ਜੈਪੁਰ - ਅਮੂਲ ਅਤੇ ਮਦਰ ਡੇਅਰੀ ਤੋਂ ਬਾਅਦ ਹੁਣ ਰਾਜਸਥਾਨ ਦੀ ਸਰਸ ਡੇਅਰੀ ਨੇ ਵੀ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਜੈਪੁਰ ਜ਼ਿਲ੍ਹਾ ਦੁੱਧ ਉਤਪਾਦਕ ਸਹਿਕਾਰੀ ਸੰਘ ਲਿਮਟਿਡ (ਜੈਪੁਰ ਡੇਅਰੀ) ਵੱਲੋਂ ਲਏ ਗਏ ਇਸ ਫੈਸਲੇ ਅਨੁਸਾਰ, ਨਵੀਆਂ ਦਰਾਂ 21 ਮਈ 2026, ਵੀਰਵਾਰ ਦੀ ਸ਼ਾਮ ਤੋਂ ਲਾਗੂ ਹੋ ਜਾਣਗੀਆਂ।
ਕਿਉਂ ਵਧੀਆਂ ਕੀਮਤਾਂ?
ਡੇਅਰੀ ਪ੍ਰਬੰਧਕਾਂ ਅਨੁਸਾਰ, ਡੀਜ਼ਲ, ਬਿਜਲੀ, ਟ੍ਰਾਂਸਪੋਰਟੇਸ਼ਨ ਅਤੇ ਪੈਕੇਜਿੰਗ ਸਮੱਗਰੀ ਦੀਆਂ ਵਧਦੀਆਂ ਕੀਮਤਾਂ ਕਾਰਨ ਸੰਚਾਲਨ ਲਾਗਤ ਕਾਫੀ ਵਧ ਗਈ ਹੈ। ਇਸ ਤੋਂ ਇਲਾਵਾ, ਭਿਆਨਕ ਗਰਮੀ ਦੌਰਾਨ ਦੁੱਧ ਦੀ ਸਪਲਾਈ ਬਰਕਰਾਰ ਰੱਖਣ ਅਤੇ ਪਸ਼ੂ ਪਾਲਕਾਂ ਨੂੰ ਰਾਹਤ ਦੇਣ ਲਈ ਇਹ ਕਦਮ ਚੁੱਕਿਆ ਗਿਆ ਹੈ। ਦੁੱਧ ਦੇ ਨਾਲ-ਨਾਲ ਦਹੀ, ਲੱਸੀ, ਪਨੀਰ ਅਤੇ ਛਾਛ ਦੀਆਂ ਕੀਮਤਾਂ 'ਚ ਵੀ ਮਾਮੂਲੀ ਵਾਧਾ ਕੀਤਾ ਗਿਆ ਹੈ।
ਸਰਸ ਦੁੱਧ ਦੀ ਨਵੀਂ ਰੇਟ ਲਿਸਟ (ਪ੍ਰਤੀ ਲੀਟਰ) :-
ਸਰਸ ਗੋਲਡ - 70 ਰੁਪਏ
ਸਰਸ ਤਾਜ਼ਾ (ਟੋਂਡ) - 56 ਰੁਪਏ
ਸਰਸ ਸ਼ਕਤੀ (ਸਟੈਂਡਰਡ) - 62 ਰੁਪਏ
ਸਰਸ ਸਮਾਰਟ (ਡੀ.ਟੀ.ਐਮ.) - 48 ਰੁਪਏ
ਪਸ਼ੂ ਪਾਲਕਾਂ ਨੂੰ ਮਿਲੇਗਾ ਫਾਇਦਾ
ਗਰਮੀ ਦੇ ਮੌਸਮ 'ਚ ਪਸ਼ੂਆਂ ਦੇ ਰੱਖ-ਰਖਾਅ ਅਤੇ ਚਾਰੇ ਦੇ ਵਧੇ ਖਰਚਿਆਂ ਨੂੰ ਦੇਖਦੇ ਹੋਏ, ਜੈਪੁਰ ਡੇਅਰੀ ਨੇ ਦੁੱਧ ਖਰੀਦ ਮੁੱਲ 'ਚ ਵੀ ਵਾਧਾ ਕੀਤਾ ਹੈ। ਹੁਣ ਪਸ਼ੂ ਪਾਲਕਾਂ ਨੂੰ 850 ਰੁਪਏ ਦੀ ਬਜਾਏ 875 ਰੁਪਏ ਪ੍ਰਤੀ ਕਿਲੋ ਫੈਟ ਦੀ ਦਰ ਨਾਲ ਭੁਗਤਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਮੁੱਖ ਮੰਤਰੀ ਦੁੱਧ ਉਤਪਾਦਕ ਸੰਬਲ ਯੋਜਨਾ ਤਹਿਤ ਮਿਲਣ ਵਾਲੀ 5 ਰੁਪਏ ਪ੍ਰਤੀ ਲੀਟਰ ਦੀ ਸਬਸਿਡੀ ਪਹਿਲਾਂ ਵਾਂਗ ਜਾਰੀ ਰਹੇਗੀ।
ਇਸ ਫੈਸਲੇ ਨਾਲ ਜੈਪੁਰ, ਕੋਟਪੂਤਲੀ ਅਤੇ ਦੌਸਾ ਜ਼ਿਲ੍ਹਿਆਂ ਦੇ ਲੱਖਾਂ ਦੁੱਧ ਉਤਪਾਦਕਾਂ ਨੂੰ ਹਰ ਮਹੀਨੇ ਲਗਭਗ 6 ਕਰੋੜ ਰੁਪਏ ਦਾ ਵਾਧੂ ਭੁਗਤਾਨ ਹੋਵੇਗਾ।
ਫਲਤਾ ਹਲਕੇ 'ਚ ਅੱਜ ਫਿਰ ਹੋ ਰਹੀ ਵੋਟਿੰਗ, ਸੁਰੱਖਿਆ ਬਲਾਂ ਨੇ ਸੰਭਾਲਿਆ ਮੋਰਚਾ, ਜਾਣੋ ਕੀ ਨੇ ਹਾਲਾਤ
NEXT STORY