ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਆਗੂ ਅਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਭਾਰਤ ਨੂੰ 2047 ਤੱਕ ਵਿਕਸਿਤ ਰਾਸ਼ਟਰ ਬਣਨਾ ਹੈ ਤਾਂ ਇਕ ਅਧਿਆਪਕ ਦੀ ਤਨਖਾਹ ਭਾਰਤੀ ਪ੍ਰਸ਼ਾਸਨਿਕ ਅਧਿਕਾਰੀ (ਆਈ.ਏ.ਐੱਸ.) ਤੋਂ ਵੱਧ ਹੋਣੀ ਚਾਹੀਦੀ ਹੈ। ਸਿਸੋਦੀਆ ਨੇ ਅਧਿਆਪਕ ਦਿਵਸ ਮੌਕੇ ਦਿੱਲੀ ਨਗਰ ਨਿਗਮ ਵਲੋਂ ਆਯੋਜਿਤ 'ਸਿੱਖਿਅਕ ਸਨਮਾਨ ਸਮਾਰੋਹ' 'ਚ ਇਹ ਗੱਲ ਕਹੀ। ਉਨ੍ਹਾਂ ਕਿਹਾ,''ਅੱਜ 2047 ਦੇ ਭਾਰਤ ਦੀ ਬਹੁਤ ਚਰਚਾ ਹੋ ਰਹੀ ਹੈ। ਅੱਜ ਇੱਥੇ ਜੋ ਅਧਿਆਪਕ ਬੈਠੇ ਹਨ, ਜੋ ਬੱਚੇ ਤੁਹਾਡੇ ਨਾਲ ਹਨ, ਉਹ 2047 ਲਈ ਬਹੁਤ ਮਹੱਤਵਪੂਰਨ ਹਨ। ਸਾਲ 2047 ਦਾ ਭਾਰਤ ਇਨ੍ਹਾਂ ਬੱਚਿਆਂ 'ਤੇ ਨਿਰਭਰ ਹੈ ਪਰ ਨੀਤੀ ਨਿਰਮਾਤਾਵਾਂ ਨੂੰ ਵੀ ਇਨ੍ਹਾਂ ਲਈ ਕੁਝ ਕਰਨਾ ਚਾਹੀਦਾ।''
ਉਨ੍ਹਾਂ ਨੇ ਜਰਮਨੀ, ਸਵਿਟਜ਼ਰਲੈਂਡ ਅਤੇ ਕੁਝ ਹੋਰ ਦੇਸ਼ਾਂ ਦਾ ਉਦਾਹਰਣ ਦਿੰਦੇ ਹੋਏ ਕਿਹਾ,''ਜ਼ਿਆਦਾਤਰ ਵਿਕਸਿਤ ਦੇਸ਼ਾਂ 'ਚ ਅਧਿਆਪਕਾਂ ਦੀ ਤਨਖਾਹ ਉੱਥੇ ਦੇ ਨੌਕਰਸ਼ਾਹਾਂ ਤੋਂ ਵੱਧ ਹੈ। 5 ਸਾਲ ਦੇ ਅਨੁਭਵ ਵਾਲੇ ਅਧਿਆਪਕ ਨੂੰ 5 ਸਾਲ ਦੀ ਤਾਇਨਾਤੀ ਵਾਲੇ ਆਈ.ਏ.ਐੱਸ. ਅਧਿਕਾਰੀ ਤੋਂ ਵੱਧ ਤਨਖਾਹ ਮਿਲਦੀ ਹੈ।'' ਸਿਸੋਦੀਆ ਨੇ ਤਿਹਾੜ ਜੇਲ੍ਹ 'ਚ ਬੰਦ ਰਹਿਣ ਦੀ ਮਿਆਦ ਬਾਰੇ ਕਿਹਾ ਕਿ ਉਹ ਹਰ ਦਿਨ 8-10 ਘੰਟੇ ਕਿਤਾਬਾਂ ਪੜ੍ਹਨ ਅਤੇ ਵੱਖ-ਵੱਖ ਦੇਸ਼ਾਂ ਦੀ ਸਿੱਖਿਆ ਪ੍ਰਣਾਲੀ ਬਾਰੇ ਜਾਣਨ 'ਚ ਬਿਤਾਉਂਦੇ ਸਨ। ਉਨ੍ਹਾਂ ਕਿਹਾ,''ਪਿਛਲੇ ਡੇਢ ਸਾਲ ਮੇਰੇ ਜੀਵਨ ਦੇ ਸਭ ਤੋਂ ਕਠਿਨ ਰਹੇ। ਜਦੋਂ ਅਸੀਂ ਕਠਿਨ ਸਥਿਤੀਆਂ 'ਚ ਹੁੰਦੇ ਹਾਂ, ਉਦੋਂ ਅਧਿਆਪਕਾਂ ਵਲੋਂ ਸਿਖਾਈਆਂ ਗਈਆਂ ਗੱਲਾਂ ਸਭ ਤੋਂ ਜ਼ਿਆਦਾ ਕੰਮ ਆਉਂਦੀਆਂ ਹਨ। ਮੈਂ ਇਸ ਦੌਰਾਨ ਬਹੁਤ ਪੜ੍ਹਾਈ ਕੀਤੀ। ਮੈਂ 8-10 ਘੰਟੇ ਕਿਤਾਬਾਂ ਪੜ੍ਹਦਾ ਸੀ। ਮੈਂ ਸਭ ਤੋਂ ਜ਼ਿਆਦਾ ਸਿੱਖਿਆ, ਭਾਰਤ ਦੀ ਸਿੱਖਿਆ ਪ੍ਰਣਾਲੀ, ਦੁਨੀਆ ਦੀ ਸਿੱਖਿਆ ਪ੍ਰਣਾਲੀ ਬਾਰੇ ਪੜ੍ਹਿਆ।'' ਸਿਸੋਦੀਆ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ 17 ਮਹੀਨੇ ਤੱਕ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਰਹੇ। ਪਿਛਲੇ ਮਹੀਨੇ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਜਰੀਵਾਲ ਸਰਕਾਰ ਸਿੱਖਿਆ 'ਚ ਕ੍ਰਾਂਤੀ ਲੈ ਕੇ ਆਈ: ਆਤਿਸ਼ੀ
NEXT STORY