ਅਹਿਮਦਾਬਾਦ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਐਤਵਾਰ ਕਿਹਾ ਕਿ ਦੇਸ਼ ਦੇ ਹਰ ਕੋਨੇ ਦੇ ਲੋਕਾਂ ਨੇ ਕਾਂਗਰਸ ਤੇ ਉਸ ਦੇ ਸਹਿਯੋਗੀਆਂ ਨੂੰ ਰੱਦ ਕਰ ਦਿੱਤਾ ਹੈ।
ਅਹਿਮਦਾਬਾਦ ’ਚ 1,500 ਕਰੋੜ ਰੁਪਏ ਦੀ ਲਾਗਤ ਵਾਲੇ ਤਿੰਨ ਖੇਡ ਕੰਪਲੈਕਸਾਂ ਸਮੇਤ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਨਗਰ ਨਿਗਮ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਰਾਸ਼ਟਰੀ ਜਮਹੂਰੀ ਗੱਠਜੋੜ (ਰਾਜਗ) ਪੱਛਮੀ ਬੰਗਾਲ ਤੇ ਤਾਮਿਲਨਾਡੂ ’ਚ ਆਉਣ ਵਾਲੀਆਂ ਚੋਣਾਂ ’ਚ ਵੀ ਲੋਕਾਂ ਦੀ ਹਮਾਇਤ ਨਾਲ ਵੱਡੀ ਜਿੱਤ ਹਾਸਲ ਕਰੇਗਾ। 2029 ਦੀਆਂ ਵਿਸ਼ਵ ਪੁਲਸ ਖੇਡਾਂ ਤੇ 2030 ਦੀਆਂ ਕਾਮਨਵੈਲਥ ਖੇਡਾਂ ਤੋਂ ਬਾਅਦ ਅਹਿਮਦਾਬਾਦ 2036 ’ਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰੇਗਾ।
ਉਨ੍ਹਾਂ ਕਿਹਾ ਕਿ ਭਾਜਪਾ ਤੇ ਇਸ ਦੇ ਗੱਠਜੋੜ ਭਾਈਵਾਲਾਂ ਨੇ ਬਿਹਾਰ ’ਚ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ’ਚ ਦੋ-ਤਿਹਾਈ ਬਹੁਮਤ ਹਾਸਲ ਕਰ ਕੇ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਹੁਣ ਅਸੀਂ ਪੱਛਮੀ ਬੰਗਾਲ ਤੇ ਤਾਮਿਲਨਾਡੂ ’ਚ ਵੀ ਵੱਡੀ ਜਿੱਤ ਹਾਸਲ ਕਰਾਂਗੇ ਜਿੱਥੇ ਅਗਲੇ ਸਾਲ ਚੋਣਾਂ ਹੋਣੀਆਂ ਹਨ।
ਅਮਿਤ ਸ਼ਾਹ ਨੇ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ ਇਹ ਭਾਜਪਾ ਲਈ ਲਗਾਤਾਰ ਜਿੱਤ ਦਾ ਦੌਰ ਰਿਹਾ ਹੈ। ਪਿੱਛਲੇ ਸਾਲ ਦੀਆਂ ਲੋਕ ਸਭਾ ਚੋਣਾਂ ’ਚ ਸਾਡੇ ਨੇਤਾ ਨਰਿੰਦਰ ਭਾਈ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ। ਕਈ ਦਹਾਕਿਆਂ ਬਾਅਦ ਉਨ੍ਹਾਂ ਇਕ ਰਿਕਾਰਡ ਕਾਇਮ ਕੀਤਾ।
ਸ਼ਾਹ ਨੇ ਕਿਹਾ ਕਿ ਮਹਾਰਾਸ਼ਟਰ, ਹਰਿਆਣਾ, ਦਿੱਲੀ ਤੇ ਹੁਣ ਬਿਹਾਰ ’ਚ ਕਾਂਗਰਸ ਦਾ ਸਫਾਇਆ ਹੋ ਗਿਆ ਹੈ। ਉਨ੍ਹਾਂ ਵੋਟਰ ਸੂਚੀਆਂ ਤੇ ਈ. ਵੀ. ਐੱਮ. ਬਾਰੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਬੇਬੁਨਿਆਦ ਦਸਦਿਆਂ ਕਿਹਾ ਕਿ ਭਾਜਪਾ ਤੇ ਰਾਜਗ ਦੇ ਸਹਿਯੋਗੀਆਂ ਨੇ ਬਿਹਾਰ ’ਚ ਦੋ-ਤਿਹਾਈ ਬਹੁਮਤ ਨਾਲ ਸਰਕਾਰ ਬਣਾਈ ਪਰ ਰਾਹੁਲ ਗਾਂਧੀ ਈ. ਵੀ. ਐੱਮ. ਤੇ ਵੋਟਰ ਸੂਚੀਆਂ ’ਚ ਨੁਕਸ ਲੱਭ ਰਹੇ ਹਨ।
ਡੋਡਾ ’ਚ ਅੱਤਵਾਦੀ ਟਿਕਾਣੇ ਦਾ ਲੱਗਾ ਪਤਾ, ਗੋਲਾ-ਬਾਰੂਦ ਬਰਾਮਦ
NEXT STORY