ਗੁਹਾਟੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਆਸਾਮ 'ਚ ਕਾਂਗਰਸ 'ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਦੋਸ਼ ਲਾਇਆ ਕਿ ਕਾਂਗਰਸ ਨੇ ਆਪਣੇ 15 ਸਾਲਾਂ ਦੇ ਸ਼ਾਸਨ ਦੌਰਾਨ ਸੂਬੇ ਦੇ ਸਿਹਤ ਬਜਟ 'ਚੋਂ ਹਰ ਸਾਲ 150 ਕਰੋੜ ਰੁਪਏ "ਆਪਣੀ ਜੇਬ 'ਚ ਪਾਏ" ਹਨ। ਆਸਾਮ 'ਚ 2,092 ਕਰੋੜ ਰੁਪਏ ਦੇ ਸਿਹਤ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਮੌਕੇ ਸ਼ਾਹ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਸੂਬੇ ਦੀਆਂ ਡਾਕਟਰੀ ਸਹੂਲਤਾਂ ਨੂੰ ਗੁਜਰਾਤ ਅਤੇ ਮਹਾਰਾਸ਼ਟਰ ਦੇ ਬਰਾਬਰ ਲਿਆ ਖੜ੍ਹਾ ਕੀਤਾ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਆਲੋਚਨਾ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਦਾ ਵਿਰੋਧ ਕਰਦੇ-ਕਰਦੇ ਰਾਹੁਲ ਦੇਸ਼ ਨੂੰ ਬਦਨਾਮ ਕਰਨ ਲੱਗ ਪਏ ਹਨ। ਉਨ੍ਹਾਂ ਨੇ ਦਿੱਲੀ 'ਚ ਏਆਈ (AI) ਸੰਮੇਲਨ ਦੌਰਾਨ 'ਸ਼ਰਟ ਉਤਾਰ ਕੇ' ਕੀਤੇ ਪ੍ਰਦਰਸ਼ਨ ਅਤੇ ਸੰਸਦ ਦੀਆਂ ਪੌੜੀਆਂ 'ਤੇ ਬੈਠ ਕੇ 'ਚਾਹ-ਪਕੌੜੇ' ਖਾਣ ਦੀ ਸਖ਼ਤ ਨਿਖੇਧੀ ਕੀਤੀ। ਸ਼ਾਹ ਨੇ ਕਿਹਾ,"ਸੰਸਦ ਲੋਕਤੰਤਰ ਦਾ ਪਵਿੱਤਰ ਮੰਦਰ ਹੈ। ਕੀ ਰਾਹੁਲ ਗਾਂਧੀ ਨੂੰ ਇਹ ਵੀ ਨਹੀਂ ਪਤਾ ਕਿ ਨਾਸ਼ਤਾ ਕਿੱਥੇ ਕਰਨਾ ਚਾਹੀਦਾ ਹੈ? ਇਸ ਦੀਆਂ ਪੌੜੀਆਂ ਧਰਨੇ ਜਾਂ ਪਿਕਨਿਕ ਲਈ ਨਹੀਂ ਹਨ।"
ਗ੍ਰਹਿ ਮੰਤਰੀ ਨੇ ਗੁਹਾਟੀ 'ਚ 675 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਪ੍ਰਾਗਜੋਤੀਸ਼ਪੁਰ ਮੈਡੀਕਲ ਕਾਲਜ ਅਤੇ ਹਸਪਤਾਲ (PMCH) ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਗੋਲਾਘਾਟ ਅਤੇ ਤਿਨਸੁਕੀਆ 'ਚ ਕੈਂਸਰ ਕੇਅਰ ਸੈਂਟਰਾਂ ਦਾ ਆਨਲਾਈਨ ਉਦਘਾਟਨ ਵੀ ਕੀਤਾ। ਸ਼ਾਹ ਨੇ ਦੀਫੂ, ਜੋਰਹਾਟ ਅਤੇ ਬਾਰਪੇਟਾ ਮੈਡੀਕਲ ਕਾਲਜਾਂ 'ਚ ਸੁਪਰ-ਸਪੈਸ਼ਲਿਟੀ ਹਸਪਤਾਲਾਂ ਦਾ ਨੀਂਹ ਪੱਥਰ ਵੀ ਰੱਖਿਆ। ਅਮਿਤ ਸ਼ਾਹ ਨੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਦੀ ਤਾਰੀਫ਼ ਕਰਦਿਆਂ ਕਿਹਾ ਕਿ 10 ਸਾਲ ਪਹਿਲਾਂ ਆਸਾਮ ਦੀ ਸਿਹਤ ਵਿਵਸਥਾ ਬਦਹਾਲ ਸੀ ਕਿਉਂਕਿ ਕਾਂਗਰਸ ਸਿਰਫ਼ ਆਪਣੇ ਨੇਤਾਵਾਂ ਦੇ ਪਰਿਵਾਰਾਂ ਦੀ 'ਆਰਥਿਕ ਸਿਹਤ' ਸੁਧਾਰਨ 'ਚ ਲੱਗੀ ਹੋਈ ਸੀ। ਦੱਸਣਯੋਗ ਹੈ ਕਿ ਅਮਿਤ ਸ਼ਾਹ 2 ਦਿਨਾਂ ਦੌਰੇ 'ਤੇ ਆਸਾਮ ਪਹੁੰਚੇ ਹਨ ਅਤੇ ਪਿਛਲੇ ਚਾਰ ਮਹੀਨਿਆਂ 'ਚ ਉਨ੍ਹਾਂ ਦਾ ਇਹ ਚੌਥਾ ਦੌਰਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਾਂਸ਼ੀਰਾਮ ਨੂੰ 'ਭਾਰਤ ਰਤਨ' ਦੇਣ ਦੀ ਮੰਗ ਨੂੰ ਲੈ ਕੇ ਰਾਹੁਲ ਨੇ ਲਿਖੀ PM ਮੋਦੀ ਨੂੰ ਲਿਖੀ ਚਿੱਠੀ
NEXT STORY