ਰਾਏਪੁਰ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਦੁਹਰਾਇਆ ਕਿ ਦੇਸ਼ ਨੂੰ ਮਾਰਚ 2026 ਤੱਕ ਨਕਸਲਵਾਦ ਤੋਂ ਮੁਕਤੀ ਮਿਲ ਜਾਵੇਗੀ ਅਤੇ ਇਸ ਖਤਰੇ ਨੂੰ ਖਤਮ ਕਰਨ ਦੇ ਟੀਚੇ ਨੂੰ ਹਾਸਲ ਕਰਨ ਲਈ ਮਾਨਸੂਨ ਦੇ ਮੌਸਮ ’ਚ ਵੀ ਨਕਸਲ ਵਿਰੋਧੀ ਮੁਹਿੰਮ ਜਾਰੀ ਰੱਖੀ ਜਾਵੇਗੀ।
ਸ਼ਾਹ ਨੇ ਨਕਸਲੀਆਂ ਨੂੰ ਹਿੰਸਾ ਛੱਡਣ ਅਤੇ ਮੁੱਖਧਾਰਾ ’ਚ ਸ਼ਾਮਲ ਹੋਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਗੱਲਬਾਤ ਦੀ ਕੋਈ ਲੋੜ ਨਹੀਂ ਹੈ, ਬਸ ਹਥਿਆਰ ਛੱਡ ਦਿਓ, ਵਿਕਾਸ ਦੀ ਯਾਤਰਾ ’ਚ ਸ਼ਾਮਲ ਹੋਣ ਅਤੇ ਆਕਰਸ਼ਕ ਆਤਮਸਮਰਪਣ ਨੀਤੀ ਦਾ ਫਾਇਦਾ ਉਠਾਓ। ਗ੍ਰਹਿ ਮੰਤਰੀ ਛੱਤੀਸਗੜ੍ਹ ਦੇ ਨਵਾ ਰਾਏਪੁਰ ਅਟਲ ਨਗਰ ’ਚ ਨੈਸ਼ਨਲ ਫੋਰੈਂਸਿਕ ਸਾਇੰਸਜ਼ ਯੂਨੀਵਰਸਿਟੀ (ਐੱਨ. ਐੱਫ. ਐੱਸ. ਯੂ.) ਕੰਪਲੈਕਸ ਅਤੇ ਕੇਂਦਰੀ ਫੋਰੈਂਸਿਕ ਪ੍ਰਯੋਗਸ਼ਾਲਾ ਦਾ ਨੀਂਹ-ਪੱਥਰ ਤੋਂ ਬਾਅਦ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।
ਸ਼ਾਹ ਨੇ ਕਿਹਾ ਕਿ ਪਿਛਲੇ ਡੇਢ ਸਾਲ ’ਚ ਮੁੱਖ ਮੰਤਰੀ ਵਿਸ਼ਣੂ ਦੇਵ ਦੀ ਅਗਵਾਈ ’ਚ ਛੱਤੀਸਗੜ੍ਹ ਨੇ ਤੇਜ਼ੀ ਨਾਲ ਤਰੱਕੀ ਕੀਤੀ ਹੈ ਪਰ ਉਨ੍ਹਾਂ ਦੀ ਸਰਕਾਰ ਅਤੇ ਛੱਤੀਸਗੜ੍ਹ ਦੇ ਗ੍ਰਹਿ ਮੰਤਰੀ ਵਿਜੇ ਸ਼ਰਮਾ ਦੀ ਪ੍ਰਾਪਤੀ ਇਹ ਹੈ ਕਿ ਉਨ੍ਹਾਂ ਨੇ ਰੁਕੀ ਹੋਈ ਨਕਸਲ ਵਿਰੋਧੀ ਮੁਹਿੰਮ ਨੂੰ ਤੇਜ਼ ਰਫ਼ਤਾਰ ਨਾਲ ਸ਼ੁਰੂ ਕੀਤਾ ਹੈ ਅਤੇ ਛੱਤੀਸਗੜ੍ਹ ਨੂੰ ਨਕਸਲ ਮੁਕਤ ਬਣਾਉਣ ਦੀ ਦਿਸ਼ਾ ’ਚ ਅੱਗੇ ਵਧੇ ਹਨ। ਸ਼ਾਹ ਨੇ ਸੁਰੱਖਿਆ ਫੋਰਸਾਂ ਦਾ ਮਨੋਬਲ ਵਧਾਉਣ ਅਤੇ ਨਕਸਲ ਵਿਰੋਧੀ ਮੁਹਿੰਮ ਤੇਜ਼ ਕਰਨ ਲਈ ਵਿਸ਼ਣੂ ਦੇਵ ਅਤੇ ਵਿਜੇ ਸ਼ਰਮਾ ਦਾ ਧੰਨਵਾਦ ਕੀਤਾ।
ਸ਼ਾਹ ਨੇ ਕਿਹਾ, ‘‘ਮੈਂ ਪਹਿਲਾਂ ਵੀ ਨਵਾ ਰਾਏਪੁਰ ਦੇ ਅਟਲ ਨਗਰ ’ਚ ਕਿਹਾ ਸੀ ਕਿ ਇਹ ਦੇਸ਼ 31 ਮਾਰਚ 2026 ਤੱਕ ਨਕਸਲਵਾਦ ਤੋਂ ਮੁਕਤ ਹੋ ਜਾਵੇਗਾ। ਮੈਂ ਇਸ ਨੂੰ ਫਿਰ ਤੋਂ ਭਰੋਸੇ ਨਾਲ ਦੋਹਰਾਉਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਸੁਰੱਖਿਆ ਫੋਰਸਾਂ ਨੇ ਬਹਾਦਰੀ ਵਿਖਾਈ ਹੈ, ਜਿਸ ਤਰ੍ਹਾਂ ਅਸੀਂ ਸਟੀਕ ਰਣਨੀਤੀ ਬਣਾਈ ਹੈ, ਅਸੀਂ ਆਪਣਾ ਟੀਚਾ ਹਾਸਲ ਕਰਾਂਗੇ।”
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, “ਹਰ ਵਾਰ ਮੀਂਹ ਦੇ ਮੌਸਮ ’ਚ ਨਕਸਲੀ ਥੋੜ੍ਹਾ ਆਰਾਮ ਕਰਦੇ ਸਨ (ਕਿਉਂਕਿ ਸੰਘਣੇ ਜੰਗਲ ਦੇ ਅੰਦਰ ਚੜ੍ਹੀਆਂ ਨਦੀਆਂ ਅਤੇ ਨਾਲੇ ਨਕਸਲ ਵਿਰੋਧੀ ਮੁਹਿੰਮਾਂ ’ਚ ਰੁਕਾਵਟਾਂ ਪਾਉਂਦੇ ਹਨ) ਪਰ ਇਸ ਵਾਰ, ਅਸੀਂ ਉਨ੍ਹਾਂ ਨੂੰ ਮਾਨਸੂਨ ਦੌਰਾਨ ਸੌਣ ਨਹੀਂ ਦੇਵਾਂਗੇ ਅਤੇ ਅਸੀਂ 31 ਮਾਰਚ ਦੇ ਟੀਚੇ ਨੂੰ ਹਾਸਲ ਕਰਨ ਲਈ ਹੋਰ ਅੱਗੇ ਵਧਾਂਗੇ।’’
