ਰੂਪੀ ਮਨੁੱਖ ਹਨ, ਜਿਹੜੇ ਕਈਆਂ ਦਾ ਹੱਕ ਨਿਗਲਣ ਦੇ ਬਾਵਜੂਦ ਵੀ ਬੜੇ ਧਰਮੀ ਤੇ ਭੱਦਰ-ਪੁਰਸ਼ ਹੋਣ ਦਾ ਰਾਗ ਅਲਾਪਦੇ ਰਹਿੰਦੇ ਹਨ, ਸਿੱਖਣ ਇਸ ਪਰਿਵਾਰ ਤੋਂ ਕਿ 'ਹੱਕ' ਕੀ ਹੁੰਦਾ ਹੈ। “ਗੁਰੂ ਨਾਨਕ ਸਾਹਿਬ ਜੀ” ਵੀ ਸੁਚੇਤ ਕਰਦੇ ਹਨ ਕਿ...
“ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ£”
ਥੋੜ੍ਹੀ ਕੁ ਉਦਾਸ ਹੁੰਦਿਆਂ ਹੋਇਆਂ ਉਸ ਔਰਤ ਨੇ ਆਪਣੇ ਪਰਿਵਾਰ ਦੀ ਦਰਦ ਭਰੀ ਕਹਾਣੀ ਜਾਰੀ ਰੱਖਦਿਆਂ ਦੱਸਿਆ ਕਿ ਇਹਨਾਂ ਮੜੀਆਂ 'ਚ ਆਉਣ ਤੋਂ ਪਹਿਲਾ ਅਸੀਂ ਚਾਰੇ ਜੀਅ ਕਿਸੇ ਹੋਰ ਪਿੰਡ ਦੀਆਂ ਮੜੀਆਂ 'ਚ ਰਹਿਣ ਲਈ ਵੀ ਠਹਿਰੇ ਸਾਂ ਪਰ ਮਾੜੀ ਕਿਸਮਤ ਕਿ ਉਸ ਪਿੰਡ ਦੇ ਧਨਾਢ ਲੋਕਾਂ ਨੇ ਸਾਨੂੰ ਗਾਲੀ-ਗਲੋਚ ਕਰਕੇ ਤੇ ਇਥੋਂ ਤਕ ਕਿ ਮੈਨੂੰ ਅਪਾਹਿਜ ਨੂੰ ਚਪੇੜਾਂ ਤਕ ਮਾਰ ਕੇ ਬੜੀ ਬੁਰੀ ਦੁਰਦਸ਼ਾ ਕਰਦਿਆਂ ਇਹ ਕਹਿ ਕੇ ਉਥੋਂ ਕੱਢਿਆ ਸੀ ਕਿ ਇਹਨਾਂ ਮੜੀਆਂ ਵਿਚ ਠਹਿਰਣ ਦੀ ਤੁਹਾਡੀ ਜੁਰਅਤ ਕਿਵੇਂ ਹੋਈ ? ਇਹ ਮੜੀਆਂ ਤਾਂ ਸਾਡੀ ਪੱਤੀ ਦਾ ਹਿੱਸਾ ਹਨ। ਇਥੋਂ ਤੱਕ ਉਹਨਾਂ ਲੋਕਾਂ ਨੇ ਅਖੀਰ ਕਰ ਦਿੱਤੀ ਕਿ ਸਾਡੇ ਅੰਨ-ਪਾਣੀ ਕਰਨ ਵਾਲੇ ਭਾਂਡੇ ਅਤੇ ਖੰਡ-ਚਾਹ ਦੇ ਡੱਬੇ ਤੱਕ ਵੀ ਬਾਕੀ ਸਮਾਨ ਦੇ ਨਾਲ ਵਗਾਹ ਕੇ ਪਰਾਂ ਮਾਰੇ ਸਨ, ਜੋ ਕਿ ਅਸੀਂ ਰੋਂਦੇ ਹੋਏ ਇਕੱਠੇ ਕਰ ਰਹੇ ਸਾਂ ਕਿਉਂਕਿ ਸਾਡੇ ਲਈ ਤਾਂ ਸਾਡਾ ਖਿੱਲਰਿਆ ਹੋਇਆ ਉਹ ਸਮਾਨ ਵੀ ਕਿਸੇ ਜਗੀਰ ਨਾਲੋਂ ਘੱਟ ਨਹੀਂ ਸੀ। ਉਸ ਦੁਖਿਆਰੀ ਔਰਤ ਅਤੇ ਉਸ ਦੇ ਪਰਿਵਾਰ ਨਾਲ ਵਾਪਰੇ ਇਸ ਦਿਲ ਕੰਬਾਊ ਦੁਖਾਂਤ ਬਾਰੇ ਸੁਣ ਕੇ ਮੈਂ ਤੇ ਮੇਰੀ ਪਤਨੀ ਆਪਣੇ ਅੱਥਰੂ ਰੋਕਦਿਆਂ ਵੀ ਨਾ ਰੋਕ ਸਕੇ।
