" ਮੈਂ ਸੰਤੋਖ ਸਿੰਘ ਪੁੱਤਰ ਸੋਹਣ ਸਿੰਘ ਪੁੱਤਰ ਈਸ਼ਰ ਸਿੰਘ ਪਿੰਡ ਚਾਨੀਆਂ-ਜਲੰਧਰ ਤੋਂ ਬੋਲ ਰਿਹੈਂ। ਭਾਰਤ ਵੰਡ ਤੋਂ ਉਪਰੰਤ ਮੇਰੇ ਪਿਤਾ ਜੀ ਕੰਮ ਦੀ ਭਾਲ ਵਿੱਚ ਦਿੱਲੀ ਗਏ। ਪਹਾੜਗੰਜ ਦੇ ਮੁਹੱਲਾ ਕਟੜਾ ਮਦਨ ਮੋਹਨ ਵਿੱਚ ਰਿਹਾਇਸ਼ ਰੱਖੀ, ਉਨ੍ਹਾਂ। ਫਿਰ ਸੰਸਾਰ ਸਿਲਾਈ ਮਸ਼ੀਨ ਫ਼ਰਮ ’ਚ ਨੌਕਰੀ ਕਰ ਲਈ। ਕੁੱਝ ਅਰਸਾ ਬਾਅਦ ਫ਼ਰਮ ਬੰਦ ਹੋਣ ਕਾਰਨ ਪਿਤਾ ਜੀ ਆਪਣੇ ਲੱਕੜ ਦੇ ਕੰਮ ਦੀ ਠੇਕੇਦਾਰੀ ਕਰਨ ਲੱਗੇ। ਖ਼ਾਲਸਾ ਹਾਈ ਸਕੂਲ ਸ਼ੰਕਰ ਤੋਂ 1968 ’ਚ ਮੈਟ੍ਰਿਕ ਪਾਸ ਕਰਨ ਉਪਰੰਤ ਮੈਂ ਵੀ ਚੰਗਾ ਮੁੱਛ ਫੁੱਟ ਗੱਭਰੂ ਨਿਕਲ ਆਇਆ। ਪਿਤਾ ਜੀ ਨੇ ਮੈਨੂੰ ਵੀ ਦਿੱਲੀ ਸੱਦ ਭੇਜਿਆ। ਅਰਬ ਮੁਲਕਾਂ ’ਚ ਵੀ ਲੰਬਾ ਸਮਾਂ ਪੈਸੇ ਲਈ ਸੰਘਰਸ਼ ਕੀਤਾ।
31 ਅਕਤੂਬਰ ਦੀ ਦੁਪਹਿਰ, ਮੈਂ AIMS ਹਸਪਤਾਲ ਮਾਰਕੀਟ ’ਚ ਕਿਸੇ ਕੰਮ ਦੇ ਸਿਲਸਿਲੇ ਵਿੱਚ ਸਾਂ ਕਿ ਇਕ ਅਖ਼ਬਾਰ ਵਿਕਰੇਤਾ ਅਖ਼ਬਾਰ ਨੂੰ ਲਹਿਰਾ ਕੇ, ਚੀਖ਼ ਚੀਖ਼ ਕਹਿ ਰਿਹਾ ਸੀ, ਇੰਦਰਾ ਗਾਂਧੀ ਕਾ ਕਤਲ ਕਰ ਦੀਆ- ਇੰਦਰਾ ਗਾਂਧੀ ਕਾ ਕਤਲ ਕਰ ਦੀਆ" ਅਸੀਂ ਅਖ਼ਬਾਰ ਦੀ ਮੇਨ ਸੁਰਖੀ ਨੂੰ ਗਹੁ ਨਾਲ਼ ਦੇਖਿਆ । ਇਤਫ਼ਾਕਨ ਮੇਰੇ ਨਾਲ ਹੀ, ਚਾਨੀਆਂ ਪਿੰਡ ਤੋਂ ਨੰਦਕਿਆਂ ਦੇ ਚਾਚਿਆਂ/ਤਾਈਓਂ ਭਰਾ ਅਵਤਾਰ ਸਿੰਘ ਤਾਰੀ ਤੇ ਜਸਮੇਲ ਸਿੰਘ ਬੱਬੀ ਵੀ ਖੜ੍ਹੇ ਸਨ, ਜੋ ਲਿਬੀਆ ਦੀ ਕੰਸਟ੍ਰਕਸ਼ਨ ਕੰਪਨੀ ਦੇ ਏਜੰਟ ਪਾਸ ਲਿਬੀਆ ਜਾਣ ਦੇ ਸਿਲਸਿਲੇ ਵਿੱਚ ਆਏ ਸਨ। ਤਦੋਂ ਮੇਰਾ ਮੱਥਾ ਠਣਕਿਆ ਕਿ ਗੜਬੜ ਹੋ ਸਕਦੀ ਐ। ਮੈਂ ਉਨ੍ਹਾਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਭੱਜ ਜਾਣ ਲਈ ਆਖਿਆ।
ਮੈਂ ਵੀ ਸਕੂਟਰ ’ਤੇ ਸਾਹਦਰੇ ਸਥਿਤ ਆਪਣੇ ਘਰ ਚਲਿਆ ਗਿਆ। ਗਾਂਧੀਵਾਦੀ ਲੋਕ ਬਹੁਤੇ ਰੋਹ ’ਚ ਸਨ। ਘਰ ਦੇ ਰਸਤੇ ’ਚ ਮੈਂ ਕਈ ਚੁਰਸਤਿਆਂ ਵਿਚ ਭੀੜ ਨੂੰ ਇਕੱਤਰ ਹੁੰਦੇ ਦੇਖਿਆ ਪਰ ਤਦੋਂ ਤੱਕ ਅਗਜ਼ਨੀ ਜਾਂ ਮਾਰਧਾੜ ਹਾਲਾਂ ਸ਼ੁਰੂ ਨਹੀਂ ਹੋਈ ਸੀ ਪਰ ਸ਼ਾਮ ਨੂੰ AIMS ਅਤੇ INA ਮਾਰਕੀਟ ’ਚ ਭੜਕੀ ਭੀੜ ਵਲੋਂ ਅੱਗਾਂ ਲਾਈਆਂ ਗਈਆਂ। ਦੂਜੇ ਦਿਨ ਸਵੇਰੇ ਪਿਤਾ ਜੀ ਤੇ ਮੇਰਾ ਛੋਟਾ ਭਰਾ ਬਲਵੀਰ ਕੰਮ ’ਤੇ ਚਲੇ ਗਏ। ਮੈਂ ਵੀ 10 ਵਜੇ AIMS ਸਥਿਤ ਨਰੂਲਿਆਂ ਦੇ ਦਫ਼ਤਰ ਜਾਣ ਲਈ ਘਰੋਂ ਸਕੂਟਰ ’ਤੇ ਚੱਲਿਆ। ਹਾਲਾਤ ਨੂੰ ਜਾਣਨ ਲਈ ਰਸਤੇ ’ਚ STD ਤੋਂ ਦਫ਼ਤਰ ਵਾਰ ਵਾਰ ਫੋਨ ਕੀਤਾ ਪਰ ਕੋਈ ਫੋਨ ਨਾ ਚੁੱਕੇ।
ਅਖ਼ੀਰ ਡਾ: ਪੁਰੀ ਨੇ ਮੇਰਾ ਫ਼ੋਨ ਚੁੱਕਿਆ।ਉਨ੍ਹਾਂ ਨਮਸਤੇ ਦਾ ਜੁਆਬ ਦੇਣ ਦੀ ਬਜਾਏ ਮੇਰੀ ਆਵਾਜ਼ ਪਹਿਚਾਣ ਦਿਆਂ ਤੁਰੰਤ ਇਕੋ ਸਵਾਲ ਪੁੱਛਿਆ," ਸੰਤੋਖ ਸਿੰਘ ਕਿੱਥੇ ਹੈਂ? ਹਾਲਾਤ ਬਹੁਤ ਖ਼ਰਾਬ ਨੇ, ਜਿੱਥੇ ਵੀ ਕਿਤੇ ਹੈਂ, ਫਟਾ ਫੱਟ ਘਰ ਚਲਿਆ ਜਾਹ।" ਕਹਿੰਦਿਆਂ ਉਸ ਨੇ ਤੁਰੰਤ ਫ਼ੋਨ ਕੱਟ ਦਿੱਤਾ। ਮੈਂ ਉਲਟੇ ਪੈਰੀਂ ਘਰ ਚਲਿਆ ਗਿਆ। ਓਧਰ ਪਿਤਾ ਜੀ ਤੇ ਭਰਾ ਨੂੰ ਵੀ ਮਾਲਕਾਂ ਵਾਪਸ ਘਰ ਭੇਜ 'ਤਾ। ਹਾਲਾਤ ਦੀ ਪ੍ਰਵਾਹ ਨਾ ਕਰਦਿਆਂ, ਪਿਤਾ ਜੀ ਰਸਤੇ ’ਚ ਹੀ ਪੁਰਾਣੇ ਜਾਣੂੰ ਦਿੱਲੀ ਫਾਊਂਡਰੀ ਵਾਲਿਆਂ ਦੇ ਕੰਮ ’ਤੇ ਚਲੇ ਗਏ। ਬਲਵੀਰ ਰਸਤੇ ਦੀਆਂ ਦੰਗਈ ਭੀੜਾਂ ਤੋਂ ਬਚਦਾ ਬਚਾਉਂਦਾ ਰਸਤੇ ਬਦਲ ਬਦਲ ਕੇ ਘਰ ਸਲਾਮਤ ਆਣ ਪਹੁੰਚਾ। ਮੇਰੇ ਘਰ ਦੇ ਖੱਬੇ ਪਾਸੇ ਭਾਜਪਾ ਦੇ ਲੋਕਲ ਲੀਡਰ ਮਾਸਟਰ ਬਲਵੀਰ ਸਿਹੁੰ ਤੇ ਸੱਜੇ ਪਾਸੇ ਭਾਜਪਾ ਦੇ ਹੀ ਇਕ ਹੋਰ ਪੁਰ ਖਲੂਸ ਨੇਤਾ ਪੰਡਤ ਪਰਮੇਸ਼ਰੀ ਦਾਸ ਜੀ ਰਹਿੰਦੇ ਸਨ। ਸਮੂਹ ਮੁਹੱਲਾ ਵਾਸੀਆਂ ਨਾਲ ਮੇਰਾ ਖਾਸਾ ਲਗਾਓ ਸੀ।
ਇਸ ਦੀ ਇੱਕ ਹੋਰ ਵਜ੍ਹਾ ਇਹ ਸੀ ਕਿ ਕਰੀਬ ਸਾਰੇ ਮੁਹੱਲੇ ’ਚ ਪਾਣੀ ਦੀ ਤੰਗੀ ਹੀ ਰਹਿੰਦੀ ਪਰ ਮੇਰੇ ਘਰ ਸਬਮਰਸੀਬਲ ਮੋਟਰ ਲੱਗੀ ਹੋਣ ਕਰਕੇ ਬਹੁਤੇ ਘਰ ਮੇਰੇ ਘਰੋਂ ਹੀ ਪਾਣੀ ਭਰਦੇ। ਘਰਦੇ ਬਾਹਰ ਇਕ ਵੱਡੀ ਪੱਕੀ ਟੂਟੀ ਵੀ ਲਗਾ ਰੱਖੀ ਸੀ। ਮੈਂ ਆਪਣੀ ਸਰਦਾਰਨੀ ਨੂੰ ਵੀ ਇਹ ਹਿਦਾਇਤ ਦੇ ਰੱਖੀ ਸੀ ਕਿ ਜਦ ਵੀ ਕੋਈ ਬਾਹਰੋਂ ਪਾਣੀ ਦੀ ਆਵਾਜ਼ ਦਏ ਤਾਂ ਫਟ ਮੋਟਰ ਚਲਾ ਦੇਣੀ ਆਂ। ਕਿਸੇ ਨੂੰ ਵੀ ਪਾਣੀ ਤੋਂ ਨਾਂਹ ਨਹੀਂ ਕਰਨੀ।
1 ਨਵੰਬਰ ਨੂੰ ਮੁਹੱਲੇ ਦੇ ਕੁੱਝ ਮੁਹਤਬਰ ਮੇਰੇ ਘਰ ਆਏ। ਉਨ੍ਹਾਂ ਸਾਨੂੰ ਅੰਦਰ ਹੀ ਰਹਿਣ ਲਈ ਕਿਹਾ ਤੇ ਆਪ ਬਾਹਰ ਪਹਿਰਾ ਲਗਾ ਦਿੱਤਾ। ਸ਼ਾਮ ਨੂੰ ਕੋਠੇ ’ਤੇ ਚੜ੍ਹੇ ਤਾਂ ਥਾਂ-ਥਾਂ ਬਲ਼ਦੀ ਦਿੱਲੀ ਦੀਆਂ ਉੱਚੀਆਂ ਲਾਟਾਂ ਉਠਦੀਆਂ ਦੇਖੀਆਂ। ਮੇਰੇ ਨਾਲ ਦੇ ਘਰ ਜਗਦੀਸ਼ ਕੁਮਾਰ BA ਵਿਹੜੇ ਵਿੱਚ ਬੀਮਾਰ ਪਿਆ ਸਾਨੂੰ ਜ਼ੋਰ ਦਏ ਕਿ ਕੇਸ ਕਟਵਾ ਦਿਓ। ਹੋਰਾਂ ਆਂਡ-ਗੁਆਂਢ ਨੇ ਵੀ ਇਹੈ ਜ਼ੋਰ ਦਿੱਤਾ। ਸਾਹਮਣੇ ਮੌਤ ਖੜੀ ਦੇਖ, ਇਕ ਵਾਰ ਤਾਂ ਮੰਨੋ ਮੈਂ ਮਨ ਬਣਾ ਲਿਆ ਪਰ ਸ਼ਾਬਾਸ਼ ਮੇਰੀ ਸਰਦਾਰਨੀ ਦੇ ਕਿ ਮੈਨੂੰ ਹੌਂਸਲਾ ਦਿੰਦਿਆਂ ਆਖਿਓਸ,"ਸਿੱਖ ਦੀ ਪਰਿਭਾਸ਼ਾ ਜਾਣਦੇ ਹੋ ਕੀ ਐ? ਉਹ ਜੋ ਬੇਮੁਖ ਹੋ ਕੇ ਵੀ ਬੇਵਫ਼ਾ ਨਾ ਹੋਵੇ। ਜੇ ਕੇਸ ਕਟਵਾ ਲਏ ਤਾਂ ਗੁਰੂ ਵਲੋਂ ਵੀ ਜਾਵਾਂਗੇ ਤੇ ਛੱਡਣਾ ਸਾਨੂੰ ਫੇਰ ਨਈਂ। ਤਲਵਾਰਾਂ, ਡਾਂਗਾਂ ਤਿਆਰ ਕਰੋ ਤੇ ਇੱਟਾਂ ਚੜ੍ਹਾਓ ਕੋਠੇ ’ਤੇ। ਦੰਗਈਆਂ ਨਾਲ ਮੁਕਾਬਲਾ ਕਰਦਿਆਂ ਮਰਨਾ ਹੀ ਸੂਰਮਤਾਈ ਐ।
"ਇਸ ਤਰ੍ਹਾਂ ਮੇਰੇ ਜਜ਼ਬਾਤ ਨੂੰ ਹਲੂਣਾ ਮਿਲਿਆ ਤੇ ਅਸੀਂ ਉਹੀ ਤਿਆਰੀ ਕਰ ਲਈ ਪਰ ਮਾਹੌਲ ਬਹੁਤ ਹੀ ਤਣਾਅ ਅਤੇ ਸਹਿਮ ਵਾਲਾ ਸੀ। ਪਟਰੋਲ ਦੀਆਂ ਬੋਤਲਾਂ, ਸਰੀਏ, ਭਾਲੇ ਅਤੇ ਤਲਵਾਰਾਂ ਨਾਲ ਲੈੱਸ ਕਾਤਲ ਤੇ ਬਲਾਤਕਾਰੀ ਦੰਗਾਈਆਂ ਦੀ ਭੀੜ ਦੀ ਅਗਵਾਈ ਕਰ ਰਹੇ, ਕਾਂਗਰਸ ਦੇ ਲੋਕਲ ਨੇਤਾ ਹੱਥਾਂ ’ਚ ਵੋਟ ਲਿਸਟਾਂ ਫੜ੍ਹ ਕੇ ਸਿੱਖਾਂ ਦੇ ਘਰਾਂ ਦੀ ਪਹਿਚਾਣ ਕਰਦੇ ਉਨ੍ਹਾਂ ਨੂੰ ਹੋਰ ਹੱਲਾਸ਼ੇਰੀ ਦੇ ਰਹੇ ਸਨ। 