ਬੈਂਗਲੁਰੂ : ਕਰਨਾਟਕ ਦੇ ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵਿਭਾਗ ਨੇ ਬੁੱਧਵਾਰ ਨੂੰ ਬੈਂਗਲੁਰੂ ਵਿੱਚ ਪ੍ਰਮੁੱਖ ਫੂਡ ਡਿਲਿਵਰੀ ਕੰਪਨੀ ਜ਼ੋਮੈਟੋ (Zomato) ਦੇ ਵੇਅਰਹਾਊਸ ਦੀ ਅਚਨਚੇਤ ਚੈਕਿੰਗ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਮੰਗਲਵਾਰ ਨੂੰ ਇੱਕ ਹੋਰ ਪ੍ਰਮੁੱਖ ਕੁਇੱਕ-ਕਾਮਰਸ ਕੰਪਨੀ 'ਜ਼ੈਪਟੋ' (Zepto) ਦੇ ਬੈਂਗਲੁਰੂ ਸਥਿਤ ਵੇਅਰਹਾਊਸ ਨੂੰ ਬੇਹੱਦ ਗੰਦਗੀ ਅਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਾਰਨ ਸੀਲ ਕੀਤੇ ਜਾਣ ਤੋਂ ਠੀਕ ਇੱਕ ਦਿਨ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।
ਫੂਡ ਸੇਫਟੀ ਅਧਿਕਾਰੀਆਂ ਦੀ ਟੀਮ ਨੇ ਬੈਂਗਲੁਰੂ ਦੇ ਬੈਨਰਘੱਟਾ ਰੋਡ 'ਤੇ ਸਥਿਤ 'ਹਾਈਪਰਪਿਓਰ ਬਾਏ ਜ਼ੋਮੈਟੋ' ਸੁਵਿਧਾ ਕੇਂਦਰ 'ਤੇ ਪਹੁੰਚ ਕੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਜਾਂਚ ਕੀਤੀ। ਵਿਭਾਗ ਵੱਲੋਂ ਫਿਲਹਾਲ ਇਸ ਜਾਂਚ ਦੇ ਨਤੀਜਿਆਂ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਹਾਲ ਹੀ ਦੇ ਦਿਨਾਂ ਵਿੱਚ ਫੂਡ ਸੇਫਟੀ ਅਧਿਕਾਰੀਆਂ ਵੱਲੋਂ ਫੂਡ ਡਿਲਿਵਰੀ ਪਲੇਟਫਾਰਮਾਂ ਦੇ ਨਾਲ-ਨਾਲ ਕਈ ਵੱਡੇ ਹੋਟਲਾਂ ਅਤੇ ਰੈਸਟੋਰੈਂਟਾਂ 'ਤੇ ਵੀ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਮੰਗਲਵਾਰ ਨੂੰ ਕੀਤੀ ਗਈ ਜਾਂਚ ਦੌਰਾਨ ਜ਼ੈਪਟੋ ਦੇ ਵੇਅਰਹਾਊਸ ਵਿੱਚੋਂ ਜੈਵਿਕ ਕੂੜਾ, ਫਟੇ ਹੋਏ ਲਿਫਾਫੇ, ਖਾਲੀ ਬੋਤਲਾਂ ਅਤੇ ਫਰਸ਼ 'ਤੇ ਭਾਰੀ ਗੰਦਗੀ ਜੰਮੀ ਹੋਈ ਪਾਈ ਗਈ ਸੀ, ਜਿਸ ਨੂੰ ਅਧਿਕਾਰੀਆਂ ਨੇ "ਬੇਹੱਦ ਗੰਦਾ ਅਤੇ ਗੈਰ-ਸਿਹਤਮੰਦ" ਦੱਸਿਆ। ਇਸ ਤੋਂ ਇਲਾਵਾ, ਸਿਹਤ ਵਿਭਾਗ ਨੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਗਲਤ ਲੇਬਲਿੰਗ, ਮਿਸਬ੍ਰਾਂਡਿੰਗ ਅਤੇ ਅਣਗਹਿਲੀ ਨਾਲ ਖਾਣ-ਪੀਣ ਦੀਆਂ ਚੀਜ਼ਾਂ ਦੀ ਸਾਂਭ-ਸੰਭਾਲ ਵਰਗੀਆਂ ਹੋਰ ਕਈ ਉਲੰਘਣਾਵਾਂ ਵੀ ਦਰਜ ਕੀਤੀਆਂ ਹਨ। ਵਿਭਾਗ ਨੇ ਵੇਅਰਹਾਊਸ ਨੂੰ ਸੀਲ ਕਰਨ ਦੇ ਨਾਲ-ਨਾਲ ਸੰਚਾਲਕਾਂ ਵਿਰੁੱਧ ਮਾਮਲਾ ਦਰਜ ਕਰਨ ਦੀ ਸਿਫ਼ਾਰਸ਼ ਵੀ ਕੀਤੀ ਹੈ। ਜ਼ੈਪਟੋ ਦੇ ਬੁਲਾਰੇ ਨੇ ਕਿਹਾ ਹੈ ਕਿ ਉਹ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੇ ਹਨ ਅਤੇ ਸੁਰੱਖਿਆ ਮਾਪਦੰਡਾਂ ਨੂੰ ਸੁਧਾਰਨ ਲਈ ਲੋੜੀਂਦੇ ਕਦਮ ਚੁੱਕ ਰਹੇ ਹਨ।
ਇਸੇ ਤਰ੍ਹਾਂ ਦੀ ਮੁਹਿੰਮ ਤਹਿਤ, ਸੋਮਵਾਰ ਨੂੰ ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਮੁੰਬਈ ਵਿੱਚ 'ਬਲਿੰਕਇਟ' (Blinkit) ਦੇ ਇੱਕ ਕੇਂਦਰ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਸੀ. ਇਸ ਤੋਂ ਇਲਾਵਾ, ਮੁੰਬਈ ਵਿੱਚ ਸਫਾਈ ਸੰਬੰਧੀ ਖਾਮੀਆਂ ਕਾਰਨ 'ਡੋਮੀਨੋਜ਼ ਪੀਜ਼ਾ' (Domino's Pizza) ਦੇ ਤਿੰਨ ਆਊਟਲੈਟਸ ਦੇ ਲਾਇਸੈਂਸ ਵੀ ਮੁਅੱਤਲ ਕੀਤੇ ਗਏ ਹਨ।
ਕੇਰਲ ਦਾ ਨਾਂ ਬਦਲ ਕੇ 'ਕੇਰਲਮ' ਕਰਨ ਬਾਰੇ ਬਿੱਲ ਨੂੰ ਸੰਸਦ ਤੋਂ ਮਿਲੀ ਮਨਜ਼ੂਰੀ
NEXT STORY