ਨਵੀਂ ਦਿੱਲੀ, (ਭਾਸ਼ਾ)- ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਪ੍ਰਯਾਗਰਾਜ ਮਹਾਕੁੰਭ ’ਚ ਭਾਜੜ ਦੌਰਾਨ ਮਰਨ ਵਾਲਿਆਂ ਦੀ ਸਹੀ ਗਿਣਤੀ ਲੁਕਾਉਣ ਦਾ ਮੰਗਲਵਾਰ ਸਰਕਾਰ ’ਤੇ ਦੋਸ਼ ਲਾਇਆ ਤੇ ਮੰਗ ਕੀਤੀ ਕਿ ਮਹਾਕੁੰਭ ਦੇ ਪ੍ਰਬੰਧਾਂ ਬਾਰੇ ਸਪੱਸ਼ਟੀਕਰਨ ਦੇਣ ਲਈ ਸਰਕਾਰ ਨੂੰ ਸਰਬ-ਪਾਰਟੀ ਮੀਟਿੰਗ ਸੱਦਣੀ ਚਾਹੀਦੀ ਹੈ। ਉੱਥੇ ਵੱਖ-ਵੱਖ ਪ੍ਰਬੰਧ ਫੌਜ ਨੂੰ ਸੌਂਪੇ ਜਾਣੇ ਚਾਹੀਦੇ ਹਨ।
ਯਾਦਵ ਨੇ ਲੋਕ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਦੇ ਮਤੇ ’ਤੇ ਚਰਚਾ ’ਚ ਹਿੱਸਾ ਲੈਂਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਬਜਟ ਦੇ ਅੰਕੜੇ ਦੇ ਰਹੀ ਹੈ, ਉਸ ਨੂੰ ਮਹਾਕੁੰਭ ’ਚ ਮਰਨ ਵਾਲਿਆਂ ਦੇ ਅੰਕੜੇ ਵੀ ਦੇਣੇ ਚਾਹੀਦੇ ਹਨ। ਜ਼ਖਮੀਆਂ ਦੇ ਇਲਾਜ, ਭੋਜਨ ਤੇ ਆਵਾਜਾਈ ਆਦਿ ਦੇ ਖਰਚੇ ਸੰਸਦ ’ਚ ਪੇਸ਼ ਕੀਤੇ ਜਾਣੇ ਚਾਹੀਦੇ ਹਨ।
ਯਾਦਵ ਨੇ ਕੇਂਦਰ ਤੇ ਉੱਤਰ ਪ੍ਰਦੇਸ਼ ਸਰਕਾਰਾਂ ਦੀ ਨਿੰਦਾ ਕੀਤੀ ਤੇ ਉਨ੍ਹਾਂ ’ਤੇ ਮੌਤਾਂ ਦੀ ਗਿਣਤੀ ਲੁਕਾਉਣ ਦਾ ਦੋਸ਼ ਲਾਇਆ। ਉਨ੍ਹਾਂ ਦੁਖਾਂਤ ਲਈ ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਮਹਾਕੁੰਭ ’ਚ ਭਾਜੜ ਤੋਂ ਬਾਅਦ ਸੰਤਾਂ ਦੇ ਇਕ ਖਾਸ ਸਮੇਂ ’ਤੇ ਇਸ਼ਨਾਨ ਕਰਨ ਦੀ ਪਰੰਪਰਾ ਵੀ ਟੁੱਟ ਗਈ।
ਸਪਾ ਦੇ ਸੰਸਦ ਮੈਂਬਰ ਨੇ ਕਿਹਾ ਮੈਂ ਜੋ ਕਹਿ ਰਿਹਾ ਹਾਂ, ਜੇ ਉਹ ਗਲਤ ਹੈ ਤਾਂ ਹਾਊਸ ਦੇ ਨੇਤਾ ਭਾਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਰਚਾ ਦੇ ਜਵਾਬ ਦੌਰਾਨ ਮੈਨੂੰ ਦੱਸਣਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜੜ ਦੀ ਘਟਨਾ ਤੋਂ 17 ਘੰਟਿਆਂ ਬਾਅਦ ਤੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਸ਼ੋਕ ਸੰਦੇਸ਼ਾਂ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਮੌਤਾਂ ਦੀ ਗੱਲ ਮੰਨੀ।
ਰਾਸ਼ਟਰਪਤੀ ਦੇ ਭਾਸ਼ਣ ਦਾ ਹਵਾਲਾ ਦਿੰਦੇ ਹੋਏ ਯਾਦਵ ਨੇ ਕਿਹਾ ਕਿ ਇਸ ’ਚ 12 ਕਰੋੜ ਟਾਇਲਟਾਂ ਦੀ ਉਸਾਰੀ ਤੇ 80 ਕਰੋੜ ਗਰੀਬ ਲੋਕਾਂ ਨੂੰ ਮੁਫ਼ਤ ਅਨਾਜ ਮੁਹੱਈਆ ਕਰਵਾਉਣ ਵਰਗੀਆਂ ਪੁਰਾਣੀਆਂ ਗੱਲਾਂ ਹਨ।
ਉਨ੍ਹਾਂ ਟਿੱਪਣੀ ਕੀਤੀ ਕਿ ਭਾਰਤੀ ਜਨਤਾ ਪਾਰਟੀ ਡਬਲ ਇੰਜਣ ਸਰਕਾਰ ਹੋਣ ਦਾ ਦਾਅਵਾ ਕਰਦੀ ਹੈ ਪਰ ਹੁਣ ਨਾ ਸਿਰਫ਼ ਇਸ ਦੇ ਇੰਜਣ ਟਕਰਾਅ ਰਹੇ ਹਨ, ਸਗੋਂ ਡੱਬੇ ਵੀ ਟਕਰਾਉਣੇ ਸ਼ੁਰੂ ਹੋ ਗਏ ਹਨ।
ਦਿੱਲੀ ਚੋਣਾਂ 'ਚ 60 ਸੀਟਾਂ ਜਿੱਤ ਕੇ ਕੇਜਰੀਵਾਲ ਮੁੜ ਮੁੱਖ ਮੰਤਰੀ ਬਣਨਗੇ, ਸੰਜੇ ਸਿੰਘ ਦਾ ਵੱਡਾ ਦਾਅਵਾ
NEXT STORY