3 ਨਵੰਬਰ ਨੂੰ ਪੰਡਤ ਪਰਮੇਸ਼ਰੀ ਦਾਸ ਜੀ ਦੇ ਘਰੋਂ ਮਾਤਾ ਜੀ ਮੇਰੇ ਘਰ ਆਏ। ਆਖਿਓਸ ਕਿ ਮੈਨੂੰ ਪੰਡਤ ਜੀ ਬੁਲਾ ਰਹੇ ਨੇ। ਤਦੋਂ ਹੀ ਮੈਂ ਜਾ ਪੰਡਤ ਜੀ ਨੂੰ ਨਮਸਕਾਰ ਕੀਤੀ। ਉਨ੍ਹਾਂ ਲੈਂਡ ਲਾਈਨ ਤੋਂ DK ਜੈਨ ਦਾ ਨੰ: ਮਲਾਉਣ ਲਈ ਕਿਹਾ। ਵਾਰ ਵਾਰ ਫੋਨ ਕਰਨ ’ਤੇ ਉਨ੍ਹਾਂ ਫੋਨ ਨਾ ਚੁੱਕਿਆ। ਫਿਰ ਪੰਡਤ ਜੀ ਨੇ ਆਖਿਆ ਹਰੀਓਮ ਕਪੂਰ ਦਾ ਨੰਬਰ ਮਿਲਾਓ। ਮੈਂ ਮਿਲਾਇਆ ਤਾਂ ਉਨ੍ਹਾਂ ਤਦੋਂ ਹੀ ਫੋਨ ਚੁੱਕ ਲਿਆ।
ਕਪੂਰ ਸਾਹਿਬ ਨੂੰ ਤਾਕੀਦ ਕੀਤੀ ਕਹਿਓਸ ,"ਮੇਰੇ ਬੱਚੇ ਮੁਸੀਬਤ ਵਿੱਚ ਨੇ। ਡਰੈਵਰ ਨੂੰ ਨਹੀਂ ਭੇਜਣਾ, ਆਪ ਗੱਡੀ ਲੈ ਕੇ ਆ ਤੇ ਇਨ੍ਹਾਂ ਨੂੰ ਸ਼ਾਮ ਲਾਲ ਕਾਲਜ ਸ਼ਾਹਦਰਾ ਕੈਂਪ ਵਿੱਚ ਛੱਡ ਕੇ ਆ। ਕਪੂਰ ਸਾਹਿਬ ਉਦੋਂ ਹੀ ਮੈਟਾਡੋਰ ਲੈ ਕੇ ਮੇਰੇ ਘਰ ਆਏ। ਜਿਸ ’ਚ ਮੈਂ, ਮੇਰੀ ਪਤਨੀ, ਬੱਚੇ, ਭਰਾ, ਮਾਤਾ, ਪਿਤਾ ਤੇ ਇਕ ਤਾਇਆ ਜੀ ਸਮੇਤ ਕੁੱਲ 11 ਜੀਅ ਸ਼ਾਮਲ ਸਾਂ। ਕੋਈ ਦੋ ਕੁ ਫਰਲਾਂਗ ਤੇ ਲੋਨੀ ਯੂਪੀ ਨੂੰ ਜਾਂਦੀ ਮੇਨ ਜੀ.