ਦਰਦੀ ਔਰਤ ਨੇ ਗੁੰਨੇ ਹੋਏ ਆਟੇ 'ਤੇ ਪੋਣਾਂ ਦਿੰਦਿਆਂ ਹੋਇਆਂ ਇਕ ਲੰਮਾ ਹੌਕਾ ਲਿਆ, ਜੋ ਕਿ ਸ਼ਾਇਦ ਅੰਦਰਲੇ ਦਰਦ ਦੀ ਇਕ ਚੀਸ ਸੀ। ਆਪਣੇ ਨਾਲ ਵਾਪਰੇ ਭਿਆਨਕ ਦੁਖਾਂਤਾਂ 'ਚੋਂ ਇਕ ਹੋਰ ਦੁਖਾਂਤ ਸਾਂਝਾ ਕਰਦਿਆਂ ਉਸਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਅਸੀਂ ਕਿਸੇ ਜਿਮੀਂਦਾਰ ਦੇ ਘਰ ਕਿਰਾਏ 'ਤੇ ਵੀ ਰਹੇ ਸਾਂ, ਕਿਰਾਇਆ ਪੂਰਾ ਨਾ ਦੇ ਸਕਣ ਕਰਕੇ ਉਸ ਨੇ ਇਕ ਦਿਨ ਵਰ•ਦੇ ਮੀਂਹ ਵਿਚ ਹੀ ਸਾਡਾ ਸਾਰਾ ਸਮਾਨ ਕੱਢ ਕੇ ਬਾਹਰ ਸੁੱਟ ਦਿੱਤਾ ਸੀ, ਜੋ ਕਿ ਸਾਡੀ 'ਭਿੱਜੀ ਹੋਈ ਕਿਸਮਤ' ਵਾਂਗੂ ਇਕ ਰੁੱਖ ਥੱਲੇ ਭਿੱਜਦਾ ਰਿਹਾ। ਫਿਰ ਕਿਵੇਂ ਨਾ ਕਿਵੇਂ ਅਸੀਂ ਅਨਾਜ ਮੰਡੀ ਵਿਚ ਬਣੇ ਇਕ ਕੋਠੇ ਵਿਚ ਕੁਝ ਕੁ ਸਮਾਂ ਹੀ ਰਹੇ ਸਾਂ ਕਿ ਫਸਲ ਦਾ ਸੀਜਨ ਸ਼ੁਰੂ ਹੋ ਜਾਣ ਕਰਕੇ ਉਸ ਕੋਠੇ ਦੇ ਮਾਲਕ ਸਾਨੂੰ ਉਥੋਂ ਵੀ ਕੱਢਣ ਵਿਚ ਕਾਮਯਾਬ ਰਹੇ। ਉਥੋਂ ਸਿੱਧਾ ਅਸੀਂ ਇਹਨਾਂ ਮੜੀਆਂ ਵਿਚ ਰਹਿਣ ਲਈ ਆ ਗਏ ਹਾਂ। ਸ਼ਾਇਦ “ਰੱਬ” ਹੁਣ ਸਾਨੂੰ ਇਥੇ ਤਾਂ ਸਕੂਨ ਨਾਲ ਰਹਿਣ ਦੇਵੇਗਾ। ਇਕ ਪ੍ਰਸ਼ਨ ਦੇ ਰੂਪ ਵਿਚ ਉਸ ਨਿਮਾਣੀ ਔਰਤ ਨੇ ਮੇਰੇ ਵੱਲ ਮੂੰਹ ਕਰਕੇ ਗੱਲ ਕਰਦਿਆਂ ਕਿਹਾ। ਕਿਉਂ ਨਹੀਂ ਰਹਿਣ ਦੇਵੇਗਾ ? ਇਕ ਦਿਲਾਸੇ ਤੇ ਭਰੋਸੇ ਦਾ ਪੱਲਾ ਫੜਾਉਂਦਿਆਂ ਮੈਂ ਹਾਂ 'ਚ ਹਾਂ ਮਿਲਾਉਦਿਆਂ ਇਕ ਸਿਸਕੀ ਭਰਦਿਆਂ ਕਿਹਾ।
