ਨਾਗਪੁਰ, (ਭਾਸ਼ਾ)- ਮਹਾਰਾਸ਼ਟਰ ਦੇ ਨਾਗਪੁਰ ਜ਼ਿਲੇ ’ਚ ਵਿਸਫੋਟਕ ਬਣਾਉਣ ਵਾਲੀ ਫੈਕਟਰੀ ’ਚ ਐਤਵਾਰ ਨੂੰ ਹੋਏ ਧਮਾਕੇ ’ਚ 9 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਧਮਾਕਾ ਸਵੇਰੇ 9 ਵਜੇ ਬਾਜ਼ਾਰਗਾਓਂ ਇਲਾਕੇ ’ਚ ਸੋਲਰ ਇੰਡਸਟਰੀ ਦੇ ‘ਕਾਸਟ ਬੂਸਟਰ ਯੂਨਿਟ’ ’ਚ ਹੋਇਆ। ਉਨ੍ਹਾਂ ਦੱਸਿਆ ਕਿ ਇਸ ’ਚ 6 ਔਰਤਾਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਹੈ। ਕੋਂਢਾਲੀ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਇੱਥੋਂ 40 ਕਿਲੋਮੀਟਰ ਦੂਰ ਸਥਿਤ ਇਕ ਫੈਕਟਰੀ ’ਚ ਵਾਪਰੀ, ਜਿਸ ਕਾਰਨ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ।
ਉਨ੍ਹਾਂ ਦੱਸਿਆ ਕਿ ਜਿਸ ਸਮੇਂ ਧਮਾਕਾ ਹੋਇਆ ਉਸ ਸਮੇਂ ਫੈਕਟਰੀ ’ਚ 12 ਕਰਮਚਾਰੀ ਮੌਜੂਦ ਸਨ। ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ਸਾਂਝੀ ਕਰਦਿਆਂ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਅਤੇ 9 ਲੋਕਾਂ ਦੀ ਮੌਤ ’ਤੇ ਦੁੱਖ ਪ੍ਰਗਟਾਇਆ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਰਾਸ਼ੀ ਦੇਵੇਗੀ ਅਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫੜਨਵੀਸ ਨੇ ਕਿਹਾ ਕਿ ਸੋਲਰ ਇੰਡਸਟਰੀ ’ਚ ਧਮਾਕੇ ’ਚ ਮਰਨ ਵਾਲਿਆਂ ’ਚ 6 ਔਰਤਾਂ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਕੰਪਨੀ ਹਥਿਆਰਬੰਦ ਫੋਰਸਾਂ ਲਈ ਡਰੋਨ ਅਤੇ ਵਿਸਫੋਟਕ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਦੁੱਖ ਦੀ ਘੜੀ ’ਚ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ।
ਫੜਨਵੀਸ ਨੇ ਕਿਹਾ ਕਿ ਮੈਂ ਨਾਗਪੁਰ ਦੇ ਜ਼ਿਲਾ ਮੈਜਿਸਟ੍ਰੇਟ ਅਤੇ ਪੁਲਸ ਸੁਪਰਡੈਂਟ ਦੇ ਸੰਪਰਕ ’ਚ ਹਾਂ। ਪੁਲਸ ਦੇ ਇੰਸਪੈਕਟਰ ਜਨਰਲ, ਪੁਲਸ ਸੁਪਰਡੈਂਟ ਅਤੇ ਜ਼ਿਲਾ ਮੈਜਿਸਟ੍ਰੇਟ ਮੌਕੇ ’ਤੇ ਹਨ। ਸੋਲਰ ਇੰਡਸਟਰੀ ਦੇ ਸੀਨੀਅਰ ਜਨਰਲ ਮੈਨੇਜਰ ਆਸ਼ੀਸ਼ ਸ੍ਰੀਵਾਸਤਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਘਟਨਾ ਉਸ ਇਮਾਰਤ ’ਚ ਵਾਪਰੀ ਜਿੱਥੇ ਕੋਲੇ ਦੀਆਂ ਖਾਣਾਂ ’ਚ ਵਰਤੇ ਜਾਣ ਵਾਲੇ ਬੂਸਟਰ ਤਿਆਰ ਕੀਤੇ ਜਾਂਦੇ ਹਨ। ਇਹ ਘਟਨਾ ਉਦੋਂ ਵਾਪਰੀ ਜਦੋਂ ਉਤਪਾਦਾਂ ਨੂੰ ਸੀਲ ਕੀਤਾ ਜਾ ਰਿਹਾ ਸੀ।
ਇੰਜੀ: ਬਲਦੇਵ ਸਿੰਘ ਸਰਾਂ ਨੂੰ ਆਈ.ਈ.ਆਈ. ਨੇ ਵਿਸ਼ੇਸ਼ ਇੰਜੀਨੀਅਰ ਪੁਰਸਕਾਰ ਨਾਲ ਕੀਤਾ ਸਨਮਾਨਿਤ
NEXT STORY