ਟੀ. ਰੋਡ ’ਤੇ ਚੁਰਸਤੇ ’ਚ ਕੋਈ ਢਾਈ-300 ਦੰਗਈਆਂ ਦੀ ਹਥਿਆਰਾਂ ਨਾਲ ਲੈੱਸ ਬਿੱਫਰੀ ਹੋਈ ਭੀੜ ਨੇ ਸਾਨੂੰ ਆ ਘੇਰਿਆ। ਜਿਓਂ ਹੀ ਉਨ੍ਹਾਂ ਸਾਨੂੰ ਸਿੱਖ ਪਹਿਚਾਣ ਕੇ ਆਪਣੇ ਹਥਿਆਰਾਂ ਅਤੇ ਪਟਰੋਲ ਦੀਆਂ ਬੋਤਲਾਂ ਨੂੰ ਉਛਾਲਿਆ ਤਾਂ ਅਸੀਂ ਆਪਣੀ ਮੌਤ ਨੂੰ ਪ੍ਰਤੱਖ ਸਾਹਮਣੇ ਖੜ੍ਹੀ ਦੇਖਿਆ। ਪਰ ਤਦੋਂ ਹੀ ਇਕ ਕੌਤਕ ਵਰਤ ਗਿਆ ਕਿ ਉਸ ਭੀੜ ਦੀ ਅਗਵਾਈ ਕਰਨ ਵਾਲਾ ਮੇਰੇ ਹੀ ਮੁਹੱਲੇ ਦਾ ਚੂਹਾ ਨਾਮੇ ਨੌਜਵਾਨ ਸੀ, ਜੋ ਅਕਸਰ ਮੇਰੇ ਘਰ ਤੋਂ ਪਾਣੀ ਭਰਨ ਆਇਆ ਕਰਦਾ ਸੀ।
ਮੈਂ ਪੁੱਛਿਓਸ, ਚੂਹੇ ਕੀ ਮੁਸ਼ਕਲ ਹੈ? ਜਿਓਂ ਹੀ ਉਸ ਨੇ ਮੈਨੂੰ ਪਹਿਚਾਣਿਆ ਤਾਂ ਤਸਵੀਰ ਦਾ ਪਾਸਾ ਪਲਟ ਗਿਆ। ਤਦੋਂ ਹੀ ਉਹ ਆਪਣੇ ਦੰਗਈ ਸਾਥੀਆਂ ਨੂੰ ਲਲਕਾਰਦਿਆਂ ਪਰਾਂ ਕਰਕੇ ਸਾਨੂੰ ਸੁਰੱਖਿਅਤ ਲਾਂਘਾ ਦੇ ਕੇ ਅਗੇ ਲੰਘਾ ਦਿੱਤਾ। ਮਾਨੋ ਪਾਣੀ ਦੇ ਉਪਹਾਰ ਬਦਲੇ ਸਾਡੀਆਂ ਕੀਮਤੀ ਜਾਨਾਂ ਬਚ ਰਹੀਆਂ। ਰਸਤੇ ’ਚ ਅਸੀਂ ਸਿੱਖਾਂ ਦੀਆਂ ਦੁਕਾਨਾਂ ਤੇ ਘਰਾਂ ਨੂੰ ਅਗਨ ਭੇਂਟ ਹੁੰਦਾ ਦੇਖਿਆ। ਇਕ 70 ਕੁ ਸਾਲ ਦਾ ਸਿੱਖ ਜੋ ਲਹੂ ਲੁਹਾਨ ਸੀ, ਉਸ ਦੇ ਗਲ਼ ’ਚ ਟੈਰ ਪਾ ਕੇ ਅੱਗ ਲਗਾਈ ਹੋਈ, ਉਹ ਚੌਰਾਹੇ ’ਚ ਤੜਫ਼ ਰਿਹਾ ਸੀ। ਅਫ਼ਸੋਸ ਕਿ ਮੈਂ ਉਸ ਦੀ ਕੋਈ ਮਦਦ ਨਹੀਂ ਕਰ ਸਕਿਆ। ਹੁਣ ਤੱਕ ਵੀ ਉਹ ਭਿਆਨਕ ਮੰਜ਼ਰ ਮੈਨੂੰ ਭੁਲਾਇਆਂ ਨਹੀਂ ਭੁੱਲਦਾ। ਪਰ ਅਸੀਂ ਸਹੀ ਸਲਾਮਤ ਸ਼ਾਹਦਰਾ ਦੇ ਸ਼ਾਮ ਲਾਲ ਕਾਲਜ ਵਿਚਲੇ ਰਫਿਊਜੀ ਕੈਂਪ ਪਹੁੰਚ ਗਏ।
