ਇੰਟਰਨੈਸ਼ਨਲ ਡੈਸਕ- ਅਮਰੀਕਾ ’ਚ ਸੱਤਾ ਤਬਦੀਲੀ ਦੇ ਨਾਲ ਹੀ ਭਾਰਤ ਸਰਕਾਰ ਨੇ ਡੋਨਾਲਡ ਟਰੰਪ ਪ੍ਰਸ਼ਾਸਨ ਨਾਲ ਮਿਲ ਕੇ ਅਮਰੀਕਾ ’ਚ ਨਾਜਾਇਜ਼ ਢੰਗ ਨਾਲ ਰਹਿ ਰਹੇ ਆਪਣੇ ਸਾਰੇ ਨਾਗਰਿਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਸਲ ’ਚ ਭਾਰਤ ਅਮਰੀਕਾ ਨਾਲ ਕਿਸੇ ਤਰ੍ਹਾਂ ਦੀ ਟਰੇਡ ਵਾਰ ਤੋਂ ਬਚਣ ਅਤੇ ਜਾਇਜ਼ ਢੰਗ ਨਾਲ ਅਮਰੀਕਾ ਜਾਣ ਵਾਲੇ ਆਪਣੇ ਨਾਗਰਿਕਾਂ ਦੇ ਹਿੱਤ ’ਚ ਇਹ ਫੈਸਲਾ ਲੈ ਰਿਹਾ ਹੈ। ਦੋਵਾਂ ਦੇਸ਼ਾਂ ਨੇ ਅਮਰੀਕਾ ’ਚ ਰਹਿਣ ਵਾਲੇ ਲੱਗਭਗ 18,000 ਨਾਜਾਇਜ਼ ਭਾਰਤੀ ਪ੍ਰਵਾਸੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਵਾਪਸ ਭਾਰਤ ਭੇਜਿਆ ਜਾ ਸਕਦਾ ਹੈ। ਹਾਲਾਂਕਿ ਸੂਤਰਾਂ ਅਨੁਸਾਰ ਇਹ ਗਿਣਤੀ ਇਸ ਨਾਲੋਂ ਕਿਤੇ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਅਮਰੀਕਾ ’ਚ ਨਾਜਾਇਜ਼ ਢੰਗ ਨਾਲ ਰਹਿ ਰਹੇ ਭਾਰਤੀਆਂ ਦੀ ਅਸਲ ਗਿਣਤੀ ਸਪੱਸ਼ਟ ਨਹੀਂ ਹੈ। ਇਨ੍ਹਾਂ ਚਰਚਾਵਾਂ ਨਾਲ ਜੁੜੇ ਲੋਕਾਂ ਨੇ ਪਛਾਣ ਜ਼ਾਹਿਰ ਨਾ ਕਰਨ ਦੀ ਸ਼ਰਤ ’ਤੇ ਇਹ ਜਾਣਕਾਰੀ ਦਿੱਤੀ। ਹੋਰ ਕਈ ਦੇਸ਼ਾਂ ਵਾਂਗ ਭਾਰਤ ਵੀ ਟਰੰਪ ਪ੍ਰਸ਼ਾਸਨ ਨੂੰ ਖੁਸ਼ ਕਰਨ ਅਤੇ ਉਨ੍ਹਾਂ ਦੇ ਵਪਾਰਕ ਖਤਰਿਆਂ ਤੋਂ ਬਚਣ ਲਈ ਪਰਦੇ ਦੇ ਪਿੱਛੇ ਕੰਮ ਕਰ ਰਿਹਾ ਹੈ। ਨਾਜਾਇਜ਼ ਪ੍ਰਵਾਸੀਆਂ ’ਤੇ ਕਾਰਵਾਈ ਟਰੰਪ ਦੀ ਚੋਣ ਮੁਹਿੰਮ ਦਾ ਇਕ ਮੁੱਖ ਵਾਅਦਾ ਰਿਹਾ ਹੈ। ਸੋਮਵਾਰ ਨੂੰ ਸਹੁੰ ਚੁੱਕਣ ਦੇ ਕੁਝ ਹੀ ਘੰਟਿਆਂ ਦੇ ਅੰਦਰ ਨਵੇਂ ਰਾਸ਼ਟਰਪਤੀ ਨੇ ਇਸ ਵਾਅਦੇ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਡੌਂਕੀ ਲਗਾ ਅਮਰੀਕਾ 'ਚ ਦਾਖਲ ਹੋਣ ਵਾਲਿਆਂ ਲਈ ਅਹਿਮ ਖ਼ਬਰ, ਟਰੰਪ ਨੇ ਕੀਤਾ ਇਹ ਐਲਾਨ
ਇਕ ਸਾਲ ’ਚ 1100 ਨਾਜਾਇਜ਼ ਭਾਰਤੀ ਪ੍ਰਵਾਸ ਵਾਪਸ ਭੇਜੇ ਗਏ
2022 ’ਚ ਛਪੀ ਅਮਰੀਕੀ ਹੋਮਲੈਂਡ ਸਕਿਓਰਿਟੀ ਦੀ ਇਕ ਰਿਪੋਰਟ ਅਨੁਸਾਰ ਅਮਰੀਕਾ ’ਚ ਲੱਗਭਗ 2,20,000 ਗੈਰ-ਅਧਿਕਾਰਤ ਭਾਰਤੀ ਪ੍ਰਵਾਸੀ ਰਹਿ ਰਹੇ ਸਨ। ਬਾਈਡੇਨ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਭਾਰਤ ਪਹਿਲਾਂ ਹੀ ਇਸ ਮਾਮਲੇ ’ਚ ਅਮਰੀਕਾ ਨੂੰ ਸਹਿਯੋਗ ਦੇ ਚੁੱਕਾ ਹੈ। ਪਿਛਲੇ ਸਾਲ ਅਕਤੂਬਰ ’ਚ ਅਮਰੀਕੀ ਹੋਮਲੈਂਡ ਸਕਿਓਰਿਟੀ ਵਿਭਾਗ ਨੇ 100 ਤੋਂ ਵੱਧ ਨਾਜਾਇਜ਼ ਭਾਰਤੀ ਨਾਗਰਿਕਾਂ ਨੂੰ ਇਕ ਜਹਾਜ਼ ਰਾਹੀਂ ਭਾਰਤ ਭੇਜਿਆ ਸੀ। ਪਿਛਲੇ 12 ਮਹੀਨਿਆਂ ’ਚ 1100 ਤੋਂ ਵੱਧ ਭਾਰਤੀ ਨਾਗਰਿਕਾਂ ਦੀ ਭਾਰਤ ਵਾਪਸੀ ਹੋਈ ਹੈ।
ਇਹ ਵੀ ਪੜ੍ਹੋ: 'America Is Back'; ਟਰੰਪ ਦੇ ਰਾਸ਼ਟਰਪਤੀ ਬਣਦੇ ਹੀ ਬਦਲਿਆ 'ਵ੍ਹਾਈਟ ਹਾਊਸ' ਦੀ ਵੈੱਬਸਾਈਟ ਦਾ ਰੰਗ-ਰੂਪ
ਅਮਰੀਕਾ ’ਚ ਨਾਜਾਇਜ਼ ਪ੍ਰਵਾਸੀਆਂ ’ਚ ਭਾਰਤ ਦਾ ਯੋਗਦਾਨ 3 ਫੀਸਦੀ
ਅਮਰੀਕਾ ’ਚ ਨਾਜਾਇਜ਼ ਪ੍ਰਵਾਸੀਆਂ ’ਚ ਭਾਰਤ ਦਾ ਯੋਗਦਾਨ ਮੁਕਾਬਲਤਨ ਘੱਟ ਹੈ। 2024 ਮਾਲੀ ਸਾਲ ’ਚ ਅਮਰੀਕੀ ਬਾਰਡਰ ’ਤੇ ਅਧਿਕਾਰੀਆਂ ਵੱਲੋਂ ਫੜੇ ਗਏ ਨਾਜਾਇਜ਼ ਪ੍ਰਵਾਸੀਆਂ ’ਚ ਭਾਰਤੀ ਨਾਗਰਿਕ ਸਿਰਫ 3 ਫੀਸਦੀ ਸਨ। ਇਸ ਦੇ ਉਲਟ ਮੈਕਸੀਕੋ, ਵੇਨੇਜ਼ੁਏਲਾ ਅਤੇ ਗਵਾਟੇਮਾਲਾ ਵਰਗੇ ਲੈਟਿਨ ਅਮਰੀਕੀ ਦੇਸ਼ਾਂ ਦਾ ਯੋਗਦਾਨ ਕਿਤੇ ਜ਼ਿਆਦਾ ਹੈ। ਹਾਲਾਂਕਿ ਹਾਲ ਦੇ ਸਾਲਾਂ ’ਚ ਅਮਰੀਕੀ ਸਰਹੱਦ ’ਤੇ ਭਾਰਤੀ ਨਾਜਾਇਜ਼ ਪ੍ਰਵਾਸੀਆਂ ਦੀ ਗਿਣਤੀ ਅਤੇ ਅਨੁਪਾਤ ’ਚ ਮਾਮੂਲੀ ਵਾਧਾ ਹੋਇਆ ਹੈ। ਖਾਸ ਤੌਰ ’ਤੇ ਉੱਤਰੀ ਅਮਰੀਕੀ ਸਰਹੱਦ ’ਤੇ, ਜਿੱਥੇ ਭਾਰਤੀ ਲੱਗਭਗ ਇਕ ਚੌਥਾਈ ਨਾਜਾਇਜ਼ ਐਂਟਰੀ ਲਈ ਜ਼ਿੰਮੇਵਾਰ ਹਨ ਅਤੇ ਇਥੇ ਰੋਕੇ ਗਏ ਸਭ ਤੋਂ ਵੱਡੇ ਗਰੁੱਪ ਦਾ ਹਿੱਸਾ ਹਨ।