ਉਨ੍ਹਾਂ ਕਿਹਾ ਕਿ ਉਹ ਨਕਸਲਵਾਦ ਦੇ ਰਾਹ ’ਤੇ ਚਲੇ ਗਏ ਭਟਕੇ ਨੌਜਵਾਨਾਂ ਨੂੰ ਹਥਿਆਰ ਛੱਡਣ ਦੀ ਅਪੀਲ ਕਰਨਾ ਚਾਹੁੰਦੇ ਹਨ। ਸ਼ਾਹ ਨੇ ਕਿਹਾ, ‘‘ਵਿਸ਼ਣੂ ਦੇਵ ਜੀ ਨੇ ਬਹੁਤ ਹੀ ਆਕਰਸ਼ਕ ਆਤਮਸਮਰਪਣ ਨੀਤੀ ਬਣਾਈ ਹੈ, ਹਥਿਆਰ ਸੁੱਟ ਦਿਓ ਅਤੇ ਨਵੇਂ ਛੱਤੀਸਗੜ੍ਹ ਦੀ ਵਿਕਾਸ ਯਾਤਰਾ ’ਚ ਸ਼ਾਮਲ ਹੋ ਜਾਓ। ਆਤਮਸਮਰਪਣ ਕਰਨ ਦਾ ਇਸ ਤੋਂ ਬਿਹਤਰ ਮੌਕਾ ਤੁਹਾਨੂੰ ਕਦੇ ਨਹੀਂ ਮਿਲੇਗਾ।” ਗ੍ਰਹਿ ਮੰਤਰੀ ਨੇ ਕਿਹਾ ਕਿ ਕਿਸੇ ਗੱਲਬਾਤ ਦੀ ਲੋੜ ਨਹੀਂ ਹੈ, ਸਰਕਾਰ ’ਤੇ ਭਰੋਸਾ ਕਰੋ, ਹਥਿਆਰ ਸੁੱਟ ਦਿਓ ਅਤੇ ਮੁੱਖਧਾਰਾ ’ਚ ਸ਼ਾਮਲ ਹੋ ਜਾਓ ਅਤੇ ਤੁਸੀਂ ਆਪਣੇ ਆਪ ਛੱਤੀਸਗੜ੍ਹ ਦੀ ਵਿਕਾਸ ਯਾਤਰਾ ’ਚ ਸ਼ਾਮਲ ਹੋ ਜਾਓਗੇ।
ਉਨ੍ਹਾਂ ਕਿਹਾ, ‘‘ਜਿਨ੍ਹਾਂ ਲੋਕਾਂ ਨੇ ਹਥਿਆਰ ਸੁੱਟੇ ਹਨ, ਉਨ੍ਹਾਂ ਦਾ ਵੀ ਮੈਂ ਸਮਾਜਿਕ ਜੀਵਨ ’ਚ ਵਾਪਸ ਆਉਣ ’ਤੇ ਸਵਾਗਤ ਕਰਦਾ ਹਾਂ ਅਤੇ ਵਿਸ਼ਵਾਸ ਦਿਵਾਉਂਦਾ ਹਾਂ ਕਿ ਛੱਤੀਸਗੜ੍ਹ ਦੀ ਸਰਕਾਰ ਅਤੇ ਕੇਂਦਰ ਦੀ ਸਰਕਾਰ ਨੇ ਜੋ ਵਾਅਦਾ ਤੁਹਾਡੇ ਨਾਲ ਕੀਤਾ ਹੈ ਉਸ ਵਾਅਦੇ ਨੂੰ ਅਸੀਂ ਪੂਰਾ ਕਰਾਂਗੇ ਅਤੇ ਉਸ ਤੋਂ ਵੱਧ ਵੀ ਤੁਹਾਡੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਾਂਗੇ।’’
ਈਰਾਨ-ਇਜ਼ਰਾਈਲ ਜੰਗ ਦੌਰਾਨ Air India ਦਾ ਵੱਡਾ ਫ਼ੈਸਲਾ, ਪੱਛਮੀ ਏਸ਼ੀਆ ਤੋਂ ਨਹੀਂ ਲੰਘਣਗੇ ਜਹਾਜ਼
NEXT STORY