ਦੁਰਗਾਪੁਰ (ਪੱ. ਬੰਗਾਲ) -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਜਪਾ ਇਕੋ-ਇਕ ਅਜਿਹੀ ਪਾਰਟੀ ਹੈ, ਜੋ ਅਸਲ ’ਚ ਬੰਗਾਲੀ ਪਛਾਣ ਦਾ ਸਨਮਾਨ ਅਤੇ ਰੱਖਿਆ ਕਰਦੀ ਹੈ। ਉਨ੍ਹਾਂ ਨੇ ਕਥਿਤ ਤੌਰ ’ਤੇ ਘੁਸਪੈਠ ਕਰਾਉਣ, ਹਿੰਸਾ ਭੜਕਾਉਣ ਅਤੇ ਬੰਗਾਲ ਦੇ ਨੌਜਵਾਨਾਂ ਦੇ ਪਲਾਇਨ ਲਈ ਸੂਬੇ ’ਚ ਸੱਤਾ ਧਿਰ ਤ੍ਰਿਣਮੂਲ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਦੁਰਗਾਪੁਰ ’ਚ ਇਕ ਰੈਲੀ ’ਚ ਕਿਹਾ, ‘‘ਭਾਜਪਾ ਲਈ ਬੰਗਾਲੀ ਪਛਾਣ ਸਭ ਤੋਂ ਉੱਪਰ ਹੈ। ਜਿਸ ਸੂਬੇ ’ਚ ਵੀ ਭਾਜਪਾ ਦੀ ਸਰਕਾਰ ਹੈ, ਬੰਗਾਲੀਆਂ ਦਾ ਸਨਮਾਨ ਕੀਤਾ ਜਾਂਦਾ ਹੈ।’’
ਪ੍ਰਧਾਨ ਮੰਤਰੀ ਮੋਦੀ ਨੇ ਤ੍ਰਿਣਮੂਲ ਕਾਂਗਰਸ ਦੇ ਉਸ ਹਾਲੀਆ ਦੋਸ਼ ਨੂੰ ਖਾਰਿਜ ਕਰਨ ਦੀ ਕੋਸ਼ਿਸ਼ ਕਰਦੇ ਹੋਏ ਇਹ ਗੱਲ ਕਹੀ, ਜਿਸ ’ਚ ਕਿਹਾ ਗਿਆ ਸੀ ਕਿ ਭਾਜਪਾ ਸ਼ਾਸਿਤ ਸੂਬੇ ਬਾਂਗਲਾ ਭਾਸ਼ੀ ਪ੍ਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ’ਤੇ ਤਿੱਖਾ ਵਾਰ ਕਰਦਿਆਂ ਮੋਦੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਬਾਂਗਲਾ ਨੂੰ ਸ਼ਾਸਤਰੀ ਭਾਸ਼ਾ ਦਾ ਦਰਜਾ ਦਿੱਤਾ, ਜਦੋਂ ਕਿ ਕਾਂਗਰਸ, ਖੱਬੀਆਂ ਪਾਰਟੀਆਂ ਅਤੇ ਤ੍ਰਿਣਮੂਲ ਵਰਗੀਆਂ ਪਾਰਟੀਆਂ ਨੇ ਕਈ ਸਾਲਾਂ ਤੱਕ ਦਿੱਲੀ (ਕੇਂਦਰ) ’ਚ ਇਕੱਠੇ ਸਰਕਾਰ ਚਲਾਉਣ ਦੇ ਬਾਵਜੂਦ ਇਸ ਨੂੰ ‘ਨਜ਼ਰਅੰਦਾਜ਼’ ਕੀਤਾ।
ਪ੍ਰਧਾਨ ਮੰਤਰੀ ਨੇ ਘੁਸਪੈਠ ’ਤੇ ਸਪੱਸ਼ਟ ਸੁਨੇਹਾ ਦਿੰਦੇ ਹੋਏ ਕਿਹਾ, ‘‘ਤ੍ਰਿਣਮੂਲ ਘੁਸਪੈਠੀਆਂ ਦੀ ਸਰਗਰਮ ਰੂਪ ’ਚ ਮਦਦ ਕਰ ਰਹੀ ਹੈ। ਮੈਂ ਇਹ ਸਪੱਸ਼ਟ ਤੌਰ ’ਤੇ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਲੋਕ ਭਾਰਤ ਦੇ ਨਾਗਰਿਕ ਨਹੀਂ ਹਨ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਏ ਹਨ, ਉਨ੍ਹਾਂ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ।’’
ਮੋਦੀ ਦੀਆਂ ਟਿੱਪਣੀਆਂ ਅਜਿਹੇ ਸਮੇਂ ’ਤੇ ਆਈਆਂ ਹਨ, ਜਦੋਂ ਪੱਛਮੀ ਬੰਗਾਲ ’ਚ ਸਿਆਸੀ ਮਾਹੌਲ ਭਾਵਨਾਤਮਕ ਤੌਰ ’ਤੇ ਬੇਹੱਦ ਤਣਾਅ ਭਰਿਆ ਹੈ, ਜਿੱਥੇ ਸੱਤਾ ਧਿਰ ਤ੍ਰਿਣਮੂਲ ਕਾਂਗਰਸ ਨੇ ਆਸਾਮ, ਗੁਜਰਾਤ, ਦਿੱਲੀ, ਓਡਿਸ਼ਾ ਅਤੇ ਮਹਾਰਾਸ਼ਟਰ ਸਮੇਤ ਕਈ ਭਾਜਪਾ ਸ਼ਾਸਿਤ ਸੂਬਿਆਂ ’ਚ ਬਾਂਗਲਾ ਭਾਸ਼ੀ ਪ੍ਰਵਾਸੀਆਂ ਦੇ ਕਥਿਤ ਸ਼ੋਸ਼ਣ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ।
ਉਨ੍ਹਾਂ ਦਾਅਵਾ ਕੀਤਾ, ‘‘ਇਥੋਂ ਦੇ ਨੌਜਵਾਨਾਂ ਨੂੰ ਹੁਣ ਬੰਗਾਲ ਛੱਡ ਕੇ ਦੂਜੇ ਸੂਬਿਆਂ ’ਚ ਨੌਕਰੀ ਦੀ ਤਲਾਸ਼ ’ਚ ਜਾਣਾ ਪੈ ਰਿਹਾ ਹੈ। ਇਥੇ ਨਿਵੇਸ਼ ਅਤੇ ਰੋਜ਼ਗਾਰ ਲਈ ਹਾਲਾਤ ਲਗਾਤਾਰ ਉਲਟ ਹੁੰਦੇ ਜਾ ਰਹੇ ਹਨ।’’
ਮੇਰੇ ਜੀਜੇ ਨੂੰ 10 ਸਾਲਾਂ ਤੋਂ ਪ੍ਰੇਸ਼ਾਨ ਕਰ ਰਹੀ ਸਰਕਾਰ : ਰਾਹੁਲ ਗਾਂਧੀ
NEXT STORY