ਸ਼੍ਰੀਨਗਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਪੁਲਸ ਦੇ ਸ਼ਹੀਦ ਅਧਿਕਾਰੀ ਪਰਵੇਜ਼ ਅਹਿਮਦ ਦੇ ਪਰਿਵਾਰ ਵਾਲਿਆਂ ਨਾਲ ਸ਼ਨੀਵਾਰ ਨੂੰ ਮੁਲਾਕਾਤ ਕੀਤੀ। ਸ਼ਹਿਰ ਦੇ ਨੌਗਾਮ ਇਲਾਕੇ ’ਚ ਇਸ ਸਾਲ ਜੂਨ ’ਚ ਅੱਤਵਾਦੀਆਂ ਨੇ ਅਹਿਮਦ ਦਾ ਕਤਲ ਕਰ ਦਿੱਤਾ ਸੀ। ਜੰਮੂ ਕਸ਼ਮੀਰ ਦੇ ਤਿੰਨ ਦਿਨਾ ਦੌਰੇ ’ਤੇ ਆਏ ਸ਼ਾਹ ਹਵਾਈ ਅੱਡੇ ਤੋਂ ਸਿੱਧਾ ਨੌਗਾਮ ਗਏ। ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ,‘‘ਗ੍ਰਹਿ ਮੰਤਰੀ ਜੰਮੂ ਕਸ਼ਮੀਰ ਪੁਲਸ ਦੇ ਇੰਸਪੈਕਟਰ ਪਰਵੇਜ਼ ਦੇ ਘਰ ਗਏ, ਜਿਨ੍ਹਾਂ ਦਾ ਅੱਤਵਾਦੀਆਂ ਨੇ ਕਤਲ ਕਰ ਦਿੱਤਾ ਸੀ।’’ ਅਧਿਕਾਰੀਆਂ ਨੇ ਕਿਹਾ ਕਿ ਸ਼ਾਹ ਨੇ ਸ਼ਹੀਦ ਪੁਲਸ ਮੁਲਾਜ਼ਮਾਂ ਦੇ ਪਰਿਵਾਰ ਵਾਲਿਆਂ ਹਮਦਰਦੀ ਦਿੱਤੀ। ਸ਼ਹੀਦ ਪੁਲਸ ਅਧਿਕਾਰੀ ਦੀ ਵਿਧਵਾ ਫਾਤਿਮਾ ਅਖ਼ਤਰ ਨੂੰ ਸ਼ਾਹ ਨੇ ਸਰਕਾਰੀ ਨੌਕਰੀ ਦੇ ਦਸਤਾਵੇਜ਼ ਸੌਂਪੇ।
ਸ਼ਾਹ ਨੇ ਟਵੀਟ ਕੀਤਾ,‘‘ਅੱਜ ਮੈਂ ਸ਼ਹੀਦ ਪਰਵੇਜ਼ ਅਹਿਮਦ ਡਾਰ ਦੇ ਪਰਿਵਾਰ ਵਾਲਿਆਂ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਹਮਦਰਦੀ ਦਿੱਤੀ। ਮੈਨੂੰ ਅਤੇ ਰਾਸ਼ਟਰ ਨੂੰ ਉਨ੍ਹਾਂ ਦੀ ਬਹਾਦਰੀ ’ਤੇ ਮਾਣ ਹੈ। ਪ੍ਰਧਾਨ ਮੰਤਰੀ ਮੋਦੀ ਦੇ ਨਵੇਂ ਜੰਮੂ ਕਸ਼ਮੀਰ ਦੇ ਸੁਫ਼ਨੇ ਨੂੰ ਸੱਚ ਕਰਨ ਲਈ ਅਸੀਂ ਸਾਰੇ ਕੋਸ਼ਿਸ਼ ਕਰ ਰਹੇ ਹਾਂ।’’ ਅਹਿਮਦ 22 ਜੂਨ ਨੂੰ ਨਮਾਜ਼ ਪੜ੍ਹ ਕੇ ਪਰਤ ਰਹੇ ਸਨ, ਉਦੋਂ ਨੌਗਾਮ ’ਚ ਉਨ੍ਹਾਂ ਦੇ ਘਰ ਕੋਲ ਅੱਤਵਾਦੀਆਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਸੀ। ਗ੍ਰਹਿ ਮੰਤਰੀ ਨਾਲ ਉੱਪ ਰਾਜਪਾਲ ਮਨੋਜ ਸਿਨਹਾ, ਕੇਂਦਰੀ ਮੰਤਰੀ ਜਿਤੇਂਦਰ ਸਿੰਘ ਅਤੇ ਪੁਲਸ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਮੌਜੂਦ ਸਨ। 5 ਅਗਸਤ 2019 ਨੂੰ ਧਾਰਾ 370 ਰੱਦ ਕੀਤੇ ਜਾਣ ਤੋਂ ਬਾਅਦ ਸ਼ਾਹ ਦੀ ਇਹ ਪਹਿਲੀ ਕਸ਼ਮੀਰ ਯਾਤਰਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ
NEXT STORY