ਨਵੀਂ ਦਿੱਲੀ– ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ ’ਚ ਆਮ ਆਦਮੀ ਪਾਰਟੀ ਖੁਲ੍ਹ ਕੇ ਸਾਹਮਣੇ ਆ ਗਈ ਹੈ। ਦਰਅਸਲ, ਅੱਜ ਯਾਨੀ ਸ਼ੁੱਕਰਵਾਰ ਨੂੰ ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਕਿਸਾਨਾਂ ਨੂੰ ਮਿਲਣ ਗਾਜ਼ੀਪੁਰ ਸਰਹੱਦ ਪਹੁੰਚੇ। ਅੰਦੋਲਨ ਵਾਲੀ ਥਾਂ ’ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਕਿਸਾਨ ਆਗੂਆਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪਾਣੀ, ਬਿਜਲੀ ਅਤੇ ਟਾਇਲੇਟਸ ਦੀ ਸੁਵਿਧਾ ਲਈ ਅਪੀਲ ਕੀਤੀ ਸੀ। ਰਾਤ ਨੂੰ ਹੀ ਇਥੇ ਵਿਵਸਥਾ ਕਰ ਦਿੱਤੀ ਗਈ ਸੀ। ਮੈਂ ਸਥਿਤੀ ਦਾ ਜਾਇਜ਼ਾ ਲੈਣ ਆਇਆ ਹਾਂ ਕਿ ਕਿਸਾਨਾਂ ਨੂੰ ਕਿਤੇ ਕੋਈ ਸਮੱਸਿਆ ਤਾਂ ਨਹੀਂ ਆ ਰਹੀ।
ਜੈਨ ਅਤੇ ਚੱਡਾ ਪਹੁੰਚੇ ਸਿੰਘੂ ਸਰਹੱਦ
ਸਿਸੋਦੀਆ ਤੋਂ ਬਾਅਦ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਅਤੇ ਦਿੱਲੀ ਜਲ ਬੋਰਡ ਦੇ ਉਪ ਪ੍ਰਧਾਨ ਰਾਘਵ ਚੱਡਾ ਨੇ ਸਿੰਘੂ ਸਰਹੱਦ ਜਾ ਕੇ ਕਿਸਾਨਾਂ ਲਈ ਕੀਤੀਆਂ ਵਿਵਸਥਾਵਾਂ ਦਾ ਜਾਇਜ਼ਾ ਲਿਆ। ਇੰਨਾ ਹੀ ਨਹੀਂ ਰਾਘਵ ਚੱਡਾ ਆਪਣੇ ਨਾਲ ਕਿਸਾਨਾਂ ਲਈ ਪਾਣੀ ਦਾ ਟੈਂਕਰ ਵੀ ਲੈ ਕੇ ਪਹੁੰਚੇ ਪਰ ਦਿੱਲੀ ਪੁਲਸ ਨੇ ਉਨ੍ਹਾਂ ਨੂੰ ਰਸਤੇ ’ਚ ਹੀ ਰੋਕ ਲਿਆ। ਰਾਘਵ ਚੱਡਾ ਨੇ ਦੱਸਿਆ ਕਿ ਅੱਜ ਭਾਜਪਾ ਦੀ ਸਰਕਾਰ ਅੰਨਦਾਤਾ ਤਕ ਬੁਨਿਆਦੀ ਸਹੂਲਤਾਂ ਨਹੀਂ ਪਹੁੰਚਣ ਦੇ ਰਹੀ। ਉਥੇ ਹੀ ਇਸ ਤੋਂ ਪਹਿਲਾਂ ਕੇਜਰੀਵਾਲ ਨੇ ਟਵੀਟ ਕਰਕੇ ਲਿਖਿਆ ਸੀ ਕਿ ਅਸੀਂ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹਾਂ। ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨਾ, ਕਿਸਾਨਾਂ ਨੂੰ ਦੇਸ਼ਧਰੋਹੀ ਕਹਿਣਾ ਅਤੇ ਇੰਨੇ ਦਿਨਾਂ ਤੋਂ ਸ਼ਾਂਤੀ ਨਾਲ ਅੰਦੋਲਨ ਕਰ ਰਹੇ ਕਿਸਾਨ ਆਗੂਆਂ ’ਤੇ ਝੂਠੇ ਕੇਸ ਕਰਨਾ ਬਿਲਕੁਲ ਗਲਤ ਹੈ।
ਸਿਸੋਦੀਆਂ ਨੇ ਬੀ.ਜੇ.ਪੀ. ’ਤੇ ਵਿੰਨ੍ਹਿਆ ਨਿਸ਼ਾਨਾ
ਗਾਜ਼ੀਪੁਰ ਸਰਹੱਦ ਜਾਣ ਤੋਂ ਪਹਿਲਾਂ ਸਿਸੋਦੀਆ ਨੇ ਬੀ.ਜੇ.ਪੀ. ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਸੀ ਕਿ ਕਾਰ ਨਾਲ ਟਿੱਡ ਨਹੀਂ ਭਰਦਾ। ਸਿਸੋਦੀਆ ਨੇ ਆਪਣੀ ਟਵੀਟ ’ਚ ਲਿਖਿਆ ਕਿ ਭਾਜਪਾਈਓ! ਤੁਸੀਂ ਅੰਦੋਲਨ ਕਰ ਰਹੇ ਕਿਸਾਨਾਂ ਦਾ ਇੰਟਰਨੈੱਟ ਬੰਦ ਕਰ ਦਿੰਦੇ ਹੋ, ਬਿਜਲੀ-ਪਾਣੀ ਬੰਦ ਕਰ ਦਿੰਦੇ ਹੋ, ਆਉਣ ਦਾ ਰਸਤਾ ਬੰਦ ਕਰ ਦਿੰਦੇ ਹੋ... ਕਿਸਾਨਾਂ ਨੇ ਜੇਕਰ ਇਕ ਮੌਸਮ ਲਈ ਵੀ ਕਿਸਾਨੀ ਬੰਦ ਕਰ ਦਿੱਤੀ ਨਾ ਤੁਹਾਡੇ ਸਾਹ ਬੰਦ ਹੋ ਜਾਣਗੇ। ਆਪਣੇ ਨੇਤਾਵਾਂ ਨੂੰ ਸਮਝਾਓ, ਹੰਕਾਰ ਨਾਲ ਟਿੱਡ ਨਹੀਂ ਭਰਦਾ।
ਸਿੰਘੂ ਸਰਹੱਦ ’ਤੇ ਹੰਗਾਮਾ, ਪੁਲਸ ਨੇ ਚਲਾਏ ਹੰਝੂ ਗੈਸ ਦੇ ਗੋਲੇ
NEXT STORY