ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਜਨਤਕ ਸਿਹਤ ਦੇ ਮੱਦੇਨਜ਼ਰ ਇੱਕ ਵੱਡਾ ਫੈਸਲਾ ਲੈਂਦਿਆਂ ਸੂਬੇ ਵਿੱਚ ਐਨਾਲਾਗ ਪਨੀਰ, ਕਰੀਮ, ਘਿਓ, ਛੈਣਾ ਤੇ ਖੋਆ ਬਣਾਉਣ ਤੇ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਦੇ ਇਸ ਆਦੇਸ਼ ਤੋਂ ਬਾਅਦ ਖਾਣ-ਪੀਣ ਦੀਆਂ ਵਸਤੂਆਂ ਦਾ ਕਾਰੋਬਾਰ ਕਰਨ ਵਾਲਿਆਂ ਵਿੱਚ ਹੜਕੰਪ ਮਚ ਗਿਆ ਹੈ। ਸੂਬਾ ਸਰਕਾਰ ਅਨੁਸਾਰ ਯੂਪੀ ਦੇ ਕਈ ਜ਼ਿਲ੍ਹਿਆਂ ਵਿੱਚ ਕੀਤੇ ਗਏ ਨਿਰੀਖਣ ਦੌਰਾਨ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਵਿੱਚ ਭਾਰੀ ਮਿਲਾਵਟ ਪਾਈ ਗਈ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਇਨ੍ਹਾਂ ਉਤਪਾਦਾਂ ਨੂੰ ਬਣਾਉਣ ਲਈ ਰਿਫਾਇੰਡ ਤੇਲ, ਸੋਇਆਬੀਨ ਉਤਪਾਦ, ਟੈਲਕਮ ਪਾਊਡਰ, ਡਿਟਰਜੈਂਟ, ਟਾਈਟੇਨੀਅਮ ਡਾਈਆਕਸਾਈਡ, ਲਿਕਵਿਡ ਗਲੂਕੋਜ਼ ਅਤੇ ਹਾਈਡ੍ਰੋਜਨ ਪਰਆਕਸਾਈਡ ਵਰਗੇ ਹਾਨੀਕਾਰਕ ਰਸਾਇਣਾਂ ਦੀ ਵਰਤੋਂ ਕੀਤੀ ਜਾ ਰਹੀ ਸੀ। ਖੁਰਾਕ ਸੁਰੱਖਿਆ ਕਮਿਸ਼ਨਰ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੇ ਮਿਲਾਵਟੀ ਉਤਪਾਦ ਸਿਹਤ ਲਈ ਬਹੁਤ ਖਤਰਨਾਕ ਹਨ ਅਤੇ ਇਨ੍ਹਾਂ 'ਤੇ ਰੋਕ ਲਗਾਉਣਾ ਜ਼ਰੂਰੀ ਹੈ।
ਖੁਰਾਕ ਸੁਰੱਖਿਆ ਅਤੇ ਮਾਪਦੰਡ ਐਕਟ, 2006 ਦੇ ਅਨੁਸਾਰ ਦੁੱਧ ਅਤੇ ਦੁੱਧ ਦੇ ਉਤਪਾਦਾਂ ਦਾ ਨਿਰਮਾਣ ਉਨ੍ਹਾਂ ਦੇ ਮੂਲ ਰੂਪ ਵਿੱਚ ਹੀ ਕੀਤਾ ਜਾਣਾ ਚਾਹੀਦਾ ਹੈ।
ਸਰਕਾਰ ਨੇ ਨਵੇਂ ਨਿਰਦੇਸ਼ਾਂ ਤਹਿਤ ਹੇਠ ਲਿਖੀਆਂ ਕਾਰਵਾਈਆਂ ਦਾ ਐਲਾਨ ਕੀਤਾ ਹੈ ਕਿ ਜੇਕਰ ਕਿਸੇ ਵੀ ਡੇਰੀ ਜਾਂ ਫਰਮ ਵਿੱਚ ਹਾਨੀਕਾਰਕ ਰਸਾਇਣ ਜਾਂ ਅਸ਼ੁੱਧੀਆਂ ਪਾਈਆਂ ਜਾਂਦੀਆਂ ਹਨ, ਤਾਂ ਉੱਥੇ ਮੌਜੂਦ ਸਾਰਾ ਸਾਮਾਨ ਜ਼ਬਤ ਕਰਕੇ ਨਸ਼ਟ ਕਰ ਦਿੱਤਾ ਜਾਵੇਗਾ। ਅਜਿਹੇ ਅਦਾਰਿਆਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦੇ ਹੁਕਮ ਦਿੱਤੇ ਜਾਣਗੇ ਤੇ ਮਾਲਕਾਂ ਵਿਰੁੱਧ BNS (ਭਾਰਤੀ ਨਿਆਂ ਸੰਹਿਤਾ) ਦੀਆਂ ਸਬੰਧਤ ਧਾਰਾਵਾਂ ਤਹਿਤ FIR ਦਰਜ ਕੀਤੀ ਜਾਵੇਗੀ। ਮਿਲਾਵਟਖੋਰ ਫਰਮਾਂ ਦੇ ਫੂਡ ਲਾਇਸੰਸ ਤੁਰੰਤ ਰੱਦ ਕੀਤੇ ਜਾਣਗੇ ਤੇ ਉਸ ਬ੍ਰਾਂਡ ਦੀ ਵਿਕਰੀ 'ਤੇ ਪੂਰੇ ਸੂਬੇ ਵਿੱਚ ਪਾਬੰਦੀ ਲਗਾਈ ਜਾਵੇਗੀ। ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਤੋਂ ਪਹਿਲਾਂ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਵਰਗੇ ਸੂਬਿਆਂ ਵਿੱਚ ਵੀ 'ਐਨਾਲਾਗ ਪਨੀਰ' 'ਤੇ ਪਾਬੰਦੀ ਲਗਾਉਣ ਦੇ ਕਦਮ ਚੁੱਕੇ ਜਾ ਚੁੱਕੇ ਹਨ।
ਕੀ ਹੁੰਦਾ ਹੈ ਐਨਾਲਾਗ ਪਨੀਰ
ਐਨਾਲਾਗ ਪਨੀਰ ਅਸਲ ਜਾਂ ਕੁਦਰਤੀ ਪਨੀਰ ਨਹੀਂ ਹੁੰਦਾ, ਸਗੋਂ ਇਹ ਪਨੀਰ ਵਰਗਾ ਦਿਖਣ ਅਤੇ ਸਵਾਦ ਦੇਣ ਵਾਲਾ ਇੱਕ ਨਕਲੀ/ਨਕਲ ਉਤਪਾਦ ਹੈ। ਇਸ ਨੂੰ ਦੁੱਧ ਤੋਂ ਸਿੱਧਾ ਤਿਆਰ ਕਰਨ ਦੀ ਬਜਾਏ ਵੱਖ-ਵੱਖ ਵੈਜੀਟੇਬਲ ਓਇਲ (ਸਬਜ਼ੀਆਂ ਦੇ ਤੇਲ) ਅਤੇ ਕੈਮੀਕਲ ਪ੍ਰੋਟੀਨਾਂ ਨੂੰ ਮਿਲਾ ਕੇ ਕਾਰਖਾਨਿਆਂ ਵਿੱਚ ਬਣਾਇਆ ਜਾਂਦਾ ਹੈ।
ਐਨਾਲਾਗ ਪਨੀਰ ਕਿਸ ਤੋਂ ਬਣਦਾ ਹੈ?
ਕੁਦਰਤੀ ਪਨੀਰ ਬਣਾਉਣ ਲਈ ਦੁੱਧ ਨੂੰ ਫਾੜਿਆ ਜਾਂਦਾ ਹੈ, ਪਰ ਐਨਾਲਾਗ ਪਨੀਰ ਬਣਾਉਣ ਲਈ ਹੇਠ ਲਿਖੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ:
-ਪਾਮ ਆਇਲ ਜਾਂ ਬਨਸਪਤੀ ਘਿਓ: ਦੁੱਧ ਦੀ ਫੈਟ ਦੀ ਜਗ੍ਹਾ 'ਤੇ ਸਸਤੇ ਵੈਜੀਟੇਬਲ ਓਇਲ ਦੀ ਵਰਤੋਂ ਕੀਤੀ ਜਾਂਦੀ ਹੈ।
-ਸਟਾਰਚ: ਆਲੂ ਜਾਂ ਮੱਕੀ ਦਾ ਸਟਾਰਚ ਜੋ ਇਸ ਨੂੰ ਗਾੜ੍ਹਾ ਅਤੇ ਠੋਸ ਬਣਾਉਂਦਾ ਹੈ।
-ਕੈਸੀਨ ਪ੍ਰੋਟੀਨ : ਦੁੱਧ ਤੋਂ ਵੱਖ ਕੀਤਾ ਗਿਆ ਸੁੱਕਾ ਪ੍ਰੋਟੀਨ ਪਾਊਡਰ।
-ਫਲੇਵਰ ਅਤੇ ਕਲਰ: ਪਨੀਰ ਵਰਗਾ ਸਵਾਦ ਅਤੇ ਰੰਗ ਦੇਣ ਲਈ ਆਰਟੀਫਿਸ਼ੀਅਲ ਫਲੇਵਰਅਤੇ ਰਸਾਇਣ।
ਕਿਸ਼ਤਵਾੜ 'ਚ ਭਿਆਨਕ ਹਾਦਸਾ : ਡੂੰਘੀ ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ SUV, 5 ਦੀ ਮੌਤ
NEXT STORY