ਇਹ ਵੀ ਪੜ੍ਹੋ: ਊਸ਼ਾ ਵੈਂਸ ਦੂਜੀ ਮਹਿਲਾ ਵਜੋਂ ਸੇਵਾ ਨਿਭਾਉਣ ਵਾਲੀ ਪਹਿਲੀ ਭਾਰਤੀ-ਅਮਰੀਕੀ ਅਤੇ ਹਿੰਦੂ ਬਣੀ
ਭਾਰਤ ਨੂੰ ਲੀਗਲ ਇਮੀਗ੍ਰੇਸ਼ਨ ਦੇ ਰਾਹ ਖੁੱਲ੍ਹੇ ਰੱਖਣ ਦੀ ਉਮੀਦ
ਭਾਰਤ ਆਪਣੇ ਇਸ ਸਹਿਯੋਗ ਦੇ ਬਦਲੇ ਟਰੰਪ ਪ੍ਰਸ਼ਾਸਨ ਤੋਂ ਭਾਰਤੀ ਨਾਗਰਿਕਾਂ ਲਈ ਲੀਗਲ ਇਮੀਗ੍ਰੇਸ਼ਨ ਦੇ ਰਾਹ ਖਾਸ ਤੌਰ ’ਤੇ ਵਿਦਿਆਰਥੀ ਵੀਜ਼ਾ ਅਤੇ ਮਾਹਿਰ ਕਾਮਿਆਂ ਲਈ ਐੱਚ-1ਬੀ ਵੀਜ਼ਾ ਪ੍ਰੋਗਰਾਮ ਨੂੰ ਸੁਰੱਖਿਅਤ ਰੱਖਣ ਦੀ ਉਮੀਦ ਕਰ ਰਿਹਾ ਹੈ। ਅਧਿਕਾਰਤ ਅੰਕੜਿਆਂ ਅਨੁਸਾਰ 2023 ’ਚ ਜਾਰੀ ਕੀਤੇ ਗਏ 3,86,000 ਐੱਚ 1 ਬੀ ਵੀਜ਼ਾ ’ਚੋਂ ਲੱਗਭਗ ਤਿੰਨ-ਚੌਥਾਈ ਭਾਰਤੀ ਨਾਗਰਿਕਾਂ ਨੂੰ ਦਿੱਤੇ ਗਏ ਸਨ। ਨਾਜਾਇਜ਼ ਅਮਰੀਕੀ ਪ੍ਰਵਾਸੀਆਂ ਨੂੰ ਵਾਪਸ ਲੈਣ ’ਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਾਲ ਭਾਰਤ ਦੇ ਹੋਰ ਦੇਸ਼ਾਂ ਨਾਲ ਕਿਰਤ ਅਤੇ ਮਾਈਗ੍ਰੇਸ਼ਨ ਸਮਝੌਤਿਆਂ ’ਤੇ ਵੀ ਨਾਂਹਪੱਖੀ ਅਸਰ ਪੈ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਹਾਲੀਆ ਸਾਲਾਂ ’ਚ ਤਾਈਵਾਨ, ਸਾਊਦੀ ਅਰਬ, ਜਾਪਾਨ, ਇਜ਼ਰਾਈਲ ਅਤੇ ਹੋਰ ਦੇਸ਼ਾਂ ਨਾਲ ਮਾਈਗ੍ਰੇਸ਼ਨ ਸਮਝੌਤੇ ਕੀਤੇ ਹਨ ਤਾਂ ਜੋ ਦੇਸ਼ ’ਚ ਨੌਕਰੀਆਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ।
ਇਹ ਵੀ ਪੜ੍ਹੋ: ਸਹੁੰ ਚੁੱਕਦੇ ਹੀ ਐਕਸ਼ਨ ਮੋਡ 'ਚ ਆਏ ਡੋਨਾਲਡ ਟਰੰਪ, ਕੈਨੇਡਾ-ਮੈਕਸੀਕੋ ਖਿਲਾਫ ਬਣਾਈ ਇਹ ਯੋਜਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਜਰੀਵਾਲ ਚੋਣ ਰਿਓੜੀਆਂ ਨਹੀਂ ਵੰਡ ਰਹੇ : ਭਗਵੰਤ ਮਾਨ
NEXT STORY