ਕੈਂਪ ਪਹੁੰਚਦਿਆਂ ਮੈਂ ਪਿਤਾ ਜੀ ਨੂੰ ਦਿੱਲੀ ਫਾਊਂਡਰੀ ਦੇ ਕਾਰਖਾਨਿਓਂ ਲਿਆਉਣ ’ਚ ਮਦਦ ਲਈ ਠਾਣੇ ਜਾ ਕੇ ਸਰਦਾਰ SHO ਨੂੰ ਮਿਲਿਆ। ਕਹਿਓਸ ਕਿ ਮੇਰੇ ਪਿਤਾ ਜੀ ਉਥੇ ਹੀ ਮਹਿਫੂਜ਼ ਨੇ। ਪੁਲਸ ਲੈ ਕੇ ਨਾ ਜਾਵੀਂ। ਜੇ ਜਾਣੈ ਤਾਂ ਮਿਲਟਰੀ ਲੈ ਕੇ ਜਾਹ। ਉਸ ਅਸਮਰਥਾ ਜਤਾਉਂਦਿਆਂ ਦੱਸਿਆ ਕਿ ਉਸ ਦਾ ਆਪਣਾ ਪਿਸਤੌਲ ਵੀ 31ਅਕਤੂਬਰ ਨੂੰ ਜਮਾਂ ਕਰਵਾ ਲਿਆ ਗਿਆ ਹੈ। ਪਿਤਾ ਜੀ ਉਥੇ ਮਹਿਫੂਜ਼ ਰਹੇ। ਮਾਲਕ ਰਤਨ ਲਾਲ ਜੀ ਦੋਹੇਂ ਵਕਤ ਪਿਤਾ ਜੀ ਨੂੰ ਚਾਹ ਰੋਟੀ ਵੀ ਪਹੁੰਚਾਉਂਦੇ ਰਹੇ। ਕਰੀਬ ਦੋ ਕੁ ਹਫ਼ਤੇ ਬਾਅਦ ਜਦ ਆਲੇ ਦੁਆਲੇ ਸ਼ਾਂਤੀ ਹੋਈ ਤਾਂ ਅਸੀਂ ਆਪਣੇ ਘਰ ਵਾਪਸ ਪਰਤ ਗਏ। ਸਾਡੇ ਘਰ ਦਾ ਕੋਈ ਨੁਕਸਾਨ ਨਹੀਂ ਹੋਇਆ। ਮੁਹੱਲੇ ’ਚੋਂ ਕੁਝ ਹਿਤੈਸ਼ੀਆਂ ਨੇ, ਸਾਡੇ ਘਰ ਦੀ ਰਖਵਾਲੀ ਕੀਤੀ। ਜਿਨ੍ਹਾਂ ’ਚੋਂ ਪ੍ਰਮੁੱਖ ਪੰਡਤ ਜੀ ਦਾ ਹੀ ਪਰਿਵਾਰ ਸੀ। ਉਨ੍ਹਾਂ ਇਹ ਅਫ਼ਵਾਹ ਵੀ ਫੈਲਾਅ ਛੱਡੀ ਸੀ ਕਿ ਸਰਦਾਰ ਜੀ ਘਰ ’ਚ ਕਰੰਟ ਛੱਡ ਗਏ ਨੇ ਕੋਈ ਨੇੜੇ ਨਾ ਜਾਏ। ਮੈਂ ਉਸ ਦਰਵੇਸ਼ ਪੁਰਸ਼ ਨੂੰ ਨਮਸਕਾਰ ਕਰਦਾ ਹਾਂ।"
ਲੇਖਕ: ਸਤਵੀਰ ਸਿੰਘ ਚਾਨੀਆਂ
ਨੋਟ : ਇਸ ਆਰਟੀਕਲ ਸਬੰਧੀ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਦਿਓ ਆਪਣੀ ਰਾਏ
ਅੱਜ ਦੇ ਦਿਨ 'ਤੇ ਵਿਸ਼ੇਸ਼: 'ਦਾਸਤਾਨ-ਏ-ਪੰਜਾਬ'
NEXT STORY