ਗੱਲ ਨੂੰ ਥੋੜ੍ਹਾ ਕੁ ਮੋੜਾ ਦਿੰਦਿਆਂ ਮੈਂ ਪੁੱਛਿਆ ਕਿ ਲੋਕਾਂ ਨੂੰ ਤਾਂ ਮੜੀਆਂ ਦੇ ਕੋਲੋਂ ਲੰਘਦਿਆਂ ਤੇ ਘਰੇ ਚਿੱਤ ਵਿਚ ਖਿਆਲ ਆਉਂਦਿਆਂ ਵੀ ਡਰ ਲੱਗਦਾ ਹੈ, ਕੀ ਤੁਹਾਨੂੰ ਨਹੀਂ ਲੱਗਦਾ। ਕਾਹਦਾ ਡਰ ਭਰਾਵਾ ! ਸਾਡੀਆਂ ਅੱਖਾਂ ਸਾਹਮਣੇ ਤਾਂ ਇਥੇ ਕਈ ਸਸਕਾਰ ਵੀ ਹੋ ਚੁੱਕੇ ਹਨ, ਦੂਜੀ ਗੱਲ ਇਹ ਵੀ ਹੈ ਕਿ ਜਦੋਂ ਬੰਦੇ ਦਾ ਅਸਲੀ ਤੇ ਅਖੀਰੀ ਘਰ ਹੀ ਇਹ ਹੈ ਤਾਂ ਫਿਰ ਡਰ ਕਾਹਦਾ? ਗੱਲ ਜਾਰੀ ਰੱਖਦਿਆਂ ਉਸਨੇ ਕਿਹਾ ਕਿ ਦਿਨ ਲੰਘ ਜਾਂਦਾ ਹੈ ਤੇ ਰਾਤ ਵੀ ਰੱਬ ਆਸਰੇ ਗੁਜ਼ਰ ਹੀ ਜਾਂਦੀ ਹੈ, ਸਾਡੇ ਕੋਲ ਤਾਂ ਅਹੁ ਇਕੋ ਮੰਜਾ ਹੈ, ਜਿਸ 'ਤੇ ਮੇਰਾ ਪਤੀ ਤੇ ਪੁੱਤਰ ਸੌਂ ਜਾਂਦੇ ਹਨ ਤੇ ਮੈਂ ਲੋਕਾਂ ਦੇ ਬੈਠਣ ਲਈ ਬਣੀਆਂ ਇਹਨਾਂ ਪੱਥਰ ਦੀਆਂ ਸਲੈਬਾਂ 'ਤੇ ਸੌਂ ਕੇ ਗੁਜ਼ਾਰਾ ਕਰ ਲੈਂਦੀ ਹਾਂ। ਮੈਂ ਧੁਰ ਅੰਦਰੋਂ ਇੰਨਾਂ ਕੁਝ ਸੁਣ ਕੇ ਪਿਘਲ ਗਿਆ ਸਾਂ ਤੇ ਕਹਿ ਰਿਹਾ ਸਾਂ ਕਿ ਵਾਹ! ਉਏ ਮਾਲਕਾ ਲੋਕਾਂ ਦੀਆਂ ਨੀਦਾਂ ਹਰਾਮ ਕਰਨ ਵਾਲੇ ਤਾਂ ਨੀਂਦ ਦੀਆਂ ਦਵਾਈਆਂ ਲੈ ਕੇ ਵੀ ਸੌਂ ਨਹੀਂ ਸਕਦੇ ਤੇ ਇਕ ਸਿਰੇ ਦਾ ਗਰੀਬ ਤੇ ਥੱਕਿਆ-ਟੁੱਟਿਆ ਪਰਿਵਾਰ ਪੱਥਰ ਦੀਆਂ ਬਣੀਆਂ ਸਲੈਬਾਂ 'ਤੇ ਵੀ ਤੇਰੇ ਭਾਣੇ ਤੇ ਸ਼ੁਕਰ ਅਨੁਸਾਰ ਸੌਂ ਰਿਹਾ ਹੈ।
ਇਸ ਗਮਗੀਨ ਮਾਹੌਲ 'ਚੋਂ ਬਾਹਰ ਨਿਕਲਣ ਦਾ ਯਤਨ ਕਰਦਾ ਹੋਇਆ ਮੈਂ ਲਾਗੇ ਹੀ ਖੜ੍ਹੇ ਉਸ ਔਰਤ ਦੇ ਮਾਸੂਮ ਪੁੱਤਰ ਦਾ ਸਿਰ ਪਲੋਸਣ ਲੱਗ ਪਿਆ, ਜਿਸ ਵੱਲ ਉਹ ਵੀ ਬੜੀ ਨੀਝ ਲਾ ਕੇ ਵੇਖ ਰਹੀ ਸੀ। ਵੇਖਦਿਆਂ ਹੋਇਆਂ ਉਸਨੇ ਕਿਹਾ ਕਿ ਅਸੀਂ ਤਾਂ ਜਿਵੇਂ-ਤਿਵੇਂ ਆਪਣੀ ਉਮਰ ਲੰਘਾਈ ਜਾ ਰਹੇ ਹਾਂ, ਪਰ ਉਮੀਦ ਹੈ ਕਿ ਇਹ ਵੱਡਾ ਹੋ ਕੇ ਮੇਰਾ ਅਪਾਹਿਜ ਦਾ ਤੇ ਆਪਣੇ ਬਾਪ ਦਾ ਸਹਾਰਾ ਬਣੇਗਾ। ਹੁਣ ਤਾਂ ਅਸੀਂ ਦਿਨ-ਰਾਤ ਇਸ ਦੇ ਮੂੰਹ ਵੱਲ ਹੀ ਦੇਖਦੇ ਰਹਿੰਦੇ ਹਾਂ। ਪੁੱਤਰ 'ਤੇ ਇੰਨਾ ਭਰੋਸਾ ਸ਼ਾਇਦ ਤੁਹਾਡੀ ਮੱਧਮ ਕਿਸਮਤ ਨੂੰ ਜ਼ਰੂਰ ਚਮਕਾਏਗਾ, ਕੋਲ ਹੀ ਖੜ੍ਹੀ ਮੇਰੀ ਪਤਨੀ ਨੇ ਉਸ ਔਰਤ ਨੂੰ ਕਿਹਾ। ਅਜਿਹੇ ਸੱਚਮੁੱਚ ਦੇ ਲੋੜਵੰਦ ਪਰਿਵਾਰਾਂ ਦੀ ਢੁੱਕਵੀਂ ਮਦਦ ਸਾਨੂੰ ਸਾਰਿਆਂ ਨੂੰ ਕਰਨ ਦਾ ਯਤਨ ਜ਼ਰੂਰ ਕਰਨਾ ਚਾਹੀਦਾ ਹੈ। ਅਜਿਹੇ ਯਤਨ ਰੱਬੀ ਬਖਸ਼ਿਸ਼ਾਂ ਦਾ ਪਾਤਰ ਵੀ ਬਣਾਉਂਦੇ ਹਨ। ਸਰਕਾਰਾਂ ਵੀ ਸਹੂਲਤਾਂ ਤਾਂ ਬਥੇਰੀਆਂ ਦਿੰਦੀਆਂ ਹਨ ਪਰ ਫਿਰ ਵੀ ਚੰਗੀ ਤਰ੍ਹਾਂ ਛਾਣਬੀਣ ਕਰਕੇ ਹੀ ਦਿਆ ਕਰਨ ਤਾਂ ਕਿ ਅਜਿਹੇ ਲਾਚਾਰ, ਬੇਬੱਸ ਤੇ ਲੋੜਵੰਦ ਪਰਿਵਾਰ ਉਹਨਾਂ ਤੋਂ ਵਾਂਝੇ ਨਾ ਰਹਿ ਸਕਣ। ਅਖੀਰ ਵਿਚ ਇਕ ਅਰਦਾਸ ਜ਼ਰੂਰ ਕਰੀਏ ਕਿ ਉਸ ਪਰਿਵਾਰ ਦਾ ਇਕਲੌਤਾ ਸਹਾਰਾ ਉਹਨਾਂ ਦਾ ਮਾਸੂਮ ਬੱਚਾ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ ਤੇ ਆਪਣੇ ਮਾਂ-ਬਾਪ ਨੂੰ ਮੜੀਆਂ ਤੋਂ ਦੂਰ ਇਕ ਘਰ ਬਣਾ ਕੇ ਉਸ ਵਿਚ ਲਿਜਾਵੇ ਤੇ ਉਹਨਾਂ ਦੇ ਸੇਵਾ-ਪਾਣੀ ਵਿਚ ਕੋਈ ਕਸਰ ਨਾ ਛੱਡੇ, ਕਿਉਂਕਿ ਉਸ ਦੇ ਮਾਪੇ ਵੀ ਸ਼ਾਇਦ ਦਿਲ ਵਿਚ ਇਹੀ ਆਸ ਲਗਾਈ ਬੈਠੇ ਹਨ ਕਿ ਮੜੀਆਂ ਤੋਂ ਦੂਰ ਕਦੇ ਸਾਡਾ ਵੀ ਇਕ ਘਰ ਹੋਵੇਗਾ, ਸਾਡਾ ਜ਼ਰੂਰ ਆਪਣਾ ਇਕ ਘਰ ਹੋਵੇਗਾ।
ਧੰਨਵਾਦ ਸਹਿਤ,
ਮਾਸਟਰ ਗੁਰਦੇਵ ਸਿੰਘ ਨਾਰਲੀ,
ਮੁੱਖ ਅਧਿਆਪਕ ਸਰਕਾਰੀ ਐਲੀਮੈਂਟਰੀ ਸਕੂਲ ਧੁੰਨ, ਜਿਲਾ ਤਰਨ ਤਾਰਨ।
9814658915
ਮੈਂ ਹਾਰਾਂ ਖਾ-ਖਾ ਜੀ ਰਿਹਾ
NEXT STORY