ਨਰਸੰਨਾਪੇਟਾ (ਆਂਧਰਾ ਪ੍ਰਦੇਸ਼): ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਸੂਬੇ ਦੀ ਘਟ ਰਹੀ ਆਬਾਦੀ ਦੀ ਦਰ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਅਹਿਮ ਐਲਾਨ ਕੀਤਾ ਹੈ। ਸ਼ਨੀਵਾਰ ਨੂੰ ਸ਼੍ਰੀਕਾਕੁਲਮ ਜ਼ਿਲ੍ਹੇ ਦੇ ਨਰਸੰਨਾਪੇਟਾ ਵਿੱਚ ਇੱਕ ਜਨਤਕ ਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਤੀਜੇ ਬੱਚੇ ਦੇ ਜਨਮ 'ਤੇ 30,000 ਰੁਪਏ ਅਤੇ ਚੌਥੇ ਬੱਚੇ ਦੇ ਜਨਮ 'ਤੇ 40,000 ਰੁਪਏ ਦੀ ਨਕਦ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ।
ਮੁੱਖ ਮੰਤਰੀ ਨਾਇਡੂ ਨੇ ਸਪੱਸ਼ਟ ਕੀਤਾ ਕਿ ਸਰਕਾਰ ਨੇ ਇਹ ਫੈਸਲਾ ਲੈ ਲਿਆ ਹੈ ਅਤੇ ਅਗਲੇ ਇੱਕ ਮਹੀਨੇ ਦੇ ਅੰਦਰ ਇਸ ਬਾਰੇ ਵਿਸਤ੍ਰਿਤ ਵੇਰਵੇ ਜਾਰੀ ਕਰ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਦੂਜੇ ਬੱਚੇ ਦੇ ਜਨਮ 'ਤੇ 25,000 ਰੁਪਏ ਦੇਣ ਦੀ ਤਜਵੀਜ਼ ਰੱਖੀ ਸੀ, ਪਰ ਹੁਣ ਇਸ ਲਾਭ ਨੂੰ ਵਧਾ ਕੇ ਤੀਜੇ ਅਤੇ ਚੌਥੇ ਬੱਚੇ ਤੱਕ ਕਰ ਦਿੱਤਾ ਗਿਆ ਹੈ।
ਆਬਾਦੀ ਵਧਾਉਣ 'ਤੇ ਜ਼ੋਰ ਕਿਉਂ?
ਕਦੇ ਆਬਾਦੀ ਕੰਟਰੋਲ ਦੇ ਹਾਮੀ ਰਹੇ ਨਾਇਡੂ ਨੇ ਹੁਣ ਸਮਾਜ ਨੂੰ ਜਨਮ ਦਰ ਵਧਾਉਣ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਸੂਬੇ ਦੀ ਆਬਾਦੀ ਵਧਣ ਦੀ ਦਰ ਲਗਾਤਾਰ ਘਟ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਜੋੜੇ ਸਿਰਫ਼ ਇੱਕ ਬੱਚਾ ਪੈਦਾ ਕਰਨ ਨੂੰ ਤਰਜੀਹ ਦੇ ਰਹੇ ਹਨ, ਜਦਕਿ ਕੁਝ ਦੂਜਾ ਬੱਚਾ ਉਦੋਂ ਹੀ ਚਾਹੁੰਦੇ ਹਨ ਜੇਕਰ ਪਹਿਲਾ ਬੱਚਾ ਲੜਕਾ ਨਾ ਹੋਵੇ।
ਨਾਇਡੂ ਨੇ ਚਿਤਾਵਨੀ ਦਿੱਤੀ ਕਿ ਘਟਦੀ ਆਬਾਦੀ ਅਤੇ ਬਜ਼ੁਰਗ ਹੁੰਦਾ ਸਮਾਜ ਆਰਥਿਕਤਾ 'ਤੇ ਮਾੜਾ ਅਸਰ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਸਥਿਰ ਆਬਾਦੀ ਲਈ ਔਸਤਨ ਪ੍ਰਜਨਨ ਦਰ (TFR) 2.1 ਹੋਣੀ ਲਾਜ਼ਮੀ ਹੈ, ਜਿਸ ਨੂੰ ਬਰਕਰਾਰ ਰੱਖਣ ਲਈ ਇਹ ਕਦਮ ਚੁੱਕੇ ਜਾ ਰਹੇ ਹਨ।
ਬੱਚੇ ਸੰਪਤੀ ਹਨ, ਨਾ ਕਿ ਬੋਝ
ਨਾਇਡੂ ਨੇ ਉਨ੍ਹਾਂ ਧਾਰਨਾਵਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਜਿਨ੍ਹਾਂ ਵਿੱਚ ਬੱਚਿਆਂ ਨੂੰ ਬੋਝ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚੇ ਦੇਸ਼ ਦੀ ਸੰਪਤੀ (Asset) ਹਨ ਅਤੇ ਉਹ ਇਸ ਗੱਲ ਨੂੰ ਸਾਬਤ ਕਰਕੇ ਦਿਖਾਉਣਗੇ। ਸੂਬੇ ਦੇ ਸਿਹਤ ਮੰਤਰੀ ਸਤਿਆ ਕੁਮਾਰ ਯਾਦਵ ਨੇ ਵੀ ਇਸ ਫੈਸਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਰਕਾਰ ਪਰਿਵਾਰਾਂ ਨੂੰ ਤੀਜੇ ਬੱਚੇ ਅਤੇ ਉਸ ਤੋਂ ਬਾਅਦ ਵੀ ਪ੍ਰੋਤਸਾਹਨ ਦੇਣ ਲਈ ਵਚਨਬੱਧ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Road Accident : ਪੁਰਵਾਂਚਲ ਐਕਸਪ੍ਰੈਸ-ਵੇਅ 'ਤੇ 5 ਲੋਕਾਂ ਦੀ ਦਰਦਨਾਕ ਮੌਤ, ਪੈ ਗਿਆ ਚੀਕ-ਚਿਹਾੜਾ
NEXT STORY