ਮੱਧ ਪ੍ਰਦੇਸ਼/ਚੰਡੀਗੜ੍ਹ/ਜਲੰਧਰ (ਰਮਨਜੀਤ, ਧਵਨ)- ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਫੈਸਲਾਕੁੰਨ ਜੰਗ ਦੇ ਹਿੱਸੇ ਵਜੋਂ ਪੰਜਾਬ ਪੁਲਸ ਨੇ ਖੁਫ਼ੀਆ ਜਾਣਕਾਰੀ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਵੱਡੇ ਪੱਧਰ ’ਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਮੱਧ ਪ੍ਰਦੇਸ਼ ਦੇ ਅੰਤਰਰਾਜੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ।
ਪੁਲਸ ਨੇ ਪੰਜਾਬ ਵਿਚ ਹਥਿਆਰ ਬਰਾਮਦਗੀ ਦੇ ਇਕ ਮਾਮਲੇ ਦੀ ਜਾਂਚ ਦੌਰਾਨ ਮੱਧ ਪ੍ਰਦੇਸ਼ ਦੇ ਅੰਤਰਰਾਜੀ ਮਾਡਿਊਲ ਦਾ ਪਤਾ ਲਗਾਇਆ ਅਤੇ ਫਿਰ ਇਹ ਕਾਰਵਾਈ ਕੀਤੀ ਗਈ। ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਉਕਤ ਅਸਲਾ ਸਪਲਾਇਰ ਵੱਡੇ ਪੱਧਰ ’ਤੇ ਗੈਰ-ਕਾਨੂੰਨੀ ਹਥਿਆਰ ਬਣਾਉਣ ਅਤੇ ਮੱਧ ਪ੍ਰਦੇਸ਼ ਤੋਂ ਪੰਜਾਬ ਅਤੇ ਹੋਰ ਰਾਜਾਂ ਨੂੰ ਹਥਿਆਰ ਸਪਲਾਈ ਕਰਨ ਵਿਚ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ, ਉਸ ਕਾਰਵਾਈ ਤੋਂ ਤਿੰਨ ਹਫਤਿਆਂ ਬਾਅਦ ਸਾਹਮਣੇ ਆਈ ਹੈ, ਜਦੋਂ ਸੀ.ਆਈ. ਅੰਮ੍ਰਿਤਸਰ ਯੂਨਿਟ ਨੇ ਬੜੇ ਜ਼ੋਰਦਾਰ ਤੇ ਮੁਸਤੈਦ ਫਾਲੋ-ਅਪ ਆਪਰੇਸ਼ਨ ਤਹਿਤ ਅੰਮ੍ਰਿਤਸਰ ਦੀ ਰੇਲਵੇ ਕਰਾਸਿੰਗ ਵੱਲਾ ਮੰਡੀ ਤੋਂ ਦੋ ਵਿਅਕਤੀਆਂ ਨੂੰ ਚਾਰ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਪੁਲਸ ਥਾਣਾ ਐੱਸ. ਐੱਸ. ਓ. ਸੀ., ਅੰਮ੍ਰਿਤਸਰ ਵਿਚ ਐੱਫ.ਆਈ.ਆਰ. 10 ਅਗਸਤ 2022 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਕੁਝ ਪਿਛਲੀਆਂ ਅਤੇ ਅਗਲੇਰੀਆਂ ਕੜੀਆਂ ਨੂੰ ਘੋਖਦਿਆਂ ਇਹ ਗੱਲ ਸਾਹਮਣੇ ਆਈ ਹੈ ਕਿ ਬਰਾਮਦ ਕੀਤੇ ਗਏ ਹਥਿਆਰਾਂ ਦੀ ਸਪਲਾਈ ਇਕ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰ ਨਿਰਮਾਤਾ ਅਤੇ ਸਪਲਾਇਰ, ਜਿਸ ਦੇ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਬੁਰਹਾਨਪੁਰ ਨਾਲ ਸਬੰਧਤ ਹੋਣ ਦਾ ਸ਼ੱਕ ਹੈ, ਵਲੋਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਪੁਖ਼ਤਾ ਇਤਲਾਹ ਤੋਂ ਬਾਅਦ, ਇੰਸਪੈਕਟਰ ਇੰਦਰਦੀਪ ਸਿੰਘ ਦੀ ਅਗਵਾਈ ਵਿਚ ਸੀ. ਆਈ. ਅੰਮ੍ਰਿਤਸਰ ਦੀ 15 ਮੈਂਬਰੀ ਟੀਮ ਮੰਗਲਵਾਰ ਨੂੰ ਮੱਧ ਪ੍ਰਦੇਸ਼ ਲਈ ਰਵਾਨਾ ਕੀਤੀ ਗਈ ਸੀ ਅਤੇ ਟੀਮ ਵੀਰਵਾਰ ਨੂੰ ਹਥਿਆਰਾਂ ਦੇ ਇਨ੍ਹਾਂ ਦੋ ਸਪਲਾਇਰਾਂ ਦਾ ਪਤਾ ਲਗਾਉਣ ਅਤੇ ਇਨ੍ਹਾਂ ਨੂੰ ਕਾਬੂ ਕਰਨ ਵਿਚ ਕਾਮਯਾਬ ਰਹੀ। ਡੀ.ਜੀ.ਪੀ. ਨੇ ਕਿਹਾ ਕਿ ਆਪਰੇਸ਼ਨ ਅਜੇ ਵੀ ਜਾਰੀ ਹੈ ਅਤੇ ਹੋਰ ਹਥਿਆਰਾਂ ਦੀ ਬਰਾਮਦਗੀ ਦੀ ਵੱਡੀ ਸੰਭਾਵਨਾ ਹੈ।
ਕੇਜਰੀਵਾਲ ਦੀ ਗੁਜਰਾਤ ਭਾਜਪਾ ਵਰਕਰਾਂ ਨੂੰ ਅਪੀਲ- ਭਾਜਪਾ ਨਾ ਛੱਡੋ, ਉੱਥੇ ਰਹਿ ਕੇ 'ਆਪ' ਲਈ ਕੰਮ ਕਰੋ
NEXT STORY