ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ 'ਚ 2021 ਦੇ ਮੁਕਾਬਲੇ 2022 'ਚ ਖ਼ੁਦਕੁਸ਼ੀ ਦੇ ਮਾਮਲਿਆਂ 'ਚ 14 ਫੀਸਦੀ ਘਾਟ ਦਰਜ ਕੀਤੀ ਗਈ। ਪੁਲਸ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ 2021 'ਚ ਰਾਜ 'ਚ ਜਿੱਥੇ ਖੁਦਕੁਸ਼ੀ ਦੇ 889 ਮਾਮਲੇ ਸਾਹਮਣੇ ਆਏ ਸਨ, ਉੱਥੇ ਹੀ 2022 'ਚ ਇਹ ਗਿਣਤੀ ਘੱਟ ਕੇ 758 ਹੋ ਗਈ। ਦੱਸਣਯੋਗ ਹੈ ਕਿ ਕੋਰੋਨਾ ਦੌਰਾਨ ਨੌਕਰੀਆਂ ਜਾਣ, ਖ਼ਰਾਬ ਸਿਹਤ ਅਤੇ ਭਵਿੱਖ ਨੂੰ ਲੈ ਕੇ ਬੇਨਿਯਮੀਆਂ ਕਾਰਨ ਹਿਮਾਚਲ 'ਚ ਖੁਦਕੁਸ਼ੀ ਦੇ ਮਾਮਲਿਆਂ 'ਚ ਵਾਧਾ ਹੋਇਆ ਸੀ। ਅੰਕੜਿਆਂ ਅਨੁਸਾਰ, ਰਾਜ 'ਚ 2020 ਤੋਂ 2022 ਦਰਮਿਆਨ ਕੁੱਲ 2,505 ਲੋਕਾਂ ਨੇ ਖੁਦਕੁਸ਼ੀ ਕੀਤੀ, ਜਿਨ੍ਹਾਂ 'ਚ 1,710 ਪੁਰਸ਼ ਅਤੇ 792 ਔਰਤਾਂ ਸ਼ਾਮਲ ਹਨ। ਇਨ੍ਹਾਂ 'ਚ ਦੱਸਿਆ ਗਿਆ ਹੈ ਕਿ 2019 'ਚ ਹਿਮਾਚਲ 'ਚ 709 ਲੋਕਾਂ ਨੇ ਖੁਦਕੁਸ਼ੀ ਕੀਤੀ ਅਤੇ 2020 ਅਤੇ 2021 'ਚ ਕੋਰੋਨਾ ਵਾਇਰਸ ਮਹਾਮਾਰੀ ਦਾ ਪ੍ਰਕੋਪ ਸਿਖਰ 'ਤੇ ਪਹੁੰਚਣ ਦੌਰਾਨ ਆਪਣੀ ਜਾਨ ਲੈਣ ਵਾਲੇ ਲੋਕਾਂ ਦੀ ਗਿਣਤੀ 855 ਅਤੇ 889 ਦਰਜ ਕੀਤੀ ਗਈ।
ਅੰਕੜਿਆਂ ਅਨੁਸਾਰ, ਰਾਜ 'ਚ 2020 ਤੋਂ 2022 ਦਰਮਿਆਨ ਖੁਦਕੁਸ਼ੀ ਕਰਨ ਵਾਲਿਆਂ 'ਚ 28 ਫੀਸਦੀ ਮਜ਼ਦੂਰ, 24 ਫੀਸਦੀ ਘਰੇਲੂ ਔਰਤਾਂ, 11 ਫੀਸਦੀ ਵਿਦਿਆਰਥੀ, 10 ਫੀਸਦੀ ਨਿੱਜੀ ਕੰਪਨੀਆਂ ਦੇ ਕਰਮਚਾਰੀ, ਚਾਰ ਫੀਸਦੀ ਵਪਾਰੀ ਅਤੇ ਸਰਕਾਰੀ ਕਰਮੀ, ਤਿੰਨ ਫੀਸਦੀ ਕਿਸਾਨ ਅਤੇ 16 ਫੀਸਦੀ ਹੋਰ ਲੋਕ ਸ਼ਾਮਲ ਹਨ। ਅੰਕੜਿਆਂ ਅਨੁਸਾਰ ਖੁਦਕੁਸ਼ੀ ਦੇ ਜ਼ਿਆਦਾਤਰ ਮਾਮਲਿਆਂ ਨਾਲ ਵਿਆਹੁਤਾ ਜੀਵਨ 'ਚ ਤਣਾਅ, ਵਿੱਤੀ ਚਿੰਤਾਵਾਂ, ਨਸ਼ੀਲੇ ਪਦਾਰਥਾਂ ਦੀ ਆਦਤ, ਬੀਮਾਰੀ, ਬੇਰੁਜ਼ਗਾਰੀ, ਅਸਫ਼ਲ ਪ੍ਰੇਮ ਪ੍ਰਸੰਗ ਅਤੇ ਹੋਰ ਪਰਿਵਾਰਕ ਸਮੱਸਿਆਵਾਂ ਨਲ ਜੁੜੀਆਂ ਸਮੱਸਿਆਵਾਂ ਸ਼ਾਮਲ ਸਨ। ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਸੰਜੇ ਕੁੰਡੂ ਨੇ ਕਿਹਾ,''ਅਸੀਂ ਖੁਦਕੁਸ਼ੀ ਦੇ ਮਾਮਲਿਆਂ ਦਾ ਰਿਕਾਰਡ ਰੱਖਣ ਲਈ ਰਜਿਸਟਰ ਗਿਣਤੀ 27 ਬਣਾਇਆ ਅਤੇ ਇਸ ਤਰ੍ਹਾਂ ਦੇ ਕਦਮਾਂ ਦੇ ਪਿੱਛੇ ਦੇ ਕਾਰਨਾਂ ਦਾ ਵਿਸ਼ਲੇਸ਼ਣ ਕੀਤਾ। ਅਸੀਂ ਸਿਹਤ ਅਤੇ ਸਮਾਜਿਕ ਨਿਆਂ ਵਿਭਾਗ ਦੇ ਮਾਧਿਅਮ ਨਾਲ ਸੁਧਾਰਾਤਮਕ ਕਦਮ ਚੁੱਕਣ ਲਈ ਦਖ਼ਲਅੰਦਾਜ਼ੀ ਸ਼ੁਰੂ ਕੀਤੀ, ਜਿਸ ਦੇ ਨਤੀਜੇ ਵਜੋਂ ਖੁਦਕੁਸ਼ੀ ਦੇ ਮਾਮਲਿਆਂ 'ਚ ਘਾਟ ਆਈ।'' ਅੰਕੜਿਆਂ ਅਨੁਸਾਰ, ਖੁਦਕੁਸ਼ੀ ਕਰਨ ਵਾਲਿਆਂ ਦੀ ਉਮਰ ਦਾ ਵਿਸ਼ਲੇਸ਼ਣ ਕਰਨ 'ਤੇ ਪਤਾ ਲੱਗਾ ਕਿ 18 ਤੋਂ 25 ਸਾਲ ਦੇ ਉਮਰ ਵਰਗ 'ਚ ਸ਼ਾਮਲ ਵਿਦਿਆਰਥੀਆਂ ਅਤੇ ਨਵ ਵਿਆਹੁਤਾ ਤੋਂ ਇਲਾਵਾ 35 ਤੋਂ 50 ਸਾਲ ਦੇ ਉਮਰ ਵਰਗ ਦੇ ਅਜਿਹੇ ਲੋਕਾਂ ਦੇ ਖੁਦਕੁਸ਼ੀ ਕਰਨ ਦਾ ਖ਼ਦਸ਼ਾ ਜ਼ਿਆਦਾ ਹੁਦਾ ਹੈ, ਜੋ ਵਿਆਹੁਤਾ ਜ਼ਿੰਦਗੀ ਅਤੇ ਪੇਸ਼ੇਵਰ ਮੋਰਚੇ 'ਤੇ ਤਣਾਅ ਦੇ ਦੌਰ 'ਤੋਂ ਲੰਘ ਰਹੇ ਹਨ।
ਅਰਵਿੰਦ ਕੇਜਰੀਵਾਲ ਦੇ CBI ਅੱਗੇ ਪੇਸ਼ ਹੋਣ ਨੂੰ ਲੈ ਕੇ CM ਭਗਵੰਤ ਮਾਨ ਦਾ ਵੱਡਾ ਬਿਆਨ
NEXT STORY