ਸੂਰਤ- ਦੇਸ਼ ਭਰ 'ਚ ਵਧ ਰਹੇ ਸਾਈਬਰ ਅਪਰਾਧਾਂ ਦੇ ਮਾਮਲਿਆਂ ਵਿਚਾਲੇ ਸੂਰਤ ਸਾਈਬਰ ਕ੍ਰਾਈਮ ਸੈੱਲ ਨੇ ਇਕ ਅਜਿਹੇ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਉਮਰ ਸਿਰਫ਼ 18 ਸਾਲ 6 ਮਹੀਨੇ ਹੈ। ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਰੋਹਿਤ ਵੀਰੇਂਦਰ ਸਿੰਘ ਸ਼ਾਕਿਆ ਸਿਰਫ਼ 11ਵੀਂ ਪਾਸ ਹੈ, ਪਰ ਉਹ AI (ਆਰਟੀਫਿਸ਼ੀਅਲ ਇੰਟੈਲੀਜੈਂਸ) ਅਤੇ ਟੈਲੀਗ੍ਰਾਮ ਦੀ ਮਦਦ ਨਾਲ ਫਰਜ਼ੀ ਅਤੇ ਵਾਇਰਸ ਵਾਲੀਆਂ APK ਫਾਈਲਾਂ ਤਿਆਰ ਕਰਨ 'ਚ ਮਾਹਿਰ ਸੀ। ਦੋਸ਼ ਹੈ ਕਿ ਉਹ ਝਾਰਖੰਡ ਦੇ ਜਾਮਤਾੜਾ, ਹਰਿਆਣਾ ਅਤੇ ਰਾਜਸਥਾਨ 'ਚ ਸਰਗਰਮ ਸਾਈਬਰ ਅਪਰਾਧੀਆਂ ਨੂੰ ਇਹ APK ਫਾਈਲਾਂ ਵੇਚਦਾ ਸੀ। ਪੁਲਸ ਦਾ ਦਾਅਵਾ ਹੈ ਕਿ ਉਸ ਦੇ ਬਣਾਏ ਐਪਸ ਰਾਹੀਂ ਦੇਸ਼ ਭਰ 'ਚ 64.38 ਕਰੋੜ ਰੁਪਏ ਦੀ ਸਾਈਬਰ ਠੱਗੀ ਕੀਤੀ ਗੀ।
ਰੋਹਿਤ ਨੇ ਸਾਈਬਰ ਠੱਗੀ ਨੂੰ ਇਕ ਪੂਰੇ 'ਬਿਜ਼ਨੈੱਸ ਮਾਡਲ' 'ਚ ਬਦਲ ਦਿੱਤਾ ਸੀ। ਉਹ 2 ਤਰ੍ਹਾਂ ਦੀਆਂ ਐਪਲੀਕੇਸ਼ਨ ਤਿਆਰ ਕਰਦਾ ਸੀ। ਪਹਿਲੀ 'ਵਿਕਟਿਮ ਐਪ' (ਜੋ ਪੀੜਤ ਦੇ ਫੋਨ 'ਚ ਇੰਸਟਾਲ ਕਰਵਾਈ ਜਾਂਦੀ ਸੀ) ਅਤੇ ਦੂਜੀ 'ਐਡਮਿਨ ਐਪ'। ਜਿਸ ਰਾਹੀਂ ਸਾਈਬਰ ਅਪਰਾਧੀ ਪੀੜਤ ਦੇ ਮੋਬਾਈਲ 'ਤੇ ਆਉਣ ਵਾਲੇ OTP, ਬੈਂਕ ਵੇਰਵੇ ਅਤੇ ਹੋਰ ਨਿੱਜੀ ਜਾਣਕਾਰੀ ਲਾਈਵ ਦੇਖ ਸਕਦੇ ਸਨ।
ਇਸ ਸਾਫ਼ਟਵੇਅਰ ਲਈ ਉਹ ਪਹਿਲੇ ਮਹੀਨੇ 15 ਹਜ਼ਾਰ ਲੈਂਦਾ ਸੀ। ਇਸ ਤੋਂ ਬਾਅਦ ਐਪਲੀਕੇਸ਼ਨ ਨੂੰ ਸਰਗਰਮ ਰੱਖਣ ਲਈ ਹਰ ਮਹੀਨੇ 15 ਹਜ਼ਾਰ ਰੁਪਏ ਦਾ ਸਬਸਕ੍ਰਿਪਸ਼ਨ ਵੀ ਵਸੂਲਦਾ ਸੀ। ਲੋੜ ਅਨੁਸਾਰ, ਉਹ ਕਸਟਮਾਈਜ਼ਡ APK ਵੀ ਤਿਆਰ ਕਰ ਦਿੰਦਾ ਸੀ। ਪੁਲਸ ਦੀ ਡਿਜੀਟਲ ਜਾਂਚ 'ਚ ਸਾਹਮਣੇ ਆਇਆ ਕਿ ਦੋਸ਼ੀ ਹੁਣ ਤੱਕ 121 ਫਰਜ਼ੀ APK ਤਿਆਰ ਕਰ ਚੁੱਕਿਆ ਹੈ। ਇਹ ਐਪ ਦੇਸ਼ ਭਰ 'ਚ 21,572 ਮੋਬਾਈਲ ਫੋਨਾਂ 'ਚ ਇੰਸਟਾਲ ਕੀਤੇ ਗਏ। ਇਨ੍ਹਾਂ 'ਚੋਂ 2,928 ਮੋਬਾਈਲ ਪੂਰੀ ਤਰ੍ਹਾਂ ਹੈਕ ਹੋ ਗਏ। ਪੁਲਸ ਅਨੁਸਾਰ ਇਨ੍ਹਾਂ ਹੈਕ ਕੀਤੇ ਗਏ ਮੋਬਾਈਲ ਰਾਹੀਂ 54,094 ਬੈਂਕ ਟ੍ਰਾਂਜੈਕਸ਼ਨ ਕੀਤੇ ਗਏ ਅਤੇ ਕੁੱਲ 64,38,48,837.60 ਰੁਪਏ ਯਾਨੀ ਕਰੀਬ 64.38 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ।
ਜਾਂਚ ਮੁਤਾਬਕ ਦੋਸ਼ੀ ਮਹਿਜ਼ 16 ਸਾਲ ਦੀ ਉਮਰ ਤੋਂ ਹੀ ਇਹ ਕੰਮ ਕਰ ਰਿਹਾ ਸੀ। ਉਹ ਕਿਸੇ ਵੀ ਬੈਂਕ (PNB, SBI, Axis, ICICI ਆਦਿ), ਸਰਕਾਰੀ ਸਕੀਮਾਂ (PM Kisan), ਜਾਂ ਆਨਲਾਈਨ ਕੰਪਨੀਆਂ (Big Basket, DMart) ਦੇ ਨਾਮ 'ਤੇ ਹੂਬਹੂ ਦਿਖਣ ਵਾਲੀ ਨਕਲੀ ਐਪ ਬਣਾ ਦਿੰਦਾ ਸੀ। ਸਭ ਤੋਂ ਵੱਧ ਠੱਗੀ RTO ਚਲਾਨ ਦੇ ਨਾਮ 'ਤੇ ਬਣਾਈਆਂ ਗਈਆਂ ਫਰਜ਼ੀ ਐਪਸ ਰਾਹੀਂ ਹੋਈ ਹੈ।
ਇਸ ਵੱਡੇ ਗਿਰੋਹ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਸੂਰਤ ਦੇ ਇਕ ਵਿਅਕਤੀ ਨਾਲ PNB One ਨਾਮ ਦੀ ਨਕਲੀ ਐਪ ਰਾਹੀਂ 5 ਲੱਖ ਰੁਪਏ ਦੀ ਠੱਗੀ ਮਾਰੀ ਗਈ। ਪੀੜਤ ਨੇ ਜਦੋਂ 1930 ਹੈਲਪਲਾਈਨ 'ਤੇ ਸ਼ਿਕਾਇਤ ਕੀਤੀ, ਤਾਂ ਸੂਰਤ ਪੁਲਸ ਨੇ ਜਾਂਚ ਕਰਦੇ ਹੋਏ ਕਾਨਪੁਰ ਤੱਕ ਪਹੁੰਚ ਕੀਤੀ। ਪੁਲਸ ਨੇ ਦੋਸ਼ੀ ਕੋਲੋਂ ਮੋਬਾਈਲ ਅਤੇ ਲੈਪਟਾਪ ਜ਼ਬਤ ਕੀਤੇ ਹਨ ਅਤੇ ਹੁਣ ਦੇਸ਼ ਭਰ 'ਚ ਫੈਲੇ ਹੋਰ ਗਿਰੋਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰਤ ਅਤੇ ਮੋਲਦੋਵਾ ਨੇ UNSC 'ਚ ਸੁਧਾਰ ਤੇ ਅੱਤਵਾਦ-ਰੋਕੂ ਸਹਿਯੋਗ 'ਤੇ ਕੀਤੀ ਚਰਚਾ
NEXT STORY